ਪੰਜਾਬ ਕਾਂਗਰਸ ‘ਚ ਮੁੜ ਛਿੜਿਆ ਕਾਟੋ-ਕਲੇਸ਼, ਵੜਿੰਗ ਨੇ ਖਹਿਰਾ ਦੀ ਰਾਹੁਲ ਗਾਂਧੀ ਕੋਲ ਕੀਤੀ ਸ਼ਿਕਾਇਤ
ਚੰਡੀਗੜ੍ਹ/ਬਿਊਰੋ ਨਿਊਜ਼ : ਭ੍ਰਿਸ਼ਟਾਚਾਰ ਅਤੇ ਘਪਲੇ ਦੇ ਆਰੋਪਾਂ ਹੇਠ ਗ੍ਰਿਫਤਾਰ ਕੀਤੇ ਗਏ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਹਮਾਇਤ ‘ਚ ਪੰਜਾਬ ਕਾਂਗਰਸ ਵੱਲੋਂ ਚਲਾਈ ਗਈ ਮੁਹਿੰਮ ਨੂੰ ਪਾਰਟੀ ਦੇ ਕਿਸਾਨ ਵਿੰਗ ਦੇ ਕੌਮੀ ਚੇਅਰਮੈਨ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਤਰਕਹੀਣ ਕਰਾਰ ਦਿੱਤਾ ਹੈ। ਖਹਿਰਾ ਨੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੁਖਾਤਿਬ ਹੁੰਦਿਆਂ ਕਿਹਾ ਹੈ ਕਿ ਪਾਰਟੀ ਨੂੰ ਕਿਸੇ ਵਿਅਕਤੀ ਵਿਸ਼ੇਸ਼ ਦੀ ਲੜਾਈ ਲੜਨ ਦੀ ਥਾਂ ਪੰਜਾਬ ਦੇ ਭਖਦੇ ਮੁੱਦਿਆਂ ‘ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਉਨ੍ਹਾਂ ਟਵੀਟ ਕਰਕੇ ਇਹ ਵੀ ਕਿਹਾ ਹੈ ਕਿ ਪਾਰਟੀ ਨੂੰ ਇਸ ਸਮੇਂ ਵਿਅਕਤੀਗਤ ਮੁੱਦਿਆਂ ‘ਤੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਹੈ। ਖਹਿਰਾ ਦੇ ਟਵੀਟ ਨੇ ਪਾਰਟੀ ਅੰਦਰ ਭਾਰੀ ਹਲਚਲ ਪੈਦਾ ਕਰ ਦਿੱਤੀ ਹੈ। ਇਸ ਮਾਮਲੇ ‘ਤੇ ਵੜਿੰਗ ਅਤੇ ਖਹਿਰਾ ਦਰਮਿਆਨ ਤਲਖੀ ਹੋਣ ਦੀਆਂ ਰਿਪੋਰਟਾਂ ਵੀ ਆ ਰਹੀਆਂ ਹਨ।
ਸੂਤਰਾਂ ਮੁਤਾਬਕ ਵੜਿੰਗ ਨੇ ਇਹ ਮਾਮਲਾ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਸੀਨੀਅਰ ਆਗੂ ਏ ਵੇਣੂਗੋਪਾਲ ਦੇ ਧਿਆਨ ‘ਚ ਲਿਆ ਕੇ ਖਹਿਰਾ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਮਾਮਲਾ ਉਸ ਸਮੇਂ ਹੋਰ ਵੀ ਗੰਭੀਰ ਹੋ ਗਿਆ ਜਦੋਂ ਖਹਿਰਾ ਨੇ ਪਾਰਟੀ ਹਾਈਕਮਾਨ ਦੇ ਨਿਰਦੇਸ਼ ਮੰਨਣ ਤੋਂ ਇਨਕਾਰ ਕਰਦਿਆਂ ‘ਵਿਵਾਦਤ ਟਵੀਟ’ ਡਿਲੀਟ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ।
