Breaking News
Home / ਭਾਰਤ / ਭਾਰਤੀ ਹਾਕੀ ਨੇ ਰਚਿਆ ਇਤਿਹਾਸ – 41 ਸਾਲਾਂ ਬਾਅਦ ਹਾਕੀ ’ਚ ਜਿੱਤਿਆ ਮੈਡਲ

ਭਾਰਤੀ ਹਾਕੀ ਨੇ ਰਚਿਆ ਇਤਿਹਾਸ – 41 ਸਾਲਾਂ ਬਾਅਦ ਹਾਕੀ ’ਚ ਜਿੱਤਿਆ ਮੈਡਲ

ਜਰਮਨੀ ਨੂੰ ਹਰਾ ਕੇ ਭਾਰਤ ਨੇ ਕਾਂਸੇ ਦਾ ਮੈਡਲ ਕੀਤਾ ਆਪਣੇ ਨਾਮ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਪੁਰਸ਼ਾਂ ਦੀ ਹਾਕੀ ਟੀਮ ਨੇ ਅੱਜ ਇਤਿਹਾਸ ਸਿਰਜ ਦਿੱਤਾ। ਟੀਮ ਨੇ 41 ਸਾਲਾਂ ਬਾਅਦ ਭਾਰਤ ਨੂੰ ਹਾਕੀ ’ਚ ਕਾਂਸੇ ਦਾ ਮੈਡਲ ਦਿਵਾਇਆ ਹੈ। ਧਿਆਨ ਰਹੇ ਕਿ ਭਾਰਤੀ ਟੀਮ ਨੇ ਸਖਤ ਮੁਕਾਬਲੇ ਦੌਰਾਨ ਜਰਮਨੀ ਦੀ ਟੀਮ ਨੂੰ 5-4 ਦੇ ਫਰਕ ਨਾਲ ਮਾਤ ਦਿੱਤੀ। ਇਸ ਤੋਂ ਪਹਿਲਾਂ ਮਾਸਕੋ ਉਲੰਪਿਕ ਵਿਚ ਭਾਰਤ ਦੀ ਹਾਕੀ ਟੀਮ ਨੂੰ 1980 ਵਿਚ ਮੈਡਲ ਮਿਲਿਆ ਸੀ, ਉਸ ਸਮੇਂ ਵਾਸੂਦੇਵਨ ਭਾਸਕਰਨ ਦੀ ਕਪਤਾਨੀ ਹੇਠ ਭਾਰਤੀ ਟੀਮ ਨੇ ਸੋਨੇ ਦਾ ਮੈਡਲ ਜਿੱਤਿਆ ਸੀ ਅਤੇ ਮੌਜੂਦਾ ਹਾਕੀ ਟੀਮ ਦੇ ਕਪਤਾਨ ਜਲੰਧਰ ਨੇੜਲੇ ਪਿੰਡ ਮਿੱਠਾਪੁਰ ਦੇ ਮਨਪ੍ਰੀਤ ਸਿੰਘ ਹਨ।
ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖੇਡ ਮੰਤਰੀ ਅਨੁਰਾਗ ਠਾਕਰ ਨੇ ਭਾਰਤੀ ਪੁਰਸ਼ਾਂ ਦੀ ਹਾਕੀ ਟੀਮ ਨੂੰ ਕਾਂਸੇ ਦਾ ਮੈਡਲ ਜਿੱਤਣ ’ਤੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇਤਿਹਾਸਕ ਜਿੱਤ ਹੈ ਅਤੇ ਭਾਰਤ ਲਈ ਇਤਿਹਾਸਕ ਦਿਨ ਵੀ ਹੈ। ਟੀਮ ਇੰਡੀਆ ਦੇ ਜਿੱਤਣ ’ਤੇ ਮੋਦੀ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਲਈ ਇਹ ਨਵੀਂ ਉਮੀਦ ਹੈ ਅਤੇ ਭਾਰਤ ਨੂੰ ਆਪਣੀ ਹਾਕੀ ਟੀਮ ’ਤੇ ਮਾਣ ਹੈ।
ਇਸੇ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਭਗਵੰਤ ਮਾਨ ਅਤੇ ਪਰਗਟ ਸਿੰਘ ਨੇ ਵੀ ਹਾਕੀ ਟੀਮ ਨੂੰ ਵਧਾਈ ਦਿੱਤੀ। ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਜੇਤੂ ਹਾਕੀ ਟੀਮ ਦੇ ਪੰਜਾਬ ਦੇ ਹਰੇਕ ਖਿਡਾਰੀ ਨੂੰ ਇਕ-ਇਕ ਕਰੋੜ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਹਾਕੀ ’ਚ ਭਾਰਤ ਦੀ ਜਿੱਤ ਤੋਂ ਬਾਅਦ ਪੂਰੇ ਦੇਸ਼ ਵਿਚ ਜਸ਼ਨ ਦਾ ਮਾਹੌਲ ਹੈ ਅਤੇ ਖਾਸ ਕਰਕੇ ਪੰਜਾਬ ਦੇ ਖਿਡਾਰੀਆਂ ਦੇ ਘਰਾਂ ਵਿਚ ਭੰਗੜੇ ਪੈ ਰਹੇ ਹਨ ਅਤੇ ਇਕ ਦੂਜੇ ਨੂੰ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ।

 

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …