ਓਟਵਾ/ਬਿਊਰੋ ਨਿਊਜ਼ : ਕਥਿਤ ਤੌਰ ਉੱਤੇ ਹਾਕੀ ਕੈਨੇਡਾ ਦੇ ਖਿਡਾਰੀਆਂ ਉੱਤੇ ਸਮੂਹਿਕ ਜਿਨਸੀ ਹਮਲਾ ਕਰਨ ਦਾ ਦੋਸ਼ ਲਾਉਣ ਵਾਲੀ ਮਹਿਲਾ ਨੇ ਪੌਲੀਗ੍ਰੈਫ ਟੈਸਟ ਪਾਸ ਕਰ ਲਿਆ ਹੈ। ਇਹ ਜਾਣਕਾਰੀ ਉਸ ਦੇ ਵਕੀਲ ਨੇ ਦਿੱਤੀ।
ਪਰਸਨਲ ਇੰਜਰੀ ਲਾਇਰ ਰੌਬਰਟ ਤਲਚ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਆਖਿਆ ਗਿਆ ਕਿ ਮਹਿਲਾ ਨੇ ਇਹ ਲਾਈ ਡਿਟੈਕਟਰ ਟੈਸਟ ਸਫਲਤਾ ਨਾਲ ਪਾਸ ਕਰ ਲਿਆ। ਪੌਲੀਗ੍ਰੈਫ ਟੈਸਟ ਦੇ ਨਤੀਜੇ ਲੰਡਨ ਪੁਲਿਸ, ਹਾਕੀ ਕੈਨੇਡਾ ਰੀਵਿਊ ਤੇ ਐਨਐਚਐਲ ਜਾਂਚਕਾਰਾਂ ਨੂੰ ਮੁਹੱਈਆ ਕਰਵਾਏ ਗਏ ਹਨ।
ਜ਼ਿਕਰਯੋਗ ਹੈ ਕਿ ਮਹਿਲਾ ਨੇ ਦੋਸ਼ ਲਾਇਆ ਸੀ ਕਿ ਹਾਕੀ ਕੈਨੇਡਾ ਦੇ ਅੱਠ ਖਿਡਾਰੀਆਂ, ਜਿਨ੍ਹਾਂ ਵਿੱਚ ਕੈਨੇਡਾ 2018 ਦੀ ਵਰਲਡ ਜੂਨੀਅਰ ਟੀਮ ਦੇ ਮੈਂਬਰ ਵੀ ਸ਼ਾਮਲ ਸਨ, ਨੇ ਚਾਰ ਸਾਲ ਪਹਿਲਾਂ ਲੰਡਨ, ਓਨਟਾਰੀਓ ਵਿੱਚ ਹਾਕੀ ਕੈਨੇਡਾ ਦੇ ਇੱਕ ਗਾਲਾ ਈਵੈਂਟ ਤੋਂ ਬਾਅਦ ਉਸ ਉੱਤੇ ਜਿਨਸੀ ਹਮਲਾ ਕੀਤਾ ਸੀ।
ਇਸ ਮਹਿਲਾ ਵੱਲੋਂ ਸਟੇਟਮੈਂਟ ਆਫ ਕਲੇਮ 20 ਅਪ੍ਰੈਲ, 2022 ਨੂੰ ਦਰਜ ਕਰਵਾਈ ਗਈ ਸੀ ਤੇ ਹਾਕੀ ਕੈਨੇਡਾ ਵੱਲੋਂ 24 ਮਈ ਨੂੰ ਮਸਲਾ ਸੈਟਲ ਕਰ ਲਿਆ ਗਿਆ। ਸ਼ਿਕਾਇਤਕਰਤਾ ਨੇ ਹਾਕੀ ਕੈਨੇਡਾ, ਕੈਨੇਡੀਅਨ ਹਾਕੀ ਲੀਗ ਦੇ ਕੁੱਝ ਖਿਡਾਰੀਆਂ, ਜਿਨ੍ਹਾਂ ਦੇ ਨਾਂਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ, ਤੋਂ 3.5 ਮਿਲੀਅਨ ਡਾਲਰ ਦੇ ਹਰਜਾਨੇ ਦੀ ਮੰਗ ਕੀਤੀ ਸੀ। ਇਸ ਸੈਟਲਮੈਂਟ ਦਾ ਵੇਰਵਾ ਜਨਤਕ ਨਹੀਂ ਕੀਤਾ ਗਿਆ ਤੇ ਨਾ ਹੀ ਮਹਿਲਾ ਵੱਲੋਂ ਲਾਏ ਗਏ ਦੋਸ਼ ਅਦਾਲਤ ਵਿੱਚ ਸਿੱਧ ਹੋਏ ਹਨ।