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਹੋਣ ਵਾਲੇ ਦਿਨ ਤੋਂ ਹੀ ਕਾਂਗਰਸ ਆਗੂ ਵਿਜੀਲੈਂਸ ਦੀ ਕਾਰਵਾਈ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਇੱਥੋਂ ਤੱਕ ਕਿ ਸੂਬੇ ਦੇ ਸੀਨੀਅਰ ਕਾਂਗਰਸੀ ਆਗੂਆਂ ਨੇ ਲੁਧਿਆਣਾ ‘ਚ ਐੱਸਐੱਸਪੀ (ਵਿਜੀਲੈਂਸ) ਦੇ ਦਫ਼ਤਰ ਨੇੜੇ ਧਰਨਾ ਵੀ ਦਿੱਤਾ ਹੋਇਆ ਹੈ। ਇਸ ਧਰਨੇ ਵਿੱਚ ਇੱਕ ਦਿਨ ਪਹਿਲਾਂ ਹੀ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਸ਼ਮੂਲੀਅਤ ਕਰਦਿਆਂ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੀ ਵਜ਼ਾਰਤ ਵਿੱਚ ਰਹੇ ਮੰਤਰੀਆਂ ਨੂੰ ਬੇਦਾਗ਼ ਹੋਣ ਦਾ ਸਰਟੀਫਿਕੇਟ ਵੀ ਜਾਰੀ ਕੀਤਾ ਸੀ।
ਖਹਿਰਾ ਨੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਟਵੀਟ ਕਰਕੇ ਕੁੱਝ ਵੀ ਗਲਤ ਨਹੀਂ ਕੀਤਾ ਹੈ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਜੇਕਰ ਪਾਰਟੀ ਦਾ ਕੋਈ ਆਗੂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਘਿਰਦਾ ਹੈ ਤਾਂ ਸਭ ਤੋਂ ਪਹਿਲਾਂ ਦੋਸ਼ਾਂ ‘ਚ ਘਿਰਨ ਵਾਲੇ ਵਿਅਕਤੀ ਨੂੰ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਆਪਣੀ ਸਥਿਤੀ ਸਪੱਸ਼ਟ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਆਸ਼ੂ ਵੱਲੋਂ ਆਪਣੀ ਸਥਿਤੀ ਸਪੱਸ਼ਟ ਨਹੀਂ ਕਰ ਦਿੱਤੀ ਜਾਂਦੀ ਉਦੋਂ ਤੱਕ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਕੋਈ ਤੁਕ ਨਹੀਂ ਬਣਦੀ ਕਿਉਂਕਿ ਸੋਸ਼ਲ ਮੀਡੀਆ ‘ਤੇ ਕਾਂਗਰਸ ਆਗੂ ਹੀ ਲੋਕਾਂ ਦੇ ਰੋਹ ਦਾ ਸ਼ਿਕਾਰ ਹੋ ਰਹੇ ਹਨ।
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਨੂੰ ਸਹੀ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਕੁੱਝ ਵੀ ਗਲਤ ਨਹੀਂ ਲਿਖਿਆ ਹੈ। ਉਨ੍ਹਾਂ ਕਿਹਾ ਕਿ ਟਵੀਟ ‘ਚ ਜੋ ਵੀ ਲਿਖਿਆ ਹੈ, ਉਹ ਲੋਕਾਂ ਦੀਆਂ ਭਾਵਨਾਵਾਂ ਮੁਤਾਬਕ ਹੈ। ਪੰਜਾਬ ਕਾਂਗਰਸ ਵਿੱਚ ਚੱਲ ਰਹੀ ਇਸ ਕਸ਼ਮਕਸ਼ ਨੇ ਪਾਰਟੀ ਅੰਦਰ ਚੱਲ ਰਹੀ ਧੜੇਬੰਦੀ ਨੂੰ ਵੀ ਉਜਾਗਰ ਕਰ ਦਿੱਤਾ ਹੈ।
