ਜਲੰਧਰ : ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟਰੇਲੀਆ ਤੇ ਸਾਹਿਤ ਕਲਾ ਕੇਂਦਰ ਜਲੰਧਰ ਵੱਲੋਂ ਪੰਜਾਬੀ ਸ਼ਾਇਰੀ ਤੇ ਪੱਤਰਕਾਰੀ ਦੇ ਖੇਤਰ ਵਿਚ ਬਿਹਤਹੀਨ ਸੇਵਾਵਾਂ ਦੇਣ ਵਾਲੀ ਕਮਲ ਦੁਸਾਂਝ ਤੇ ਸੁਸ਼ੀਲ ਦੁਸਾਂਝ ਦੀ ਜੋੜੀ ਨੂੰ ਗ਼ਦਰੀ ਭਾਈ ਸੰਤੋਖ ਸਿੰਘ ਧਰਦਿਓ ਯਾਦਗਾਰੀ ਐਵਾਰਡ ਨਾਲ ਸਨਮਾਨਤ ਕਰਨ ਹਿੱਤ ਇੱਕ ਭਾਵਪੂਰਤ ਸਮਾਗਮ ਦਾ ਆਯੋਜਨ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤਾ ਗਿਆ।
ਸਾਹਿਤ ਕਲਾ ਕੇਂਦਰ ਦੇ ਪ੍ਰਧਾਨ ਪ੍ਰੋ. ਡਾ. ਗੋਪਾਲ ਸਿੰਘ ਬੁੱਟਰ ਅਨੁਸਾਰ ਇਸ ਸਮਾਗਮ ਵਿਚ ਪੰਜਾਬੀ ਦੇ ਉੱਚ ਕੋਟੀ ਦੇ ਲੇਖਕਾਂ, ਕਲਾਕਾਰਾਂ, ਅਗਾਂਹਵਧੂ ਜਥੇਬੰਦੀਆਂ ਦੇ ਆਗੂਆਂ ਤੇ ਚਿੰਤਕਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ।
ਕਮਲ ਤੇ ਸੁਸ਼ੀਲ ਦੁਸਾਂਝ ਤੋਂ ਇਲਾਵਾ ਪੰਜਾਬੀ ਦੇ ਸਿਰਮੌਰ ਲੇਖਕ ਡਾ. ਵਰਿਆਮ ਸਿੰਘ ਸੰਧੂ ਬਤੌਰ ਮੁੱਖ ਮਹਿਮਾਨ ਉੱਘੀ ਰੰਗਮੰਚ ਤੇ ਫਿਲਮ ਕਲਾਕਾਰ ਪ੍ਰੋ. ਸਰਿਤਾ ਤਿਵਾੜੀ, ਸਾਊਥ ਏਸ਼ੀਅਨ ਰਿਵੀਊ ਦੇ ਭੁਪਿੰਦਰ ਸਿੰਘ ਮੱਲ੍ਹੀ ਕੈਨੇਡਾ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਕਾਮਰੇਡ ਪ੍ਰਿਥੀਪਾਲ ਸਿੰਘ ਮਾੜੀ ਮੇਘਾ ਬਤੌਰ ਵਿਸ਼ੇਸ਼ ਮਹਿਮਾਨ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਏ। ਸਾਹਿਤ ਕਲਾ ਕੇਂਦਰ ਦੇ ਮੀਤ ਪ੍ਰਧਾਨ ਇੰਜ. ਮਨੋਹਰ ਖਹਿਰਾ ਨੇ ਸਮਾਗਮ ਵਿਚ ਹਾਜ਼ਰ ਹਸਤੀਆਂ ਲਈ ਸਵਾਗਤੀ ਸ਼ਬਦ ਕਹਿੰਦਿਆਂ ਉਹਨਾਂ ਦੀ ਆਮਦ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ।
ਸਮਾਗਮ ਦੇ ਆਰੰਭ ਵਿਚ ਨੌਜਵਾਨ ਕਲਾਕਾਰ ਧਰਮਿੰਦਰ ਮਸਾਣੀ ਤੇ ਸੰਤ ਹੀਰਾ ਦਾਸ ਕੰਨਿਆ ਮਹਾਂ ਵਿਦਿਆਲਾ ਕਾਲਾ ਸੰਘਿਆਂ ਦੇ ਵਿਦਿਆਰਥੀ ਨੇ ਆਪਣੀ ਗਾਇਨ ਦੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਡਾ. ਰਾਮ ਮੂਰਤੀ ਨੇ ਸਨਮਾਨਤ ਜੋੜੀ ਦਾ ਤੁਆਰਫ ਕਰਾਉਂਦਿਆਂ ਇਪਸਾ ਦੇ ਸਕੱਤਰ ਸਰਬਜੀਤ ਸੋਹੀ ਆਸਟਰੇਲੀਆ ਦਾ ਲਿਖਿਆ ਸਨਮਾਨ ਪੱਤਰ ਪੜ੍ਹਿਆ। ਇਸ ਉਪਰੰਤ ਪ੍ਰਧਾਨਗੀ ਮੰਡਲ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰਾਨ, ਕਾ. ਗੁਰਦਰਸ਼ਨ ਬੀਕਾ ਤੇ ਸ੍ਰੀਮਤੀ ਕੁਲਵਿੰਦਰ ਬੁੱਟਰ ਨੇ ਕਮਲ ਤੇ ਸੁਸ਼ੀਲ ਦੁਸਾਂਝ ਦੀ ਜੋੜੀ ਨੂੰ ਦੁਸ਼ਾਲੇ, ਸਿਰਮਿਤੀ ਚਿੰਨ੍ਹਾਂ ਤੇ ਇੱਕੀ ਇੱਕੀ ਹਜ਼ਾਰ ਰੁਪੈ ਦੀ ਨਗਦ ਰਾਸ਼ੀ ਨਾਲ ਸਨਮਾਨਤ ਕੀਤਾ। ਇਸ ਉਪਰੰਤ ਪ੍ਰਧਾਨਗੀ ਮੰਡਲ ਦੇ ਸਭ ਸਹਿਕਾਰਤ ਮਹਿਮਾਨਾਂ ਦਾ ਵੀ ਦੁਸ਼ਾਲਿਆਂ ਨਾਲ ਸਨਮਾਨ ਕੀਤਾ ਗਿਆ। ਇਸ ਅਵਸਰ ਤੇ ਕਮਲ ਦੁਸਾਂਝ ਤੇ ਸੁਸ਼ੀਲ ਦੁਸਾਂਝ ਨੇ ਆਪਣੇ ਜੀਵਨ ਸਫਰ ਤੇ ਸੰਘਰਸ਼ ਬਾਰੇ ਵਿਚਾਰ ਪ੍ਰਗਟਾਏ। ਮੁੱਖ ਮਹਿਮਾਨ ਸਮੇਤ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਸਹਿਕਾਰਤ ਮਹਿਮਾਨਾਂ ਨੇ ਵੀ ਆਪਣੇ ਵਿਚਾਰ ਪ੍ਰਗਟਾਉਂਦਿਆਂ ਗ਼ਦਰੀ ਭਾਈ ਸੰਤੋਖ ਸਿੰਘ ਦੀ ਅਜ਼ਮਤ ਬਾਰੇ ਦਸਦਿਆਂ ਇਸ ਸਨਮਾਨ ਦੇ ਮਹੱਤਵ ਬਾਰੇ ਵਿਚਾਰ ਪ੍ਰਗਟਾਏ ਅਤੇ ਸਨਮਾਨਤ ਜੋੜੀ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੇਂਦਰੀ ਜਨਰਲ ਸਕੱਤਰ ਕਾ. ਮੰਗਤ ਰਾਮ ਪਾਸਲਾ ਨੇ ਵੀ ਜੋੜੀ ਨੂੰ ਵਧਾਈਆਂ ਤੇ ਅਸੀਸਾਂ ਦਿੱਤੀਆਂ। ਸਮਾਗਮ ਦੇ ਅਖੀਰ ਵਿੱਚ ਇੰਜ. ਸੀਤਲ ਸਿੰਘ ਸੰਘਾ ਨੇ ਸਮਾਗਮ ਦੀ ਸ਼ਾਨ ਬਣਨ ਵਾਲੀਆਂ ਤਮਾਮ ਹਸਤੀਆਂ ਦਾ ਧੰਨਵਾਦ ਕੀਤਾ।
Check Also
ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਜਪਾ ਨੂੰ ਦੱਸਿਆ ਕਿਸਾਨੀ ਵਿਰੋਧੀ
ਕਿਹਾ : ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗਣੇ ਭਾਜਪਾ ਦੀ ਘਟੀਆ ਮਾਨਸਿਕਤਾ ਚੰਡੀਗੜ੍ਹ/ਬਿਊਰੋ ਨਿਊਜ਼ …