
ਵਾਂਗਚੁੱਕ ਬੋਲੇ : ਤਿੰਨ ਮੰਗਾਂ ’ਤੇ ਲਿਖਤੀ ਭਰੋਸਾ ਮਿਲਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਨੀਟ ਪੇਪਰ ਲੀਕ ਦੇ ਖਿਲਾਫ ਨਵੀਂ ਦਿੱਲੀ ਦੇ ਜੰਤਰ ਮੰਤਰ ’ਤੇ 27 ਦਿਨ ਤੋਂ ਭੁੱਖ ਹੜਤਾਲ ’ਤੇ ਬੈਠੇ ਸੋਨਮ ਵਾਂਗਚੁੱਕ ਨੇ ਲੰਘੇ ਵੀਰਵਾਰ ਦੇਰ ਰਾਤ ਨੂੰ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਜੇ.ਪੀ. ਨੱਢਾ ਅਤੇ ਜਿਤੇਂਦਰ ਸਿੰਘ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਪਹੁੰਚੇ, ਜਿੱਥੇ ਉਨ੍ਹਾਂ ਨੇ ਵਾਂਗਚੁੱਕ ਨੂੰ ਜੂਸ ਪਿਲਾ ਕੇ ਭੁੱਖ ਹੜਤਾਲ ਖਤਮ ਕਰਵਾਈ। ਜ਼ਿਕਰਯੋਗ ਹੈ ਕਿ ਵਾਂਗਚੁੱਕ ਦੀ ਖਰਾਬ ਹੁੰਦੀ ਜਾ ਰਹੀ ਸਿਹਤ ਨੂੰੂ ਦੇਖਦਿਆਂ ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾ ਦਿੱਤਾ ਗਿਆ ਸੀ। ਵਾਂਗਚੁੱਕ ਨੇ ਅੱਜ ਸ਼ੁੱਕਰਵਾਰ ਸਵੇਰੇ ਆਪਣੇ ਵੀਡੀਓ ਸੰਦੇਸ਼ ਵਿਚ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਸਰਕਾਰ ਨਾਲ ਉਨ੍ਹਾਂ ਦੀ ਗੱਲਬਾਤ ਚੱਲ ਰਹੀ ਸੀ। ਇਸ ਦੌਰਾਨ ਉਨ੍ਹਾਂ ਦੀਆਂ ਤਿੰਨ ਮੁੱਖ ਮੰਗਾਂ ’ਤੇ ਚਰਚਾ ਹੋਈ। ਵਾਂਗਚੁੱਕ ਨੇ ਕਿਹਾ ਕਿ ਸਰਕਾਰ ਵਲੋਂ ਇਨ੍ਹਾਂ ਮੰਗਾਂ ’ਤੇ ਲਿਖਤੀ ਭਰੋਸਾ ਮਿਲਣ ਤੋਂ ਬਾਅਦ ਹੀ ਉਨ੍ਹਾਂ ਨੇ ਭੁੱਖ ਹੜਤਾਲ ਖਤਮ ਕਰਨ ਦਾ ਫੈਸਲਾ ਲਿਆ। ਵਾਂਗਚੁੱਕ ਨੇ ਇਹ ਵੀ ਕਿਹਾ ਕਿ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ’ਤੇ ਸਰਕਾਰ ਨੇ ਕੋਈ ਭਰੋਸਾ ਨਹੀਂ ਦਿਵਾਇਆ ਹੈ। ਵਾਂਗਚੁੱਕ ਨੇ ਕਿਹਾ ਕਿ ਉਨ੍ਹਾਂ ਲਈ ਸਭ ਤੋਂ ਅਹਿਮ ਗੱਲ ਵਿਦਿਆਰਥੀਆਂ ’ਤੇ ਕਾਰਵਾਈ ਰੁਕਵਾਉਣੀ ਸੀ ਅਤੇ ਧਰਮੇਂਦਰ ਪ੍ਰਧਾਨ ਦਾ ਅਸਤੀਫਾ ਏਨਾ ਜ਼ਰੂਰੀ ਨਹੀਂ ਸੀ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਮੈਂ ਸੋਨਮ ਜੀ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਡਾਕਟਰਾਂ ਦੀ ਸਲਾਹ ਅਨੁਸਾਰ ਆਪਣੀ ਰੋਜ਼ਾਨਾ ਦੀ ਰੁਟੀਨ ਬਣਾਈ ਰੱਖਣ ਅਤੇ ਜਲਦੀ ਤੋਂ ਜਲਦੀ ਆਪਣਾ ਪੁਰਾਣਾ ਵਜ਼ਨ ਮੁੜ ਪ੍ਰਾਪਤ ਕਰਨ। ਪੀਐਮ ਮੋਦੀ ਨੇ ਕਿਹਾ ਕਿ ਮੈਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਸੋਨਮ ਜੀ ਸਿਹਤਮੰਦ ਰਹਿਣ।

