Breaking News
Home / ਭਾਰਤ / ‘ਇੰਡੀਆ’ ਗੱਠਜੋੜ 272 ਦਾ ਅੰਕੜਾ ਪਾਰ ਕਰੇਗਾ : ਜੈਰਾਮ ਰਮੇਸ਼

‘ਇੰਡੀਆ’ ਗੱਠਜੋੜ 272 ਦਾ ਅੰਕੜਾ ਪਾਰ ਕਰੇਗਾ : ਜੈਰਾਮ ਰਮੇਸ਼

ਕਿਹਾ : ਵਿਰੋਧੀ ਧਿਰ ਇਕਜੁੱਟ ਹੋ ਕੇ ਭਾਜਪਾ ਨੂੰ ਕਰੇਗੀ ਸੱਤਾ ਤੋਂ ਬਾਹਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ‘ਪਲਟੀ ਮਾਰਨ’ ਅਤੇ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਵੱਲੋਂ ਇਕੱਲਿਆਂ ਚੋਣਾਂ ਲੜਨ ਦੇ ਫੈਸਲੇ ਦੇ ਬਾਵਜੂਦ ਵਿਰੋਧੀ ਧਿਰਾਂ ਦਾ ਗੱਠਜੋੜ ‘ਇੰਡੀਆ’ ਇਕਜੁੱਟ ਹੈ ਅਤੇ ਉਹ 272 ਸੀਟਾਂ ਦਾ ਅੰਕੜਾ ਪਾਰ ਕਰੇਗਾ।
ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੋਧੀਆਂ ਖਿਲਾਫ ਭ੍ਰਿਸ਼ਟਾਚਾਰ ਦੇ ਲਾਏ ਜਾ ਰਹੇ ਆਰੋਪਾਂ ਨੂੰ ‘ਖੋਖਲਾ’ ਕਰਾਰ ਦਿੰਦਿਆਂ ਸਿਰੇ ਤੋਂ ਖਾਰਜ ਕਰ ਦਿੱਤਾ।
ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਧਿਰ ਇਕਜੁੱਟ ਹੋ ਕੇ ਚੋਣਾਂ ‘ਚ 272 ਦਾ ਅੰਕੜਾ ਪਾਰ ਕਰਕੇ ਭਾਜਪਾ ਨੂੰ ਸੱਤਾ ਤੋਂ ਬਾਹਰ ਕਰ ਦੇਵੇਗੀ।
ਉਨ੍ਹਾਂ ਚੋਣ ਬਾਂਡਾਂ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਝਾਰਖੰਡ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਜੇਐੱਮਐੱਮ ਆਗੂ ਹੇਮੰਤ ਸੋਰੇਨ ਦੀ ਗ੍ਰਿਫ਼ਤਾਰੀ ਸਮੇਤ ਕਈ ਮੁੱਦਿਆਂ ‘ਤੇ ਗੱਲਬਾਤ ਕੀਤੀ। ਉਨ੍ਹਾਂ ਰਾਹੁਲ ਗਾਂਧੀ ਦੇ ਅਮੇਠੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਦੇ ਰਾਏਬਰੇਲੀ ਤੋਂ ਲੋਕ ਸਭਾ ਚੋਣ ਲੜਨ ਦੀ ਸੰਭਾਵਨਾ ਬਾਰੇ ਸਪੱਸ਼ਟ ਕੀਤਾ ਕਿ ਜੇਕਰ ਪਾਰਟੀ ਆਖੇਗੀ ਤਾਂ ਉਹ ਸੇਵਾ ਨਿਭਾਉਣ ਲਈ ਤਿਆਰ ਹਨ ਕਿਉਂਕਿ ਉਹ ਕਾਂਗਰਸ ਦੇ ਵਫ਼ਾਦਾਰ ਸਿਪਾਹੀ ਹਨ।
ਬੁਨਿਆਦੀ ਢਾਂਚੇ ਨਾਲ ਸਬੰਧਤ ਠੇਕੇ ਮਿਲਣ ਤੋਂ ਬਾਅਦ ਇਕ ਭਾਜਪਾ ਸੰਸਦ ਮੈਂਬਰ ਵੱਲੋਂ ਚੋਣ ਬਾਂਡ ਖ਼ਰੀਦੇ ਜਾਣ ਦਾ ਦਾਅਵਾ ਕਰਦਿਆਂ ਜੈਰਾਮ ਰਮੇਸ਼ ਨੇ ਕਿਹਾ,”ਚੋਣ ਬਾਂਡ ਯੋਜਨਾ ਦੇ ਕੰਮ ਕਰਨ ਦੇ ਤਰੀਕੇ ਦੇਖੋ। ਚਾਰ ਹਜ਼ਾਰ ਕਰੋੜ ਰੁਪਏ ਦੇ ਬਾਂਡ ਸਿੱਧੇ ਤੌਰ ‘ਤੇ ਚਾਰ ਲੱਖ ਕਰੋੜ ਰੁਪਏ ਦੇ ਠੇਕਿਆਂ ਨਾਲ ਜੁੜੇ ਹੋਏ ਹਨ। ਚੋਣ ਬਾਂਡ ਅਤੇ ਠੇਕੇ ਦੇਣ ਵਿਚਕਾਰ ਇਕ ਸਪੱਸ਼ਟ ਸਬੰਧ ਹੈ।”
ਉਨ੍ਹਾਂ ਕਿਹਾ ਕਿ ਇਸ ਗੱਲ ਦੇ ਸਬੂਤ ਹਨ ਕਿ ਭਾਜਪਾ ਦੇ ਪੱਖ ‘ਚ ਕਈ ਕੰਪਨੀਆਂ ਵੱਲੋਂ ਖ਼ਰੀਦੇ ਗਏ 4 ਹਜ਼ਾਰ ਕਰੋੜ ਰੁਪਏ ਦੇ ਬਾਂਡ ਸਿੱਧੇ ਤੌਰ ‘ਤੇ ਠੇਕੇ ਦੇਣ ਅਤੇ ਉਨ੍ਹਾਂ ਖ ਿਕੇਂਦਰੀ ਏਜੰਸੀਆਂ ਵੱਲੋਂ ਸ਼ੁਰੂ ਕੀਤੀ ਕਾਰਵਾਈ ਨਾਲ ਜੁੜੇ ਹੋਏ ਹਨ।
ਕਾਂਗਰਸ ਆਗੂ ਨੇ ਕਿਹਾ ਕਿ ਇਹ ਆਖਣਾ ਕਿ ਮੋਦੀ ਭ੍ਰਿਸ਼ਟਾਚਾਰ ਦਾ ਮੁੱਦਾ ਚੁਕਣਗੇ ਅਤੇ ਇਹ ਦਿਖਾਉਣ ਲਈ ਕਿ ਉਹ ਭ੍ਰਿਸ਼ਟਾਚਾਰ ਨਾਲ ਲੜ ਰਹੇ ਹਨ, ਉਹ ਹੇਮੰਤ ਸੋਰੇਨ ਅਤੇ ਅਰਵਿੰਦ ਕੇਜਰੀਵਾਲ ਦੇ ਮਾਮਲੇ ਦੀ ਵਰਤੋਂ ਕਰਨਗੇ ਤਾਂ ਇਹ ਬਿਲਕੁਲ ਖੋਖਲੀ ਦਲੀਲ ਹੈ।
ਉਨ੍ਹਾਂ ਕਿਹਾ ਕਿ ਚੋਣ ਬਾਂਡ ਦੀ ਕਹਾਣੀ ਨੂੰ ਦੇਖੋ ਤਾਂ ਇਹ ਪੂਰੀ ਤਰ੍ਹਾਂ ਨਾਲ ਬਦਲੇ ਦੀ ਭਾਵਨਾ ਦਾ ਮਾਮਲਾ ਹੈ। ਜੈਰਾਮ ਰਮੇਸ਼ ਨੇ ਕਿਹਾ ਕਿ ਕਾਂਗਰਸ ਕੋਲ ਕੋਈ ਕੇਂਦਰੀ ਏਜੰਸੀਆਂ ਨਹੀਂ ਹਨ ਪਰ ਫਿਰ ਵੀ ਉਨ੍ਹਾਂ ਨੂੰ ਆਪਣੇ ਬੂਤੇ ‘ਤੇ ਚੋਣ ਬਾਂਡ ਮਿਲੇ ਹਨ।

 

 

Check Also

ਗੁਜਰਾਤ ਨੂੰ ਮਿਲ ਸਕਦੀ ਹੈ ਉਲੰਪਿਕ ਖੇਡਾਂ 2036 ਦੀ ਮੇਜਬਾਨੀ

ਨਰਿੰਦਰ ਮੋਦੀ ਸਟੇਡੀਅਮ ਦੇ ਆਸ-ਪਾਸ ਬਣਨਗੇ 6 ਸਪੋਰਟਸ ਕੰਪਲੈਕਸ ਅਹਿਮਦਾਬਾਦ/ਬਿਊਰੋ ਨਿਊਜ਼ : ਭਾਰਤ ਨੇ ਉਲੰਪਿਕ …