Breaking News
Home / ਭਾਰਤ / ਲੋਕ ਸਭਾ ਚੋਣਾਂ ਲਈ ਦੇਸ਼ ‘ਚ ਹੋਣ ਲੱਗੀ ਮੋਰਚਾਬੰਦੀ ਤੇਜ਼

ਲੋਕ ਸਭਾ ਚੋਣਾਂ ਲਈ ਦੇਸ਼ ‘ਚ ਹੋਣ ਲੱਗੀ ਮੋਰਚਾਬੰਦੀ ਤੇਜ਼

ਨਰਿਦਰ ਮੋਦੀ ਨੂੰ ਹਰਾਉਣ ਲਈ 22 ਪਾਰਟੀਆਂ ਹੋਈਆਂ ਇਕੱਠੀਆਂ
ਕੋਲਕਾਤਾ : ਆਉਂਦੀਆਂ ਲੋਕ ਸਭਾ ਚੋਣਾਂ ਇਕੱਠਿਆਂ ਲੜਨ ਦਾ ਅਹਿਦ ਲੈਂਦਿਆਂ ਇਥੇ ਬ੍ਰਿਗੇਡ ਪਰੇਡ ਗਰਾਊਂਡ ਵਿਚ 22 ਵਿਰੋਧੀ ਪਾਰਟੀਆਂ ਦੇ ਆਗੂ ਇਕ ਮੰਚ ‘ਤੇ ਇਕੱਠੇ ਹੋਏ। ਆਗੂਆਂ ਨੇ ਸੱਦਾ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਤਾ ਤੋਂ ਲਾਂਭੇ ਕੀਤਾ ਜਾਵੇ।
ਤ੍ਰਿਣਮੂਲ ਕਾਂਗਰਸ ਆਗੂ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਕੀਤੀ ਗਈ ਵੱਡੀ ਰੈਲੀ ਵਿਚ ਵਿਰੋਧੀ ਧਿਰ ਨੇ ਇਕਜੁੱਟਤਾ ਦਿਖਾਈ।
ਮਮਤਾ ਬੈਨਰਜੀ ਨੇ ਸਭ ਤੋਂ ਅਖੀਰ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ”ਭਾਜਪਾ ਸਰਕਾਰ ਦੀ ਮਿਆਦ ਪੁੱਗ ਚੁੱਕੀ ਹੈ। ਦਿੱਲੀ ਮੇਂ ਸਰਕਾਰ ਬਦਲ ਦੋ।” ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਵਿਚ ਸਾਂਝੀ ਵਿਰੋਧੀ ਧਿਰ ਦੀ ਜਿੱਤ ਹੋਵੇਗੀ। ਮਮਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਹੁਦੇ ਦਾ ਮੁੱਦਾ ਕੋਈ ਸਮੱਸਿਆ ਨਹੀਂ ਹੈ। ਵੱਖ-ਵੱਖ ਆਗੂਆਂ ਨੇ ਪਾਰਟੀਆਂ ਵਿਚਕਾਰ ਮੱਤਭੇਦਾਂ ਨੂੰ ਦਰਕਿਨਾਰ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਅਹੁਦੇ ਦਾ ਮੁੱਦਾ ਚੋਣਾਂ ਮਗਰੋਂ ਵੀ ਨਿਬੇੜ ਸਕਦੇ ਹਨ। ਕੁਝ ਆਗੂਆਂ ਨੇ ਸੁਝਾਅ ਦਿੱਤਾ ਕਿ ਵਿਰੋਧੀ ਧਿਰ ਨੂੰ ਹਰੇਕ ਹਲਕੇ ਵਿਚ ਭਾਜਪਾ ਉਮੀਦਵਾਰ ਖ਼ਿਲਾਫ਼ ਇਕੋ ਸਾਂਝਾ ਉਮੀਦਵਾਰ ਖੜ੍ਹਾ ਕਰਨਾ ਚਾਹੀਦਾ ਹੈ। ਉਨ੍ਹਾਂ ਚੋਣਾਂ ਤੋਂ ਪਹਿਲਾਂ ਹੋਰ ਸਾਂਝੀਆਂ ਰੈਲੀਆਂ ਕਰਨ ਦਾ ਫ਼ੈਸਲਾ ਵੀ ਲਿਆ। ਅਗਲੀਆਂ ਰੈਲੀਆਂ ਦਿੱਲੀ ਅਤੇ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਅਮਰਾਵਤੀ ਵਿਚ ਹੋਣਗੀਆਂ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਕੋਲਕਾਤਾ ਰੈਲੀ ਵਿਚੋਂ ਗ਼ੈਰਹਾਜ਼ਰ ਰਹੇ। ਉਂਜ ਮਲਿਕਾਰਜੁਨ ਖੜਗੇ ਅਤੇ ਅਭਿਸ਼ੇਕ ਮਨੂੰ ਸਿੰਘਵੀ ਪਾਰਟੀ ਵੱਲੋਂ ਰੈਲੀ ਵਿਚ ਮੌਜੂਦ ਸਨ।
ਲੋਕ ਸਭਾ ‘ਚ ਪਾਰਟੀ ਦੇ ਆਗੂ ਖੜਗੇ ਨੇ ਆਪਣੇ ਸੰਬੋਧਨ ਦੌਰਾਨ ਸੋਨੀਆ ਗਾਂਧੀ ਦਾ ਸੁਨੇਹਾ ਪੜ੍ਹ ਕੇ ਸੁਣਾਇਆ ਅਤੇ ਰੈਲੀ ਦੀ ਸਫ਼ਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਰੈਲੀ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵਗੌੜਾ, ਕਰਨਾਟਕ ਦੇ ਮੁੱਖ ਮੰਤਰੀ ਐ ਡੀ ਕੁਮਾਰਾਸਵਾਮੀ (ਜਨਤਾ ਦਲ-ਸੈਕੁਲਰ), ਸ਼ਰਦ ਪਵਾਰ (ਐਨਸੀਪੀ), ਅਖਿਲੇਸ਼ ਯਾਦਵ (ਸਮਾਜਵਾਦੀ ਪਾਰਟੀ), ਫਾਰੂਕ ਅਬਦੁੱਲਾ, ਐਮ ਕੇ ਸਟਾਲਿਨ (ਡੀਐਮਕੇ), ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (ਆਪ), ਸ਼ਰਦ ਯਾਦਵ, ਅਰੁਣ ਸ਼ੌਰੀ, ਯਸ਼ਵੰਤ ਸਿਨਹਾ, ਭਾਜਪਾ ਦੇ ਬਾਗ਼ੀ ਆਗੂ ਸ਼ਤਰੂਘਣ ਸਿਨਹਾ ਅਤੇ ਹੋਰ ਆਗੂ ਵੀ ਮੰਚ ‘ਤੇ ਹਾਜ਼ਰ ਸਨ।
ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਕੋਲਕਾਤਾ ਨਹੀਂ ਆਈ ਪਰ ਪਾਰਟੀ ਦੇ ਜਨਰਲ ਸਕੱਤਰ ਸਤੀਸ਼ ਚੰਦਰਾ ਮਿਸ਼ਰਾ ਨੇ ਆਪਣੇ ਸੰਬੋਧਨ ਵਿਚ ਉੱਤਰ ਪ੍ਰਦੇਸ਼ ‘ਚ ਬਸਪਾ ਵੱਲੋਂ ਸਮਾਜਵਾਦੀ ਪਾਰਟੀ ਨਾਲ ਕੀਤੇ ਗਏ ਗਠਜੋੜ ਦਾ ਜ਼ਿਕਰ ਕੀਤਾ।

Check Also

ਭਾਰਤ ਦੇ 11 ਸੂਬਿਆਂ ’ਚ ਲੋਕ ਸਭਾ ਦੇ ਤੀਜੇ ਪੜਾਅ ਦੀਆਂ ਵੋਟਾਂ ਭਲਕੇ ਮੰਗਲਵਾਰ ਨੂੰ

93 ਸੀਟਾਂ ’ਤੇ ਪੈਣਗੀਆਂ ਵੋਟਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਲੋਕ ਸਭਾ ਚੋਣਾਂ ਦੇ ਤੀਜੇ …