ਓਨਟਾਰੀਓ/ਬਿਊਰੋ ਨਿਊਜ਼ : ਐਡਵੋਕੇਸੀ ਗਰੁੱਪਜ਼, ਟੀਚਰਜ਼ ਯੂਨੀਅਨਾਂ ਤੇ ਫੂਡ ਬੈਂਕਾਂ ਵੱਲੋਂ ਓਨਟਾਰੀਓ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਪ੍ਰੋਵਿੰਸ ਭਰ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਮੁਫਤ ਬ੍ਰੇਕਫਾਸਟ ਤੇ ਲੰਚ ਮੁਹੱਈਆ ਕਰਵਾਇਆ ਜਾਵੇ।
ਸਿੱਖਿਆ ਮੰਤਰੀ ਸਟੀਫਨ ਲਿਚੇ ਤੇ ਬੱਚਿਆਂ ਸਬੰਧੀ ਮੰਤਰੀ ਮਾਈਕਲ ਪਾਰਸਾ ਨੂੰ ਲਿਖੇ ਪੱਤਰ ਵਿੱਚ ਕੁੱਝ ਆਰਗੇਨਾਈਜ਼ੇਸ਼ਨਜ਼ ਵੱਲੋਂ ਇਹ ਆਖਿਆ ਗਿਆ ਹੈ ਕਿ ਓਨਟਾਰੀਓ ਵਿੱਚ ਬਹੁਤੇ ਬੱਚਿਆਂ ਨੂੰ ਸਹੀ ਖਾਣਾ ਨਹੀਂ ਮਿਲਦਾ ਜਿਸ ਕਾਰਨ ਉਨ੍ਹਾਂ ਨੂੰ ਆਪਣੀਆਂ ਪੋਸ਼ਣ ਸਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਫੂਡ ਬੈਂਕਸ ਉੱਤੇ ਟੇਕ ਰੱਖਣੀ ਪੈਂਦੀ ਹੈ।
ਜਿਨ੍ਹਾਂ ਗਰੁੱਪਜ਼ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਉਨ੍ਹਾਂ ਵਿੱਚ ਟੋਰਾਂਟੋ ਯੂਥ ਕੈਬਨਿਟ ਸਮੇਤ ਫੂਡ ਬੈਂਕਸ ਕੈਨੇਡਾ ਤੇ ਪ੍ਰੋਵਿੰਸ ਦੀਆਂ ਚਾਰ ਮੁੱਖ ਟੀਚਰਜ਼ ਯੂਨੀਅਨਾਂ ਸ਼ਾਮਲ ਹਨ।
ਇਨ੍ਹਾਂ ਦਾ ਕਹਿਣਾ ਹੈ ਕਿ ਇਸ ਸਮੇਂ ਓਨਟਾਰੀਓ ਵਿੱਚ ਸਟੂਡੈਂਟ ਨਿਊਟਰੀਸ਼ਨ ਪ੍ਰੋਗਰਾਮ ