Breaking News
Home / ਪੰਜਾਬ / ਜਲਵਾਯੂ ਪਰਿਵਰਤਨ ਤੇ ਭੋਜਨ ਸੁਰੱਖਿਆ ਗੰਭੀਰ ਚੁਣੌਤੀਆਂ : ਕਟਾਰੀਆ

ਜਲਵਾਯੂ ਪਰਿਵਰਤਨ ਤੇ ਭੋਜਨ ਸੁਰੱਖਿਆ ਗੰਭੀਰ ਚੁਣੌਤੀਆਂ : ਕਟਾਰੀਆ

ਪੰਜਾਬ ਦੇ ਗੰਧਲੇ ਹੋ ਰਹੇ ਪਾਣੀਆਂ ਨੂੰ ਸੰਭਾਲਣ ਦੀ ਲੋੜ: ਮਾਨ; ਪੀਏਯੂ ਵਿੱਚ ਚਾਰ ਰੋਜ਼ਾ ਕੌਮਾਂਤਰੀ ਕਾਨਫਰੰਸ ਸ਼ੁਰੂ
ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਵਿਖੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਚ ‘ਜਲਵਾਯੂ ਪਰਿਵਰਤਨ ਅਤੇ ਊਰਜਾ ਤਬਦੀਲੀ ਦੇ ਸੰਦਰਭ ਵਿੱਚ ਖੇਤੀ-ਭੋਜਨ ਪ੍ਰਣਾਲੀਆਂ ਨੂੰ ਬਦਲਣਾ’ ਵਿਸ਼ੇ ‘ਤੇ ਚਾਰ ਰੋਜ਼ਾ ਕੌਮਾਂਤਰੀ ਕਾਨਫਰੰਸ ਮੰਗਲਵਾਰ ਨੂੰ ਸ਼ੁਰੂ ਹੋਈ ਸੀ। ਇੰਡੀਅਨ ਇਕੋਲੌਜੀਕਲ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਮਾਰੋਹ ਦੀ ਪ੍ਰਧਾਨਗੀ ‘ਵਰਸਿਟੀ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ ਅਤੇ ਉਨ੍ਹਾਂ ਨਾਲ ਅਮਰੀਕਾ ਤੋਂ ਵਿਸ਼ੇਸ਼ ਤੌਰ ‘ਤੇ ਆਏ ਡਾ. ਜੌਹਨ ਐੱਚ. ਪਰਕਿਨਸ ਅਤੇ ਇੰਡੀਅਨ ਇਕੋਲੌਜੀਕਲ ਸੁਸਾਇਟੀ ਦੇ ਪ੍ਰਧਾਨ ਡਾ. ਅਸ਼ੋਕ ਧਵਨ ਵੀ ਮੰਚ ‘ਤੇ ਸੁਸ਼ੋਭਿਤ ਰਹੇ। ਕਟਾਰੀਆ ਨੇ ਜਲਵਾਯੂ ਪਰਿਵਰਤਨ, ਭੋਜਨ ਸੁਰੱਖਿਆ ਤੇ ਖੇਤੀ ਨਿਰੰਤਰਤਾ ਨੂੰ ਇੱਕੀਵੀਂ ਸਦੀ ਦੀਆਂ ਗੰਭੀਰ ਚੁਣੌਤੀਆਂ ਮੰਨਦਿਆਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਨਾਲ ਸਿਰਫ਼ ਸਾਡਾ ਦੇਸ਼ ਹੀ ਨਹੀਂ ਬਲਕਿ ਪੂਰਾ ਵਿਸ਼ਵ ਜੂਝ ਰਿਹਾ ਹੈ।
ਉਨ੍ਹਾਂ ਕਿਹਾ, ‘ਕੁਦਰਤ ਨੇ ਸਾਨੂੰ ਅਸੀਮ ਨਿਆਮਤਾਂ ਦਿੱਤੀਆਂ ਹਨ ਪਰ ਅਸੀਂ ਇਨ੍ਹਾਂ ਨੂੰ ਸੰਭਾਲਣ ਦੀ ਥਾਂ ਆਪਣੇ ਕੁਦਰਤੀ ਸੋਮਿਆਂ ਦਾ ਘਾਣ ਕਰ ਰਹੇ ਹਾਂ। ਅੱਜ ਸਾਡੀ ਮਿੱਟੀ, ਪੌਣ-ਪਾਣੀ ਤੇ ਵਾਤਾਵਰਨ ਗੰਧਲਾ ਹੋ ਰਿਹਾ ਹੈ, ਜੋ ਸਮੁੱਚੀ ਮਾਨਵਤਾ ਲਈ ਖਤਰੇ ਦੀ ਘੰਟੀ ਹੈ।
ਇਸ ਲਈ ਸਾਨੂੰ ਸਾਰਿਆਂ ਨੂੰ ਸਵੈ-ਵਿਸ਼ਲੇਸ਼ਣ ਕਰਨ ਦੀ ਲੋੜ ਹੈ।’ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਮੁੱਚੇ ਦੇਸ਼ ਨੂੰ ਭੋਜਨ ਸੁਰੱਖਿਆ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕਿਹਾ,’ਚੌਲ ਸਾਡੀ ਖੁਰਾਕ ਨਾ ਹੋਣ ਦੇ ਬਾਵਜੂਦ ਅਸੀਂ ਇਸ ਨੂੰ ਦੇਸ਼ ਵਾਸੀਆਂ ਲਈ ਪੈਦਾ ਕਰ ਰਹੇ ਹਾਂ, ਪਰ ਇਸ ਦਾ ਖਮਿਆਜ਼ਾ ਸਾਨੂੰ ਲਗਾਤਾਰ ਪਾਣੀ ਦੇ ਪੱਧਰ ਦੀ ਗਿਰਾਵਟ ਵਜੋਂ ਭੁਗਤਣਾ ਪੈ ਰਿਹਾ ਹੈ।’ ਉਨ੍ਹਾਂ ਕਿਹਾ ਕਿ ਪੰਜਾਬ ਦੇ ਗੰਧਲੇ ਹੋ ਰਹੇ ਪਾਣੀਆਂ ਨੂੰ ਸੰਭਾਲਣ ਦੀ ਲੋੜ ਹੈ ਤਾਂ ਜੋ ਪੰਜਾਬ ਕੇਵਲ ਨਾਂ ਦਾ ਹੀ ਪੰਜ-ਆਬ ਨਾ ਰਹਿ ਜਾਵੇ। ‘ਵਰਸਿਟੀ ਦੇ ਉਪ ਕੁਲਪਤੀ ਡਾ. ਗੋਸਲ ਨੇ ਦੱਸਿਆ ਕਿ ਜਲਵਾਯੂ ਪਰਿਵਰਤਨ ਇੱਕੀਵੀਂ ਸਦੀ ਦੀ ਗੰਭੀਰ ਚੁਣੌਤੀ ਹੈ, ਜਿਸ ਦਾ ਹੱਲ ਲੱਭਣ ਲਈ ਸਾਡੇ ਵਿਗਿਆਨੀ ਇਸ ਕਾਨਫਰੰਸ ਵਿੱਚ ਵਿਚਾਰ-ਵਟਾਂਦਰਾ ਕਰਨਗੇ।

Check Also

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ

ਕਿਹਾ : ਚੰਡੀਗੜ੍ਹ ਪੰਜਾਬ ਦਾ ਹੈ, ਅਸੀਂ ਇਕ ਇੰਚ ਵੀ ਜਗ੍ਹਾ ਕਿਸੇ ਨੂੰ ਨਹੀਂ ਦਿਆਂਗੇ …