‘ਜਿੱਤੇਗਾ ਪੰਜਾਬ’ ਨਾਮ ਦੇ ਚੈਨਲ ‘ਤੇ ਪਹਿਲੀ ਵੀਡੀਓ ਜਾਰੀ ਕੀਤੀ
ਅੰਮ੍ਰਿਤਸਰ/ਬਿਊਰੋ ਨਿਊਜ਼
ਨਵਜੋਤ ਸਿੰਘ ਸਿੱਧੂ ਨੇ ਲੰਮੀ ਚੁੱਪ ਮਗਰੋਂ ਨਵਾਂ ਧਮਾਕਾ ਕਰਦਿਆਂ ਆਪਣਾ ਯੂ-ਟਿਊਬ ਚੈਨਲ ‘ਜਿੱਤੇਗਾ ਪੰਜਾਬ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਰਾਹੀਂ ਉਹ ਪੰਜਾਬ ਦੇ ਲੋਕਾਂ ਨਾਲ ਸੂਬੇ ਦੇ ਵਿਕਾਸ ਤੇ ਖੁਸ਼ਹਾਲੀ ਬਾਰੇ ਸੰਵਾਦ ਰਚਾਉਣਗੇ।
ਇਸ ਚੈਨਲ ਲਈ ਉਨ੍ਹਾਂ ਨੇ ਆਪਣੀ ਪਹਿਲੀ ਵੀਡੀਓ ਜਾਰੀ ਕੀਤੀ ਹੈ, ਜਿਸ ਵਿਚ ਉਹ ਆਪਣੇ ਘਰੋਂ ਹੀ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ। ਚੈਨਲ ਦੇ ਇੱਕ ਪਾਸੇ ਲੋਗੋ ਵਿਚ ਚੈਨਲ ਦਾ ਨਾਂ ‘ਜਿੱਤੇਗਾ ਪੰਜਾਬ’ ਅਤੇ ਪੰਜਾਬ ਦਾ ਰਾਜ ਪੰਛੀ ‘ਬਾਜ’ ਦਿਖਾਈ ਦੇ ਰਿਹਾ ਹੈ। ਆਪਣੇ ਰਵਾਇਤੀ ਅੰਦਾਜ਼ ਵਿੱਚ ਗੱਲ ਕਰਦਿਆਂ ਸਿੱਧੂ ਨੇ ਕਿਹਾ ਕਿ ਉਹ ਲੰਮਾ ਸਮਾਂ ਚਿੰਤਨ ਕਰਨ ਮਗਰੋਂ ਲੋਕਾਂ ਨਾਲ ਰਾਬਤਾ ਜੋੜਨ ਵਾਸਤੇ ਚੈਨਲ ਸ਼ੁਰੂ ਕਰ ਰਹੇ ਹਨ, ਜਿਸ ਰਾਹੀਂ ਉਹ ਸਾਦੀ ਤੇ ਸਰਲ ਭਾਸ਼ਾ ਵਿਚ ਲੋਕਾਂ ਕੋਲ ਆਪਣੇ ਵਿਚਾਰ ਰੱਖਣਗੇ। ‘ਆਸ ਤੇ ਵਿਸ਼ਵਾਸ’ ਨਾਂ ਦੀ ਇਹ ਪਹਿਲੀ ਵੀਡਿਓ ਕਲਿੱਪ ਲਗਭਗ ਚਾਰ ਮਿੰਟਾਂ ਦੀ ਹੈ। ਇਸ ਸਬੰਧੀ ਸਿੱਧੂ ਵਲੋਂ ਬਿਆਨ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਨੇ ਪੰਜਾਬ ਦੀ ਤਰੱਕੀ ਦੀ ਸੋਚ ਰੱਖਣ ਵਾਲਿਆਂ ਨੂੰ ਗੋਸ਼ਟੀਆਂ, ਮੁਲਾਕਾਤਾਂ ਅਤੇ ਸੰਵਾਦ ਰਾਹੀਂ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਚੈਨਲ ਪੰਜਾਬ ਨੂੰ ਮੁੜ ਉਸਾਰੀ ਅਤੇ ਪੁਨਰ-ਜਾਗ੍ਰਿਤੀ ਵੱਲ ਲੈ ਕੇ ਜਾਣ ਦਾ ਯਤਨ ਹੋਵੇਗਾ। ਉਨ੍ਹਾਂ ਇਸ ਚੈਨਲ ਨੂੰ ਅਜਿਹਾ ਮੰਚ ਆਖਿਆ, ਜਿਸ ਰਾਹੀਂ ਪੰਜਾਬ ਦੇ ਭਖਦੇ ਮਸਲਿਆਂ ‘ਤੇ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਰਾਹੀਂ ਪੰਜਾਬ ਵਾਸਤੇ ਰੋਡ ਮੈਪ ‘ਤੇ ਵੀ ਚਰਚਾ ਹੋਵੇਗੀ। ਇਹ ਚੈਨਲ ਗੁਰੂ ਸਾਹਿਬ ਵਲੋਂ ਦਰਸਾਏ ਵਿਸ਼ਵ ਬਰਾਬਰੀ, ਪਿਆਰ ਅਤੇ ਸ਼ਾਂਤੀ ਦੇ ਮਾਰਗ ਤੋਂ ਪ੍ਰੇਰਣਾ ਲੈ ਕੇ ਆਪਣੀ ਗੱਲ ਲੋਕਾਂ ਸਾਹਮਣੇ ਰੱਖੇਗਾ। ਦੱਸਣਯੋਗ ਹੈ ਕਿ ਪਿਛਲੇ ਲਗਭਗ ਇਕ ਸਾਲ ਤੋਂ ਮੰਤਰੀ ਮੰਡਲ ਛੱਡਣ ਮਗਰੋਂ ਸਿੱਧੂ ਇਕਾਂਤਵਾਸ ਵਿਚ ਹਨ। ਉਨ੍ਹਾਂ ਨੇ ਸਰਗਰਮ ਰਾਜਨੀਤੀ ਅਤੇ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ। ਹਾਲ ਹੀ ਵਿਚ ਉਨ੍ਹਾਂ ਨੇ ਦਿੱਲੀ ਵਿਚ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਅਤੇ ਜਨਰਲ ਸਕੱਤਰ ਪ੍ਰਿੰਯਕਾ ਗਾਂਧੀ ਨਾਲ ਮੁਲਾਕਾਤਾਂ ਕੀਤੀਆਂ ਹਨ।
‘ਚਾਰ-ਪੰਜ ਜਣਿਆਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ ਤਾਕਤ’ : ਪਹਿਲੀ ਵੀਡਿਓ ਕਲਿੱਪ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਿਆਸਤਦਾਨਾਂ ਨੂੰ ਤਾਕਤ ਬਖ਼ਸ਼ੀ ਹੈ ਅਤੇ ਇਹ ਤਾਕਤ ਚਾਰ-ਪੰਜ ਵਿਅਕਤੀਆਂ ਕੋਲ ਹੀ ਨਹੀਂ ਰਹਿਣੀ ਚਾਹੀਦੀ। ਇਹ ਤਾਕਤ ਲੋਕਾਂ ਨੂੰ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸੇ ਨੇਕ ਨੀਯਤ ਨੂੰ ਲੈ ਕੇ ਉਹ ਇਹ ਚੈਨਲ ਸ਼ੁਰੂ ਕਰ ਰਹੇ ਹਨ, ਜਿਸ ਦਾ ਮੰਤਵ ਜਿੱਤੇਗਾ ਪੰਜਾਬ, ਜਿੱਤੇਗਾ ਹਰ ਪੰਜਾਬੀ ਅਤੇ ਜਿੱਤੇਗੀ ਪੰਜਾਬੀਅਤ ਹੋਵੇਗਾ। ਇਸ ਚੈਨਲ ਰਾਹੀਂ ਉਹ ਲੋਕਾਂ ਦੇ ਸੰਪਰਕ ਵਿਚ ਰਹਿਣਗੇ। ਉਨ੍ਹਾਂ ਲੋਕਾਂ ਨੂੰ ਆਖਿਆ ਕਿ ਉਹ ਨਾ ਹੀ ਆਸ ਛੱਡਣ ਅਤੇ ਨਾ ਹੀ ਵਿਸ਼ਵਾਸ ਛੱਡਣ। ਜਲਦੀ ਹੀ ਨਿਰਾਸ਼ਾ ਖ਼ਤਮ ਹੋਵੇਗੀ ਅਤੇ ਪੰਜਾਬ ਮੁੜ ਉਭਰੇਗਾ।
ਖੁੰਬਾਂ ਵਾਂਗੂ ਉੱਗੇ ‘ਜਿੱਤੇਗਾ ਪੰਜਾਬ’ ਨਾਮੀ ਚੈਨਲ
ਪਟਿਆਲਾ : ਨੌਂ ਮਹੀਨਿਆਂ ਦੀ ਚੁੱਪ ਮਗਰੋਂ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਲੋਕਾਂ ਨਾਲ਼ ਰਾਬਤਾ ਕਰਨ ਦਾ ਨਿਵੇਕਲਾ ਰਾਹ ਅਖਤਿਆਰ ਕਰਦਿਆਂ, ਯੂ-ਟਿਊਬ ‘ਤੇ ‘ਜਿੱਤੇਗਾ ਪੰਜਾਬ’ ਨਾਮ ਦਾ ਚੈਨਲ ਸਥਾਪਤ ਕੀਤਾ ਗਿਆ ਹੈ। ਹਾਲਾਂਕਿ ਇਸ ਮਗਰੋਂ ਰਾਤੋ ਰਾਤ ਹੀ ਸੋਸ਼ਲ ਸਾਈਟਾਂ ‘ਤੇ ਇਸ ਨਾਮ ਦੇ ਅਨੇਕਾਂ ਚੈਨਲ ਖੁੰਬਾਂ ਵਾਂਗ ਉੱਗ ਆਏ ਹਨ। ਅਜਿਹੇ ਵਰਤਾਰੇ ਨੇ ਸਿੱਧੂ ਸਮਰਥਕਾਂ ਨੂੰ ਭੰਬਲ਼ਭੂਸੇ ‘ਚ ਪਾ ਦਿੱਤਾ ਹੈ। ਮਾਹਿਰ ਇਸ ਪਿੱਛੇ ਵਿੱਤੀ ਤੌਰ ‘ਤੇ ਮਾਲਾ-ਮਾਲ ਹੋਣ ਦੇ ਇੱਛੁਕਾਂ ਦਾ ਹੱਥ ਦੱਸ ਵੀ ਰਹੇ ਹਨ, ਪਰ ਇਹ ਸਿੱਧੂ ਵਿਰੋਧੀਆਂ ਦੀ ਚਾਲ ਵੀ ਹੋ ਸਕਦੀ ਹੈ। ਤਰਕ ਦਿੱਤਾ ਜਾ ਰਿਹਾ ਹੈ ਕਿ ਸਿੱਧੂ ਦੇ ਚੈਨਲ ‘ਤੇ ਦਰਸ਼ਕਾਂ ਦੀ ਬਹੁਤੀ ਗਿਣਤੀ ਹੋਣ ਤੋਂ ਰੋਕਣ ਲਈ ਉਨ੍ਹਾਂ ਦੇ ਵਿਰੋਧੀਆਂ ਦੀ ਇਹ ਚਾਲ ਹੋ ਸਕਦੀ ਹੈ।
ਸਿੱਧੂ ਦੇ ਚੈਨਲ ਦੀ ਨਕਲ ਕਰਨ ਵਾਲਿਆਂ ਨੂੰ ਕਾਨੂੰਨੀ ਨੋਟਿਸ
ਅੰਮ੍ਰਿਤਸਰ : ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਵਾਸੀਆਂ ਨਾਲ ਸੰਪਰਕ ਰੱਖਣ ਲਈ ਸ਼ੁਰੂ ਕੀਤੇ ਚੈਨਲ ‘ਜਿੱਤੇਗਾ ਪੰਜਾਬ’ ਦੀ ਨਕਲ ਕਰਦਿਆਂ ਹੋਰ ਚੈਨਲ ਸ਼ੁਰੂ ਕੀਤੇ ਜਾਣ ਖਿਲਾਫ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਤਹਿਤ ਨੋਟਿਸ ਭੇਜੇ ਗਏ ਹਨ। ਇਸ ਸਬੰਧ ਵਿਚ ਯੂ-ਟਿਊਬ ਦੇ ਪ੍ਰਬੰਧਕਾਂ ਨੂੰ ਵੀ ਗੁਮਰਾਹਕੁਨ ਗਤੀਵਿਧੀਆਂ ਰੋਕਣ ਲਈ ਅਪੀਲ ਕੀਤੀ ਹੈ।
ਸਿੱਧੂ ਵੱਲੋਂ ਸ਼ੁਰੂ ਕੀਤੇ ਇਸ ਚੈਨਲ ਦੇ ਮੁੱਖ ਪ੍ਰਬੰਧਕ ਸੁਮਿਤ ਸਿੰਘ ਨੇ ਦੋਸ਼ ਲਾਇਆ ਕਿ ਕੁਝ ਪੰਜਾਬ ਦੋਖੀ ਤਾਕਤਾਂ ਵਲੋਂ ਲੋਕਾਂ ਨੂੰ ਭੰਬਲਭੂਸਾ ਪਾਉਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਤਾਕਤਾਂ ਸਿੱਧੂ ਦੀ ਇਸ ਕਾਰਵਾਈ ਤੋਂ ਘਬਰਾ ਗਈਆਂ ਹਨ ਅਤੇ ਉਨ੍ਹਾਂ ਨੇ ਅੜਿੱਕਾ ਪਾਉਣ ਦੇ ਮੰਤਵ ਨਾਲ ਜਿੱਤੇਗਾ ਪੰਜਾਬ ਨਾਂ ਨਾਲ ਮਿਲਦੇ-ਜੁਲਦੇ ਯੂ-ਟਿਊਬ ਚੈਨਲ ਬਣਾ ਲਏ ਹਨ। ਉਨ੍ਹਾਂ ਕਿਹਾ ਕਿ ਸਿੱਧੂ ਵਲੋਂ ਆਪਣਾ ਚੈਨਲ ਸ਼ੁਰੂ ਕਰਨ ਤੋਂ ਕੁਝ ਮਿੰਟਾਂ ਬਾਅਦ ਹੀ ਅਜਿਹੇ ਅਣਗਣਿਤ ਚੈਨਲ ਖੁੰਬਾਂ ਵਾਂਗ ਉੱਗੇ ਹਨ। ਨਵਜੋਤ ਸਿੰਘ ਸਿੱਧੂ ਵੱਲੋਂ ਇਸ ਚੈਨਲ ਦਾ ਨਾਂ ਗੁਰਮੁਖੀ ਵਿਚ ਲਿਖਿਆ ਗਿਆ ਹੈ। ਉਨ੍ਹਾਂ ਆਖਿਆ ਕਿ ਇਸ ਚੈਨਲ ‘ਤੇ ਸਿੱਧੂ ਦਾ ਕਾਪੀਰਾਈਟ ਹੈ। ਯੂ-ਟਿਊਬ ਵਲੋਂ ਸਿੱਧੂ ਦੇ ਚੈਨਲ ਤੋਂ ਵੀਡੀਓ ਚੋਰੀ ਕਰ ਕੇ ਅਪਲੋਡ ਕਰਨ ਅਤੇ ਨਕਲੀ ਚੈਨਲ ਬਣਾਉਣ ਵਾਲਿਆਂ ਨੂੰ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਤਹਿਤ ਨੋਟਿਸ ਭੇਜੇ ਗਏ ਹਨ। ਸਿੱਧੂ ਨੇ ਇਹ ਚੈਨਲ 14 ਮਾਰਚ ਨੂੰ ਸ਼ੁਰੂ ਕੀਤਾ ਸੀ ਅਤੇ ਇਸ ਵਿਚ ਪਲੇਠੀ ਵੀਡੀਓ ਸ਼ਾਮਲ ਕੀਤੀ ਸੀ।
ਸਿੱਧੂ ਵਲੋਂ ਲੋਕਾਂ ਨੂੰ ਪੰਜਾਬ ਦੇ ਭਲੇ ਲਈ ਇਕਜੁੱਟਹੋਣ ਦਾ ਸੱਦਾ
ਅੰਮ੍ਰਿਤਸਰ : ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਆਪਣੇ ਨਵੇਂ ਸ਼ੁਰੂ ਕੀਤੇ ਯੂਟਿਊਬ ਚੈਨਲ ‘ਜਿੱਤੇਗਾ ਪੰਜਾਬ’ ਤੋਂ ਦੂਜੀ ਵੀਡੀਓ ਜਾਰੀ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਲੜਾਈ ਵਿਚਾਰਧਾਰਾ ਦੀ ਹੈ ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਨਾਲ ਹੈ। ਲਗਭਗ ਪੌਣੇ ਪੰਜ ਮਿੰਟ ਦੀ ਇਸ ਵੀਡੀਓ ਵਿਚ ਉਹ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਹਿ ਰਹੇ ਹਨ ਕਿ ਹੁਣ ਅਤਿ ਹੋ ਚੁੱਕੀ ਹੈ ਅਤੇ ਇਸ ਖਿਲਾਫ ਇਕਜੁੱਟ ਹੋ ਕੇ ਖੜ੍ਹਨ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਆਪਣੇ ਹੱਕਾਂ ਦੀ ਲੜਾਈ ਲਈ ਇਕਜੁੱਟ ਹੋਣ ਲਈ ਕਿਹਾ। ਸਿੱਧੂ ਨੇ ਕਿਹਾ ਕਿ ਉਨ੍ਹਾਂ ਹਮੇਸ਼ਾ ਸਰਕਾਰਾਂ ਦੇ ਭ੍ਰਿਸ਼ਟ ਸਿਸਟਮ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। ਕਿਸੇ ਸਰਕਾਰ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ ਕਿ ਉਹ ਜਦੋਂ ਤੋਂ ਸਿਆਸਤ ਵਿਚ ਆਏ ਹਨ, ਸੱਦਾ ਮਿਲਣ ਦੇ ਬਾਵਜੂਦ ਉਹ ਭ੍ਰਿਸ਼ਟ ਸਿਸਟਮ ਦਾ ਹਿੱਸਾ ਨਹੀਂ ਬਣੇ, ਸਗੋਂ ਇਸ ਖਿਲਾਫ ਲੜਾਈ ਲੜੀ ਹੈ। ਇਹ ਲੜਾਈ ਅੱਜ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਜਦ ਵੀ ਅਜਿਹੇ ਸਿਸਟਮ ਖਿਲਾਫ ਖੜ੍ਹੇ ਹੋਣ ਦਾ ਅਹਿਦ ਲਿਆ ਤਾਂ ਫਿਰ ਕਦੇ ਪਿੱਛੇ ਨਹੀਂ ਹਟੇ। ਕਾਂਗਰਸੀ ਆਗੂ ਨੇ ਕਿਹਾ ਕਿ ਜਦ ਵੀ ਕਦੇ ਉਹ ਗੁਰਦੁਆਰੇ ਗਏ ਹਨ ਤਾਂ ਉਨ੍ਹਾਂ ਨੂੰ ਧਰਮ ਦਾ ਨਿਸ਼ਾਨ ਸਾਹਿਬ ਉੱਚਾ ਦਿਖਾਈ ਦਿੱਤਾ ਹੈ। ਉਨ੍ਹਾਂ ਆਪਣਾ ਧਰਮ ਰਾਸ਼ਟਰ ਸੇਵਾ ਨੂੰ ਬਣਾਇਆ ਹੈ, ਲੋਕਾਂ ਦੇ ਹਿੱਤਾਂ ਲਈ ਕੰਮ ਕਰਨਾ ਉਨ੍ਹਾਂ ਦਾ ਧਰਮ ਹੈ। ਪੰਜਾਬ ਦੇ ਲੋਕਾਂ ਦੀ ਖੁਸ਼ਹਾਲੀ ਅਤੇ ਤਰੱਕੀ ਉਨ੍ਹਾਂ ਦਾ ਮੁੱਖ ਟੀਚਾ ਹੈ। ਉਨ੍ਹਾਂ ਲੋਕਾਂ ਨੂੰ ਸੰਬੋਧਨ ਹੁੰਦਿਆਂ ਆਖਿਆ ਕਿ ਇਸ ਵੇਲੇ ਦੋ ਰਾਹ ਦਿਖਾਈ ਦੇ ਰਹੇ ਹਨ। ਇਕ ਰਾਹ ਪੰਜਾਬ ਦੀ ਬਰਬਾਦੀ ਵੱਲ ਜਾਂਦਾ ਹੈ, ਜਿੱਥੇ ਕਰਜ਼ੇ ਦੇ ਭਾਰ ਹੇਠ ਦੱਬੇ ਲੋਕ ਹਨ ਅਤੇ ਹੋਰ ਕਰਜ਼ਈ ਹੋ ਰਹੇ ਹਨ। ਦੂਜਾ ਰਾਹ ਪੰਜਾਬ ਦੀ ਖ਼ੁਸ਼ਹਾਲੀ, ਤਰੱਕੀ ਅਤੇ ਆਤਮ ਨਿਰਭਰਤਾ ਵੱਲ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਇਕਜੁੱਟਤਾ ਦਾ ਸੱਦਾ ਦਿੱਤਾ ਤੇ ਪੰਜਾਬ ਦੀ ਖੁਸ਼ਹਾਲੀ ਦਾ ਰਾਹ ਚੁਣਨ ਲਈ ਆਖਿਆ।
Check Also
ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੋ ਦਸੰਬਰ ਨੂੰ ਸੌਂਪਣੇ ਆਪਣਾ ਸਪੱਸ਼ਟੀਕਰਨ
ਕਿਹਾ : ਮੇਰਾ ਰੋਮ ਰੋਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੈ ਸਮਰਪਿਤ ਅੰਮਿ੍ਰਤਸਰ/ਬਿਊਰੋ ਨਿਊਜ਼ : …