ਮੇਅਰ ਅਹੁਦੇ ਲਈ ‘ਆਪ’ ਅਤੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਲਈ ਕਾਂਗਰਸ ਉਤਾਰੇਗੀ ਉਮੀਦਵਾਰ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ’ਚ ਮੇਅਰ ਦੀ ਚੋਣ ਲਈ 18 ਜਨਵਰੀ ਨੂੰ ਹੋਣ ਵਾਲੀ ਚੋਣ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਕਾਫੀ ਵਧੀਆਂ ਹੋਈਆਂ ਹਨ। ਇਸਦੇ ਚੱਲਦਿਆਂ ਅੱਜ ਸੋਮਵਾਰ ਨੂੰ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਚੋਣ ਗਠਜੋੜ ਹੋ ਗਿਆ। ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪਵਨ ਬਾਂਸਲ ਨੇ ਇਸ ਸਬੰਧੀ ਐਲਾਨ ਕੀਤਾ ਹੈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਚੰਡੀਗੜ੍ਹ ਵਿਚ ਮੇਅਰ ਚੋਣ ਤੋਂ ਪਹਿਲਾਂ ਕਾਂਗਰਸ ਤੇ ‘ਆਪ’ ਦਾ ਗਠਜੋੜ ਹੋ ਗਿਆ ਹੈ। ਇਸ ਗਠਜੋੜ ਦੇ ਚੱਲਦਿਆਂ ਚੰਡੀਗੜ੍ਹ ’ਚ ਮੇਅਰ ਦੇ ਅਹੁਦੇ ਲਈ ਆਮ ਆਦਮੀ ਪਾਰਟੀ ਅਤੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਪਾਰਟੀ ਉਮੀਦਵਾਰ ਉਤਾਰੇਗੀ। ਧਿਆਨ ਰਹੇ ਕਿ ਚੰਡੀਗੜ੍ਹ ਵਿਚ ਇਸ ਸਮੇਂ ਮੇਅਰ ਦਾ ਅਹੁਦਾ ਭਾਰਤੀ ਜਨਤਾ ਪਾਰਟੀ ਕੋਲ ਹੈ ਅਤੇ ਆਉਂਦੇ ਦਿਨਾਂ ਵਿਚ ਇਹ ਅਹੁਦਾ ਆਮ ਆਦਮੀ ਪਾਰਟੀ ਕੋਲ ਜਾਣਾ ਤਕਰੀਬਨ ਯਕੀਨੀ ਹੀ ਹੈ।