5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ
ਗਾਜ਼ੀਪੁਰ/ਬਿਊਰੋ ਨਿਊਜ਼ : ਮੁਖਤਾਰ ਅੰਸਾਰੀ ਨੂੰ ਗੈਂਗਸਟਰ ਮਾਮਲੇ ’ਚ ਗਾਜ਼ੀਪੁਰ ਦੀ ਅਦਾਲਤ ਨੇ 10 ਸਾਲ ਦੀ ਸਜ਼ਾ ਸੁਣਾਈ ਜਦਕਿ ਉਨ੍ਹਾਂ ਦੇ ਭਰਾ ਅਤੇ ਬਸਪਾ ਦੇ ਸੰਸਦ ਮੈਂਬਰ ਅਫਜਾਲ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਹੈ। ਮੁਖਤਾਰ ਅੰਸਾਰੀ ਨੂੰ ਅਦਾਲਤ ਨੇ 5 ਲੱਖ ਅਤੇ ਅਫਜਾਲ ਨੂੰ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ। ਗੈਂਗਸਟਰ ਐਕਟ ਦਾ ਇਹ ਮਾਮਲਾ 2007 ’ਚ ਕ੍ਰਿਸ਼ਨਾਨੰਦ ਰਾਏ ਦੀ ਹੱਤਿਆ ਤੋਂ ਦੋ ਸਾਲ ਬਾਅਦ ਪੁਲਿਸ ਨੇ ਦਰਜ ਕੀਤਾ ਸੀ। ਇਹ ਕੇਸ ਰਾਏ ਦੀ ਹੱਤਿਆ ਤੋਂ ਬਾਅਦ ਹੋਈ ਅਗਜ਼ਨੀ ਅਤੇ ਕਾਰੋਬਾਰੀ ਨੰਦ ਕਿਸ਼ੋਰ ਰੂੰਗਟਾ ਦੇ ਅਗਵਾ ਅਤੇ ਹੱਤਿਆ ਨੂੰ ਆਧਾਰ ਬਣਾਉਂਦੇ ਹੋਏ ਪੁਲਿਸ ਨੇ ਮੁਖਤਾਰ ਅਤੇ ਅਫਜਾਲ ਖਿਲਾਫ ਦਰਜ ਕੀਤਾ ਸੀ। 16 ਸਾਲ ਬਾਅਦ ਗਾਜੀਪੁਰ ਦੀ ਅਦਾਲਤ ਨੇ ਇਸ ਮਾਮਲੇ ’ਚ ਆਪਣਾ ਫੈਸਲਾ ਸੁਣਾਇਆ ਹੈ। ਇਸ ਮਾਮਲੇ ’ਚ 15 ਅਪ੍ਰੈਲ ਨੂੰ ਫੈਸਲਾ ਆਉਣਾ ਸੀ ਪ੍ਰੰਤੂ ਜੱਜ ਦੇ ਛੁੱਟੀ ’ਤੇ ਚਲੇ ਜਾਣ ਕਾਰਨ ਸੁਣਵਾਈ ਟਲ ਗਈ ਸੀ ਅਤੇ ਅੱਜ ਇਸ ਮਾਮਲੇ ’ਚ ਫੈਸਲਾ ਸੁਣਾਇਆ ਗਿਆ ਹੈ। ਕੋਰਟ ਵੱਲੋਂ ਅੱਜ ਸੁਣਾਈ ਗਈ ਸਜ਼ਾ ਤੋਂ ਅਫਜਾਲੀ ਅੰਸਾਰੀ ਦੀ ਸੰਸਦ ਮੈਂਬਰ ਵਜੋਂ ਸੰਸਦ ਮੈਂਬਰਸ਼ਿਪ ਵੀ ਚਲੀ ਜਾਵੇਗੀ।