ਪਾਰਟੀ ਆਗੂਆਂ ਮੁਤਾਬਕ ਖਹਿਰਾ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਦੇ ਮਾਮਲੇ ‘ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਪਹਿਲਾਂ ਹੀ ਖਫਾ ਸਨ ਅਤੇ ਤਾਜ਼ਾ ਟਵੀਟ ਨੇ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਕਾਂਗਰਸ ਅੰਦਰ ਕਾਟੋ ਕਲੇਸ਼ ਵਧਣ ਦੇ ਵੀ ਸੰਕੇਤ ਮਿਲ ਰਹੇ ਹਨ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ‘ਆਪ’ ਸਰਕਾਰ ਵੱਲੋਂ ਸਾਬਕਾ ਮੰਤਰੀਆਂ ਵਿਰੁੱਧ ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਕਾਂਗਰਸ ਇੱਕ ਤਰ੍ਹਾਂ ਨਾਲ ਦੋ ਧੜਿਆਂ ‘ਚ ਵੰਡੀ ਪਈ ਹੈ।
ਪਾਰਟੀ ਦੇ ਵੱਡੀ ਗਿਣਤੀ ਆਗੂ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਘਿਰਨ ਵਾਲੇ ਆਗੂਆਂ ਦੀ ਹਮਾਇਤ ਵਾਲੀ ਮੁਹਿੰਮ ਦਾ ਅੰਦਰਖਾਤੇ ਵਿਰੋਧ ਕਰ ਰਹੇ ਹਨ। ਪਾਰਟੀ ਦੇ ਇੱਕ ਆਗੂ ਨੇ ਕਿਹਾ ਕਿ ਆਉਂਦੇ ਦਿਨਾਂ ਦੌਰਾਨ ਵਿਜੀਲੈਂਸ ਦੀ ਕਾਰਵਾਈ ਦਾ ਦਾਇਰਾ ਵਧ ਸਕਦਾ ਹੈ ਅਤੇ ਇਹ ਮੁਹਿੰਮ ਕਿੰਨਾ ਸਮਾਂ ਚੱਲੇਗੀ, ਇਹ ਵੀ ਇੱਕ ਗੁੱਝਾ ਸਵਾਲ ਹੈ।
ਬਿਨਾਂ ਮੰਗੇ ਸਲਾਹ ਨਾ ਦੇਣ ਖਹਿਰਾ : ਵੜਿੰਗ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਕੀਤੇ ਗਏ ਟਵੀਟ ਦਾ ਜਵਾਬ ਦਿੰਦਿਆਂ ਕਿਹਾ ਕਿ ਖਹਿਰਾ ਬਿਨਾਂ ਮੰਗੇ ਕੋਈ ਸਲਾਹ ਨਾ ਦੇਣ। ਉਨ੍ਹਾਂ ਕਿਹਾ ਕਿ ਜੇਕਰ ਬਿਨ੍ਹਾਂ ਮੰਗੇ ਕੋਈ ਆਗੂ ਸਲਾਹ ਦਿੰਦਾ ਹੈ ਤਾਂ ਉਸ ਦੀ ਵੁੱਕਤ ਘੱਟ ਹੋ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਖਹਿਰਾ ਨੂੰ ਜੇਕਰ ਕੋਈ ਦਿੱਕਤ ਹੈ ਤਾਂ ਉਹ ਪਾਰਟੀ ਪਲੇਟਫਾਰਮ ‘ਤੇ ਆ ਕੇ ਗੱਲ ਕਰਨ। ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਦੇ ਵਿਰੋਧ ‘ਚ ਧਰਨਾ ਦੇਣ ਦੇ ਸਵਾਲ ‘ਤੇ ਵੜਿੰਗ ਨੇ ਕਿਹਾ ਕਿ ਉਹ ਪਾਰਟੀ ਦੇ ਪ੍ਰਧਾਨ ਹਨ ਅਤੇ ਕਈ ਥਾਵਾਂ ‘ਤੇ ਲੋਕ ਮੁੱਦਿਆਂ ਦੀ ਲੜਾਈ ਲੜਦੇ ਆ ਰਹੇ ਹਨ ਪਰ ਅੱਜ ਜੇਕਰ ਉਨ੍ਹਾਂ ਦੇ ਸਾਥੀ ਨੂੰ ਲੋੜ ਹੈ ਤਾਂ ਪਾਰਟੀ ਉਸ ਦੇ ਹੱਕ ‘ਚ ਜ਼ਰੂਰ ਖੜ੍ਹੇਗੀ। ਕਾਂਗਰਸ ਛੱਡ ਕੇ ਭਾਜਪਾ ‘ਚ ਗਏ ਸੁਨੀਲ ਜਾਖੜ ਦੇ ਬਿਆਨ ‘ਤੇ ਵੜਿੰਗ ਨੇ ਕਿਹਾ ਕਿ ਜਾਖੜ ਨੂੰ ਲੋਕਾਂ ਦੇ ਨਾਲ ਨਾਲ ਵਰਕਰਾਂ ਨੇ ਵੀ ਨਕਾਰਿਆ ਹੈ।
ਉਨ੍ਹਾਂ ਕਿਹਾ ਕਿ ਵੱਡੇ ਆਗੂਆਂ ਨੂੰ ਇਸ ਗੱਲ ਦੀ ਪ੍ਰੇਸ਼ਾਨੀ ਹੋ ਰਹੀ ਹੈ ਕਿ ਇੱਕ ਆਮ ਵਰਕਰ ਆਖਰ ਇੰਨੇ ਵੱਡੇ ਅਹੁਦੇ ਤੱਕ ਕਿਵੇਂ ਪੁੱਜ ਗਿਆ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਨੂੰ ਸਹੀ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਕੁੱਝ ਵੀ ਗਲਤ ਨਹੀਂ ਲਿਖਿਆ ਹੈ।
ਅਸੀਂ ਕਾਂਗਰਸ ਦੇ ਕਿਰਾਏਦਾਰ ਨਹੀਂ: ਮਨੀਸ਼ ਤਿਵਾੜੀ
ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਵੱਲੋਂ ਜਥੇਬੰਦਕ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਅਲਵਿਦਾ ਕਹਿ ਜਾਣ ਤੋਂ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਵੀ ਪਾਰਟੀ ਤੋਂ ਨਾਰਾਜ਼ ਨਜ਼ਰ ਆ ਰਹੇ ਹਨ। ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ‘ਮੈਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਮੈਂ ਪਾਰਟੀ ਨੂੰ 42 ਸਾਲ ਦਿੱਤੇ ਹਨ। ਅਸੀਂ ਪਾਰਟੀ ਦੇ ਕਿਰਾਏਦਾਰ ਨਹੀਂ ਹਾਂ ਬਲਕਿ ਵਰਕਰ ਹਾਂ।’ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਪਾਰਟੀ ਗਤੀਵੀਧੀਆਂ ਬਾਰੇ ਮੁੜ ਵਿਚਾਰ ਕਰਨ ਦੀ ਲੋੜ ਹੈ। ਜੇਕਰ ਦਸੰਬਰ 2020 ਵਿੱਚ ਸੋਨੀਆ ਗਾਂਧੀ ਦੇ ਘਰ ਹੋਈ ਮੀਟਿੰਗ ਵਿੱਚ ਸਹਿਮਤੀ ਬਣ ਗਈ ਹੁੰਦੀ ਤਾਂ ਪਾਰਟੀ ਨੂੰ ਅੱਜ ਵਰਗੇ ਹਾਲਾਤ ਨਾ ਦੇਖਣੇ ਪੈਂਦੇ। ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਦੋ ਸਾਲ ਪਹਿਲਾਂ ਆਗੂਆਂ ਵਿੱਚੋਂ 23 ਜਣਿਆਂ ਨੇ ਪੱਤਰ ਲਿਖਿਆ ਸੀ ਕਿ ਪਾਰਟੀ ਦੀ ਹਾਲਤ ਚਿੰਤਾਜਨਕ ਹੈ। ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਉਸ ਪੱਤਰ ਤੋਂ ਬਾਅਦ ਦੇਸ਼ ਵਿੱਚ 10 ਸੂਬਿਆਂ ਵਿੱਚ ਚੋਣਾਂ ਹੋਈਆਂ, ਕਾਂਗਰਸ ਸਾਰੀਆਂ ਚੋਣਾਂ ਹਾਰ ਰਹੀ ਹੈ। ਤਿਵਾੜੀ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਪਾਰਟੀ ਲਈ ਕੰਮ ਕਰਦੇ ਆ ਰਹੇ ਹਨ, ਉਨ੍ਹਾਂ ਨੂੰ ਕਿਸੇ ਤੋਂ ਆਪਣੇ ਕੰਮ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ।