ਮੁਹਾਲੀ/ਬਿਊਰੋ ਨਿਊਜ਼ : ਕਰੋਨਾ ਮਹਾਂਮਾਰੀ ਦੇ ਚੱਲਦਿਆਂ ਦੁਬਈ ਵਿਚ ਫਸੇ 177 ਭਾਰਤੀ ਨਾਗਰਿਕ ਸਰਬੱਤ ਦਾ ਭਲਾ ਟਰੱਸਟ ਦੇ ਯਤਨਾਂ ਸਦਕਾ ਮੁਹਾਲੀ ਵਿਚਲੇ ਕੌਮਾਂਤਰੀ ਹਵਾਈ ਅੱਡੇ ਵਿਖੇ ਪਹੁੰਚੇ। ਇਸ ਮੌਕੇ ਇਨ੍ਹਾਂ ਯਾਤਰੀਆਂ ਦਾ ਸਵਾਗਤ ਕਰਨ ਲਈ ਏਅਰਪੋਰਟ ਵਿਖੇ ਪਹੁੰਚੇ ਸਰਬੱਤ ਦਾ ਭਲਾ ਟਰੱਸਟ ਦੇ ਸਰਪ੍ਰਸਤ ਐੱਸ. ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਯੂ. ਏ. ਈ. ਵਿਚ ਕੰਪਨੀਆਂ ਬੰਦ ਹੋਣ ਕਾਰਨ ਇਨ੍ਹਾਂ ਵਿਚ ਕੰਮ ਕਰਦੇ ਵਿਅਕਤੀ ਬਿਨਾ ਤਨਖ਼ਾਹਾਂ ਤੋਂ ਉਥੇ ਹੀ ਫਸੇ ਹੋਏ ਹਨ। ਇਸ ਦੇ ਚਲਦਿਆਂ ਸਰਬੱਤ ਦਾ ਭਲਾ ਟਰੱਸਟ ਵਲੋਂ ਜੁਲਾਈ ਮਹੀਨੇ ਵਿਚ 4 ਜਹਾਜ਼ ਹਾਇਰ ਕੀਤੇ ਗਏ ਸਨ ਅਤੇ ਸਭ ਤੋਂ ਪਹਿਲੀ ਉਡਾਣ ਰਾਹੀਂ ਦੁਬਈ ਤੋਂ 177 ਯਾਤਰੀਆਂ, ਦੂਜੀ ਉਡਾਣ ਰਾਹੀਂ 174 ਯਾਤਰੀਆਂ ਅਤੇ ਹੁਣ ਤੀਸਰੀ ਉਡਾਣ ਰਾਹੀਂ 177 ਯਾਤਰੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਪਹੁੰਚੇ ਇਨ੍ਹਾਂ 177 ਯਾਤਰੀਆਂ ਵਿਚ 16 ਯਾਤਰੀ ਹਿਮਾਚਲ ਪ੍ਰਦੇਸ਼ ਅਤੇ 4 ਜੰਮੂ ਨਾਲ ਸਬੰਧਿਤ ਹਨ, ਜਦਕਿ ਬਾਕੀ ਸਾਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਇਸ ਮੌਕੇ ਦੁਬਈ ਤੋਂ ਮੁਹਾਲੀ ਏਅਰਪੋਰਟ ਵਿਖੇ ਪਹੁੰਚੇ ਜਗਤਾਰ ਸਿੰਘ ਵਾਸੀ ਹੁਸ਼ਿਆਰਪੁਰ, ਗੁਰਬਿੰਦਰ ਸਿੰਘ ਵਾਸੀ ਖੰਨਾ ਅਤੇ ਦਵਿੰਦਰ ਸਿੰਘ ਵਾਸੀ ਨੂਰਮਹਿਲ (ਫਿਲੌਰ) ਨੇ ਦੱਸਿਆ ਕਿ ਉਹ ਦੁਬਈ ਵਿਖੇ ਪਿਛਲੇ 9 ਮਹੀਨਿਆਂ ਤੋਂ ਫਸੇ ਹੋਏ ਹਨ ਅਤੇ ਬਿਨਾ ਕਿਸੇ ਤਨਖਾਹ ਤੋਂ ਆਪਣੇ ਕੋਲੋਂ ਪੈਸੇ ਖ਼ਰਚ ਕਰਕੇ ਆਪਣਾ ਗੁਜਾਰਾ ਕਰ ਰਹੇ ਸਨ। ਉਨ੍ਹਾਂ ਸਰਬੱਤ ਦਾ ਭਲਾ ਟਰੱਸਟ ਦੇ ਸਰਪ੍ਰਸਤ ਐਸ. ਪੀ. ਸਿੰਘ ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਯਤਨਾਂ ਸਦਕਾ ਹੀ ਉਨ੍ਹਾਂ ਦੀ ਘਰ ਵਾਪਸੀ ਹੋਈ ਹੈ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਮਨਜਿੰਦਰ ਸਿੰਘ ਸਿਰਸਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤਾ ਤਲਬ
ਅਕਾਲੀ ਸਰਕਾਰ ਸਮੇਂ ਸਿਰਸਾ ਕੋਲ ਵੀ ਸੀ ਕੈਬਨਿਟ ਰੈਂਕ ਅੰਮਿ੍ਰਤਸਰ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖਤ …