ਆਬੂਧਾਬੀ ਤੋਂ ਕਾਲੀਕਟ ਆ ਰਹੀ ਫਲਾਈਟ ਦੀ ਕਰਵਾਈ ਐਮਰਜੈਂਸੀ ਲੈਂਡਿੰਗ, ਸਾਰੇ 184 ਯਾਤਰੀ ਸੁਰੱਖਿਅਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਏਅਰ ਇੰਡੀਆ ਐਕਸਪ੍ਰੈਸ ਦੀ ਆਬੂਧਾਬੀ ਤੋਂ ਕਾਲੀਕਟ ਆ ਰਹੀ ਫਲਾਈਟ ਦੇ ਇੰਜਣ ਵਿਚ ਅੱਗ ਲੱਗ ਗਈ, ਜਿਸ ਤੋਂ ਬਾਅਦ ਫਲਾਈਟ ਦੀ ਮੁੜ ਆਬੂਧਾਬੀ ਦੇ ਏਅਰਪੋਰਟ ’ਤੇ ਐਮਰਜੈਂਸੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ। ਜਿਸ ਸਮੇਂ ਜਹਾਜ਼ ਦੇ ਇੰਜਣ ਨੂੰ ਅੱਗ ਲੱਗੀ ਉਸ ਸਮੇਂ ਜਹਾਜ ਇਕ ਹਜ਼ਾਰ ਫੁੱਟ ਦੀ ਉਚਾਈ ’ਤੇ ਉਡ ਰਿਹਾ ਸੀ। ਏਅਰ ਇੰਡੀਆ ਐਕਸਪ੍ਰੈਸ ਦੇ ਅਨੁਸਾਰ ਫਲਾਈਟ ’ਚ ਸਵਾਰ ਸਾਰੇ 184 ਯਾਤਰੀ ਸੁਰੱਖਿਅਤ ਹਨ। ਮੀਡੀਆ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਏਅਰ ਇੰਡੀਆ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਫਲਾਈਟ ਨੇ ਸ਼ੁੱਕਰਵਾਰ ਸਵੇਰੇ ਆਬੂਧਾਬੀ ਤੋਂ ਕੇਰਲ ਦੇ ਕਾਲੀਕਟ ਲਈ ਉਡਾਣ ਭਰੀ ਸੀ। ਟੇਕਆਫ਼ ਦੌਰਾਨ ਜਹਾਜ਼ ਦੀ ਫਲਾਈਟ ਮੈਨੇਜਮੈਂਟ ਸਿਸਟਮ ’ਚ ਤਕਨੀਕੀ ਖਰਾਬੀ ਆ ਗਈ ਸੀ, ਜਿਸ ਕਾਰਨ ਜਹਾਜ਼ ਦੇ ਇਕ ਇੰਜਣ ਵਿਚ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਉਡਾਣ ਭਰਨ ਤੋਂ ਪਹਿਲਾਂ ਪਾਇਲਟ ਨੇ ਇਸ ਖਰਾਬੀ ਨੂੰ ਨੋਟਿਸ ਨਹੀਂ ਕੀਤਾ ਸੀ, ਹਾਲਾਂਕਿ ਬਾਅਦ ’ਚ ਅੱਗ ਲੱਗਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਫਲਾਈਟ ਨੂੰ ਵਾਪਸ ਆਬੂਧਾਬੀ ਏਅਰਪੋਰਟ ਭੇਜਿਆ ਗਿਆ, ਜਿੱਥੇ ਫਲਾਈਟ ਦੀ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕਰਵਾਈ ਗਈ।