Breaking News
Home / ਜੀ.ਟੀ.ਏ. ਨਿਊਜ਼ / ਪ੍ਰੋਵਿੰਸ਼ੀਅਲ ਚੋਣਾਂ ਨੂੰ ਲੈ ਕੇ ਵੱਡੀਆਂ ਪਾਰਟੀਆਂ ਦੇ ਆਗੂਆਂ ਦਰਮਿਆਨ ਹੋਈ ਬਹਿਸ

ਪ੍ਰੋਵਿੰਸ਼ੀਅਲ ਚੋਣਾਂ ਨੂੰ ਲੈ ਕੇ ਵੱਡੀਆਂ ਪਾਰਟੀਆਂ ਦੇ ਆਗੂਆਂ ਦਰਮਿਆਨ ਹੋਈ ਬਹਿਸ

ਫੋਰਡ ਆਏ ਵਿਰੋਧੀਆਂ ਦੇ ਨਿਸ਼ਾਨੇ ‘ਤੇ
ਓਨਟਾਰੀਓ : ਓਨਟਾਰੀਓ ਵਿੱਚ ਪ੍ਰੋਵਿੰਸ਼ੀਅਲ ਚੋਣਾਂ ਸਬੰਧੀ ਹੋਈ ਬਹਿਸ ਵਿੱਚ ਤਿੰਨਾਂ ਵੱਡੀਆਂ ਪਾਰਟੀਆਂ ਦੇ ਆਗੂਆਂ ਨੇ ਪ੍ਰੋਗਰੈਸਿਵ ਕੰਸਰਵੇਟਿਵ ਆਗੂ ਡੱਗ ਫੋਰਡ ਉੱਤੇ ਤਿੱਖੇ ਹਮਲੇ ਕੀਤੇ। ਪਰ ਫੋਰਡ ਨੇ ਇਨ੍ਹਾਂ ਹਮਲਿਆਂ ਦਾ ਮੋੜਵਾਂ ਜਵਾਬ ਦੇਣ ਦੀ ਥਾਂ ਇਨਫਰਾਸਟ੍ਰਕਚਰ ਤੇ ਕਿਫਾਇਤੀਪਨ ਸਬੰਧੀ ਆਪਣਾ ਸੁਨੇਹਾ ਦਿੱਤਾ।
ਗ੍ਰੀਨ ਪਾਰਟੀ ਆਗੂ ਮਾਈਕ ਸ਼ਰੇਨਰ ਵੱਲੋਂ ਫੋਰਡ ਉੱਤੇ ਵਾਰ ਕਰਦਿਆਂ ਆਖਿਆ ਗਿਆ ਕਿ ਪ੍ਰੀਮੀਅਰ ਵਜੋਂ ਟੋਰੀ ਆਗੂ ਨੇ ਨਰਸਾਂ ਦਾ ਅਪਮਾਨ ਕੀਤਾ ਹੈ ਤੇ ਪਬਲਿਕ ਸੈਕਟਰ ਦੇ ਵਰਕਰਜ਼ ਲਈ ਮੁਆਵਜ਼ੇ ਵਿੱਚ ਕੀਤੇ ਜਾਣ ਵਾਲੇ ਵਾਧੇ ਉੱਤੇ ਵੀ ਰੋਕ ਲਾਈ ਹੈ। ਉਨ੍ਹਾਂ ਆਖਿਆ ਕਿ ਇੱਕ ਪਾਸੇ ਤਾਂ ਫੋਰਡ ਇਨ੍ਹਾਂ ਨਰਸਾਂ ਨੂੰ ਹੀਰੋ ਦਾ ਦਰਜਾ ਦੇ ਰਹੇ ਹਨ ਤੇ ਦੂਜੇ ਪਾਸੇ ਉਨ੍ਹਾਂ ਦੇ ਭੱਤਿਆਂ ਵਿੱਚ ਕਟੌਤੀ ਵੀ ਕੀਤੀ ਜਾ ਰਹੀ ਹੈ।
ਸ਼ਰੇਨਰ ਨੇ ਫੋਰਡ ਉੱਤੇ ਹੋਰ ਵਾਰ ਕਰਦਿਆਂ ਆਖਿਆ ਕਿ ਮਹਾਂਮਾਰੀ ਦੌਰਾਨ ਫੋਰਡ ਵੱਲੋਂ ਲਾਂਗ ਟਰਮ ਕੇਅਰ ਦੇ ਮਸਲੇ ਨਾਲ ਜਿਸ ਤਰ੍ਹਾਂ ਸਿੱਝਿਆ ਗਿਆ ਉਹ ਬਿਲਕੁਲ ਗਲਤ ਸੀ। ਇਸ ਉੱਤੇ ਫੋਰਡ ਨੇ ਆਖਿਆ ਕਿ ਉਹ ਹਸਪਤਾਲਾਂ ਦਾ ਨਿਰਮਾਣ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਜਦੋਂ ਅਸੀਂ ਸੱਤਾ ਸਾਂਭੀ ਸੀ ਤਾਂ ਸਾਡਾ ਹੈਲਥ ਕੇਅਰ ਸਿਸਟਮ ਲੀਹ ਤੋਂ ਲੱਥਿਆ ਹੋਇਆ ਸੀ ਪਰ ਹੁਣ ਪ੍ਰੋਵਿੰਸ ਦੇ ਹਰੇਕ ਰੀਜਨ ਵਿੱਚ ਨਵਾਂ ਹਸਪਤਾਲ ਤਿਆਰ ਕਰਵਾਇਆ ਜਾ ਰਿਹਾ ਹੈ ਤੇ ਇਸ ਸਮੇਂ ਅਜਿਹੇ 50 ਪ੍ਰੋਜੈਕਟ ਚੱਲ ਰਹੇ ਹਨ। ਉਨ੍ਹਾਂ ਆਖਿਆ ਕਿ ਪ੍ਰੋਗਰੈਸਿਵ ਕੰਸਰਵੇਟਿਵਾਂ ਨੇ ਇਹ ਐਲਾਨ ਕੀਤਾ ਸੀ ਕਿ ਉਹ ਨਰਸਾਂ ਦੀ ਟਿਊਸ਼ਨ ਫੀਸ ਨੂੰ ਫੰਡ ਕਰਨਗੇ ਜੇ ਉਹ ਅਜਿਹੀਆਂ ਥਾਂਵਾਂ ਉੱਤੇ ਕੰਮ ਕਰਨਗੀਆਂ ਜਿੱਥੇ ਸੇਵਾਵਾਂ ਦੀ ਘਾਟ ਹੈ। ਇਸ ਤੋਂ ਇਲਾਵਾ ਫੋਰਡ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਪਰਸਨਲ ਸਪੋਰਟ ਵਰਕਰ ਲਈ 3 ਡਾਲਰ ਪ੍ਰਤੀ ਘੰਟੇ ਦਾ ਵਾਧਾ ਕੀਤਾ ਗਿਆ ਤੇ ਇਸ ਤੋਂ ਇਲਾਵਾ ਨਰਸਾਂ ਨੂੰ ਰਿਟੈਂਸ਼ਨ ਪੇਅ ਬੋਨਸ ਵਜੋਂ 5000 ਡਾਲਰ ਵੀ ਦਿੱਤੇ ਜਾ ਰਹੇ ਹਨ।
ਬਾਕੀ ਤਿੰਨ ਆਗੂਆਂ ਨੇ ਨਰਸਾਂ ਤੇ ਹੋਰ ਪਬਲਿਕ ਸੈਕਟਰ ਵਰਕਰਜ਼ ਲਈ ਮੁਆਵਜ਼ੇ ਵਿੱਚ ਵਾਧੇ ਸਬੰਧੀ ਬਿੱਲ ਨੂੰ ਰੱਦ ਕਰਨ ਦੇ ਮੁੱਦੇ ਉੱਤੇ ਆਖਿਆ ਕਿ ਇਸ ਨਾਲ ਨਰਸਾਂ ਤੇ ਹੋਰ ਕਰਮਚਾਰੀਆਂ ਨੂੰ ਇੱਕ ਸਮੇਂ ਅਦਾਇਗੀ ਨਾਲੋਂ ਵਧੇਰੇ ਮਦਦ ਹੋ ਜਾਣੀ ਸੀ।
ਐਨਡੀਪੀ ਆਗੂ ਐਂਡਰੀਆ ਹੌਰਵਥ ਨੇ ਫੋਰਡ ਉੱਤੇ ਵਾਰ ਕਰਦਿਆਂ ਆਖਿਆ ਕਿ ਉਨ੍ਹਾਂ ਨੇ ਸਾਡੇ ਪਬਲਿਕ ਐਜੂਕੇਸ਼ਨ ਸਿਸਟਮ ਨੂੰ ਤਬਾਹ ਕਰ ਦਿੱਤਾ ਹੈ ਪਰ ਫੋਰਡ ਨੇ ਇਸ ਦੋਸ਼ ਨੂੰ ਸਵੀਕਾਰਨ ਤੋਂ ਇਨਕਾਰ ਕਰ ਦਿੱਤਾ। ਲਿਬਰਲ ਆਗੂ ਸਟੀਵਨ ਡੈਲ ਡੂਕਾ ਨੇ ਵੀ ਸਿੱਖਿਆ ਸਬੰਧੀ ਮੁੱਦੇ ਉੱਤੇ ਫੋਰਡ ਦੀ ਸਖ਼ਤ ਨੁਕਤਾਚੀਨੀ ਕੀਤੀ। ਪਰ ਫੋਰਡ ਨੇ ਆਖਿਆ ਕਿ ਸਿੱਖਿਆ ਸਬੰਧੀ ਉਨ੍ਹਾਂ ਦੀ ਸਰਕਾਰ ਦੇ ਰਿਕਾਰਡ ਉੱਤੇ ਉਹ ਮਾਣ ਕਰਦੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਉਹ ਭਵਿੱਖ ਵਿੱਚ ਵਿਦਿਆਰਥੀਆਂ ਨੂੰ ਨੌਕਰੀਆਂ ਲਈ ਤਿਆਰ ਕਰ ਰਹੇ ਹਨ।
ਇਸ ਦੌਰਾਨ ਕੁਈਨਜ਼ ਯੂਨੀਵਰਸਿਟੀ ਦੀ ਪੁਲਿਟੀਕਲ ਸਟੱਡੀਜ਼ ਵਿੱਚ ਟੀਚਿੰਗ ਫੈਲੋਅ ਟਿੰਮ ਐਂਬਰੇਅ ਨੇ ਆਖਿਆ ਕਿ ਫੋਰਡ ਨੇ ਹਮਲਾਵਰ ਨਹੀਂ ਸਗੋਂ ਰੱਖਿਆਤਮਕ ਪਹੁੰਚ ਬੜੀ ਸਫਲਤਾ ਨਾਲ ਅਪਣਾਈ। ਹੁਣ ਤੱਕ ਕਰਵਾਏ ਗਏ ਸਰਵੇਖਣਾਂ ਤੋਂ ਸਾਹਮਣੇ ਆਇਆ ਹੈ ਕਿ ਚੋਣਾਂ ਵਿੱਚ ਫੋਰਡ ਦੀ ਲੀਡ ਬਰਕਰਾਰ ਹੈ ਤੇ ਐਬਰੇਅ ਨੇ ਆਖਿਆ ਕਿ ਜਿਸ ਤਰ੍ਹਾਂ ਦਾ ਹਥਕੰਢਾ ਫੋਰਡ ਵੱਲੋਂ ਬਹਿਸ ਵਿੱਚ ਅਪਣਾਇਆ ਗਿਆ ਹੈ ਉਹ ਮੂਹਰਲੀ ਕਤਾਰ ਵਾਲੇ ਉਮੀਦਵਾਰਾਂ ਵਾਲਾ ਹੀ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …