Breaking News
Home / ਭਾਰਤ / ਉਮੀਦਾਂ ‘ਤੇ ਭਾਰੂ ਨਾ ਹੋਵੇ ਡਰ ਦੀ ਸਿਆਸਤ: ਮਨਮੋਹਨ ਸਿੰਘ

ਉਮੀਦਾਂ ‘ਤੇ ਭਾਰੂ ਨਾ ਹੋਵੇ ਡਰ ਦੀ ਸਿਆਸਤ: ਮਨਮੋਹਨ ਸਿੰਘ

ਜੈਪੁਰ/ਬਿਊਰੋ ਨਿਊਜ਼
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਰਾਜਸਥਾਨ ਦੇ ਵਿਧਾਇਕਾਂ ਨੂੰ ਲੋਕਾਂ ਵਿੱਚ ਆਪਣੇ ਪ੍ਰਤੀ ਭਰੋਸਾ ਪੈਦਾ ਕਰਨ ਦੀ ਨਸੀਹਤ ਦਿੱਤੀ ਹੈ। ਉਨ੍ਹਾਂ ਕਿਹਾ ਦੇਸ਼ ਦਾ ਭਲਾ ਇਸ ‘ਚ ਹੈ ਕਿ ਆਸ ਦੀ ਰਾਜਨੀਤੀ ਉੱਤੇ ਡਰ ਦੀ ਰਾਜਨੀਤੀ ਭਾਰੂ ਨਾ ਹੋਵੇ, ਇਸ ਵਾਸਤੇ ਉਹ ਲੋਕਾਂ ‘ਚ ਭਰੋਸਾ ਪੈਦਾ ਕਰਨ। ਉਹ ਰਾਜਸਥਾਨ ਵਿਧਾਨ ਸਭਾ ਮੈਂਬਰਾਂ ਦੇ ਓਰੀਐਂਟੇਸ਼ਨ ਸੈਸ਼ਨ ਦੇ ਸਮਾਪਤੀ ਸਮਾਰੋਹ ਦੌਰਾਨ ਸੰਬੋਧਨ ਕਰ ਰਹੇ ਸਨ।
ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇਕ ਮਸ਼ਹੂਰ ਸਿੱਖਿਆ ਸ਼ਾਸਤਰੀ ਨੇ ਕਿਹਾ ਸੀ ਖ਼ਤਰਾ ਹੈ ਕਿ ਡਰ ਦੀ ਰਾਜਨੀਤੀ, ਆਸ ਦੀ ਰਾਜਨੀਤੀ ‘ਤੇ ਭਾਰੂ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਇਹ ਵਿਧਾਇਕਾਂ ‘ਤੇ ਨਿਰਭਰ ਕਰਦਾ ਹੈ ਕਿ ਡਰ ਦੀ ਰਾਜਨੀਤੀ, ਆਸ ਦੀ ਰਾਜਨੀਤੀ ‘ਤੇ ਭਾਰੀ ਨਾ ਹੋਵੇ ਜਿਸ ਦੀ ਦੇਸ਼ ਨੂੰ ਸਖ਼ਤ ਲੋੜ ਵੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਪ੍ਰਮੁੱਖ ਸਮੱਸਿਆਵਾਂ ਗ਼ਰੀਬੀ ਤੇ ਬਿਮਾਰੀਆਂ ਹਨ ਜਿਨ੍ਹਾਂ ਤੋਂ ਲੱਖਾਂ ਲੋਕ ਦੁਖੀ ਹਨ।
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, ”ਤੁਸੀਂ, ਵਿਧਾਇਕ ਵਜੋਂ ਸਭ ਤੋਂ ਪਹਿਲਾਂ ਸਮੱਸਿਆ ਜਾਣਦੇ ਹੋ। ਇਸ ਵਾਸਤੇ, ਲੋਕਾਂ ‘ਚ ਇਹ ਭਰੋਸਾ ਪੈਦਾ ਕਰਨਾ ਤੁਹਾਡੀ ਪਹਿਲ ਹੋਣੀ ਚਾਹੀਦੀ ਹੈ ਕਿ ਉਹ ਤੁਹਾਡੀ ਯੋਗ ਲੀਡਰਸ਼ਿਪ ਅਧੀਨ ਹਨ ਜੋ ਉਨ੍ਹਾਂ ਨੂੰ ਖੁਸ਼ਹਾਲ ਜ਼ਿੰਦਗੀ ਜਿਊਣ ਦੀ ਆਜ਼ਾਦੀ ਦਿੰਦੀ ਹੈ।” ਉਨ੍ਹਾਂ ਕਿਹਾ ਕਿ ਉਹ ਇਕ ਦੇਸ਼ ਵਜੋਂ ਆਪਣੇ ਭਵਿੱਖ ਨੂੰ ਲੈ ਕੇ ਕਾਫੀ ਆਸ਼ਾਵਾਦੀ ਹਨ।
ਉਨ੍ਹਾਂ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਦੀਆਂ ਕਦਰਾਂ-ਕੀਮਤਾਂ ਨਾਲ ਸਾਨੂੰ ਲੋਕਤੰਤਰ ਦੇ ਰਾਹ ‘ਤੇ ਆਪਣੀ ਯਾਤਰਾ ਜਾਰੀ ਰੱਖਣੀ ਚਾਹੀਦੀ ਹੈ। ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ, ”ਮੈਨੂੰ ਆਸ ਹੈ ਕਿ ਅਸੀਂ ਦਲੇਰੀ ਤੇ ਆਪਣੇ ਅੰਦਰ ਵਿਸ਼ਵਾਸ ਭਰ ਕੇ ਆਪਣੇ ਭਵਿੱਖ ਵੱਲ ਵਧਾਂਗੇ।” ਸਿੰਘ ਨੇ ਕਿਹਾ ਕਿ ਇਕ ਵਿਧਾਇਕ ਨੂੰ ਹੋਰਨਾਂ ਨੂੰ ਸੁਣਨ ਦੀ ਆਦਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਾਜਾਂ ਦੀਆਂ ਵਿਧਾਨ ਸਭਾਵਾਂ ਵਿੱਚ ਕੁਝ ਘਟਨਾਵਾਂ ‘ਚ ਵਿਧਾਇਕਾਂ ਵੱਲੋਂ ਅਪਣਾਏ ਗਏ ਬੇਲਗਾਮ ਰਵੱਈਏ ਤੋਂ ਉਨ੍ਹਾਂ ਨੂੰ ਕਾਫੀ ਤਕਲੀਫ਼ ਹੋਈ। ਉਨ੍ਹਾਂ ਕਿਹਾ ਕਿ ਵਿਧਾਇਕਾਂ ਨੂੰ ਉਨ੍ਹਾਂ ਦੇ ਹਲਕਿਆਂ ਦੇ ਵਿਕਾਸ ਲਈ ਲੋਕਲ ਏਰੀਆ ਫੰਡਾਂ ਦੀ ਪੂਰੀ ਵਰਤੋਂ ਕਰਨੀ ਚਾਹੀਦੀ ਹੈ।
ਕਾਂਗਰਸ ਦੀ ਕਮਾਨ ਕਿਸੇ ਨੌਜਵਾਨ ਦੇ ਹੱਥ ਦਿੱਤੀ ਜਾਵੇ : ਕੈਪਟਨ ਅਮਰਿੰਦਰ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਵੱਲੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਵਜੋਂ ਕਿਨਾਰਾ ਕਰ ਲੈਣ ਦੇ ਸੰਦਰਭ ਵਿੱਚ ਕਾਂਗਰਸ ਨੂੰ ਵਧੀਆ ਢੰਗ ਨਾਲ ਉੱਪਰ ਲਿਜਾਣ ਲਈ ਨੌਜਵਾਨ ਆਗੂ ਦੀ ਹਮਾਇਤ ਕੀਤੀ ਹੈ। ਮੁੱਖ ਮੰਤਰੀ ਨੇ ਰਾਹੁਲ ਗਾਂਧੀ ਦੀ ਥਾਂ ਕਿਸੇ ਕ੍ਰਿਸ਼ਮਈ ਨੌਜਵਾਨ ਆਗੂ ਨੂੰ ਅੱਗੇ ਲਿਆਉਣ ਦੀ ਕਾਂਗਰਸ ਵਰਕਿੰਗ ਕਮੇਟੀ ਨੂੰ ਅਪੀਲ ਕੀਤੀ ਹੈ ਜੋ ਸਮੁੱਚੇ ਭਾਰਤ ਵਿੱਚ ਆਪਣੀ ਅਪੀਲ ਅਤੇ ਹੇਠਲੇ ਪੱਧਰ ‘ਤੇ ਮੌਜੂਦਗੀ ਨਾਲ ਲੋਕਾਂ ਵਿੱਚ ਉਤਸ਼ਾਹ ਭਰ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਨੌਜਵਾਨਾਂ ਦੀ ਗਿਣਤੀ ਦੇ ਮਾਮਲੇ ਵਿੱਚ ਦੁਨੀਆ ਵਿਚ ਮੋਹਰੀ ਹੈ ਜਿਸ ਕਰਕੇ ਇਹ ਸੁਭਾਵਿਕ ਹੈ ਕਿ ਇਕ ਨੌਜਵਾਨ ਆਗੂ ਲੋਕਾਂ ਦੀਆਂ ਖਾਹਿਸ਼ਾਂ ਨੂੰ ਜ਼ਿਆਦਾ ਪ੍ਰਭਾਵੀ ਢੰਗ ਨਾਲ ਸਮਝ ਸਕਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਲੀਡਰਸ਼ਿਪ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਲਾਜ਼ਮੀ ਤੌਰ ‘ਤੇ ਭਾਰਤ ਦੀ ਸਮਾਜਿਕ ਅਸਲੀਅਤ ਅਨੁਸਾਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਦਾ ਆਪਣੇ ਅਸਤੀਫੇ ‘ਤੇ ਅੜੇ ਰਹਿਣ ਦਾ ਫ਼ੈਸਲਾ ਨਿਰਾਸ਼ਾਜਨਕ ਹੈ ਅਤੇ ਇਹ ਪਾਰਟੀ ਲਈ ਬਹੁਤ ਨੁਕਸਾਨਦੇਹ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਭ ਤੋਂ ਵੱਧ ਪੁਰਾਣੀ ਪਾਰਟੀ ਸਿਰਫ ਇਕ ਨੌਜਵਾਨ ਆਗੂ ਹੀ ਮੁੜ ਸੁਰਜੀਤ ਕਰ ਸਕਦਾ ਹੈ।

Check Also

ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਤੀ ਨਸੀਹਤ

ਕਿਹਾ : ਹਾਈਵੇਅ ਨਾ ਰੋਕੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਰੱਖੋ ਧਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ …