Breaking News
Home / ਭਾਰਤ / ਮਾਮਲਾ ਪੰਚਕੂਲਾ ਦੰਗਿਆਂ ਦਾ

ਮਾਮਲਾ ਪੰਚਕੂਲਾ ਦੰਗਿਆਂ ਦਾ

ਹਨੀਪ੍ਰੀਤ ਅਦਾਲਤ ‘ਚ ਪੇਸ਼ – ਦੋਸ਼ ਹੋਏ ਤੈਅ
ਪੰਚਕੂਲਾ/ਬਿਊਰੋ ਨਿਊਜ਼ : 25 ਅਗਸਤ 2017 ਨੂੰ ਪੰਚਕੂਲਾ ਵਿਖੇ ਹੋਏ ਦੰਗਿਆਂ ਦੇ ਮਾਮਲੇ ਸਬੰਧੀ ਦਰਜ ਐਫ਼. ਆਈ. ਆਰ. ਨੰ: 345 ਸਬੰਧੀ ਸੁਣਵਾਈ ਪੰਚਕੂਲਾ ਦੇ ਸੀ. ਜੇ. ਐਮ. ਦੀ ਅਦਾਲਤ ਵਿਚ ਹੋਈ। ਸੁਣਵਾਈ ਦੇ ਚੱਲਦਿਆਂ ਡੇਰਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਸਮੇਤ ਹੋਰ ਮੁਲਜ਼ਮ ਅਦਾਲਤ ਵਿਚ ਪੇਸ਼ ਹੋਏ। ਅਦਾਲਤ ‘ਚ ਸਾਰੇ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ। ਹਨੀਪ੍ਰੀਤ ਸਮੇਤ ਬਾਕੀ ਸਾਰੇ ਮੁਲਜ਼ਮਾਂ ਖ਼ਿਲਾਫ਼ ਧਾਰਾ 145, 146, 150, 151, 152, 153 ਤੇ 120ਬੀ ਤਹਿਤ, ਜਦਕਿ 4 ਮੁਲਜ਼ਮਾਂ ਖ਼ਿਲਾਫ਼ ਇਨ੍ਹਾਂ ਧਾਰਾਵਾਂ ਦੇ ਨਾਲ-ਨਾਲ ਧਾਰਾ 216 ਤਹਿਤ ਦੋਸ਼ ਤੈਅ ਕੀਤੇ ਗਏ। ਮਾਮਲੇ ਦੀ ਅਗਲੀ ਸੁਣਵਾਈ ਹੁਣ 13 ਦਸੰਬਰ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ 25 ਅਗਸਤ 2017 ਨੂੰ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਲੋਂ ਰਾਮ ਰਹੀਮ ਨੂੰ ਸਾਧਵੀਆਂ ਦਾ ਸਰੀਰਕ ਸੋਸ਼ਣ ਕਰਨ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਭੜਕੇ ਦੰਗਿਆਂ ਦੌਰਾਨ ਕਰੀਬ 35 ਵਿਅਕਤੀ ਮਾਰੇ ਗਏ ਸਨ, ਜਦਕਿ 200 ਦੇ ਕਰੀਬ ਜ਼ਖ਼ਮੀ ਹੋ ਗਏ ਸਨ।
ਇਸ ਤੋਂ ਇਲਾਵਾ ਦੰਗਈਆਂ ਵਲੋਂ ਸਰਕਾਰੀ ਅਤੇ ਨਿੱਜੀ ਸੰਪਤੀ ਦਾ ਵੀ ਕਾਫ਼ੀ ਨੁਕਸਾਨ ਕੀਤਾ ਗਿਆ ਸੀ ਅਤੇ ਮੀਡੀਆ ਦੀਆਂ ਗੱਡੀਆਂ ਵੀ ਸਾੜ ਦਿੱਤੀਆਂ ਗਈਆਂ ਸਨ। ਇਸ ਮਾਮਲੇ ਵਿਚ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਸਮੇਤ ਹੋਰ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਨ੍ਹਾਂ ਖ਼ਿਲਾਫ਼ ਐਫ. ਆਈ. ਆਰ. ਨੰ: 345 ਦਰਜ ਕੀਤੀ ਗਈ ਸੀ। ਲੰਘੇ ਦਿਨੀਂ ਅਦਾਲਤ ਵਲੋਂ ਹਨੀਪ੍ਰੀਤ ਸਮੇਤ ਹੋਰਨਾਂ ਮੁਲਜ਼ਮਾਂ ਤੋਂ ਦੇਸ਼-ਧ੍ਰੋਹ ਦੀ ਧਾਰਾ ਹਟਾ ਦਿੱਤੀ ਗਈ ਸੀ ਤੇ ਹਨੀਪ੍ਰੀਤ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਨਾਮਜ਼ਦ ਆਦਿੱਤਿਆ ਇੰਸਾਂ ਨਾਮਕ ਮੁਲਜ਼ਮ ਹਾਲੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।

Check Also

ਪੀਐਮ ਨਰਿੰਦਰ ਮੋਦੀ ਨੇ ਕੀਤਾ ਅਹਿਮਦਾਬਾਦ ਮੈਟਰੋ ਵਿੱਚ ਸਫਰ

  ਅਹਿਮਦਾਬਾਦ ਮੈਟਰੋ ਪ੍ਰਾਜੈਕਟ ਦੇ ਦੂਜੇ ਫੇਜ਼ ਦਾ ਕੀਤਾ ਗਿਆ ਉਦਘਾਟਨ ਅਹਿਮਦਾਬਾਦ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ …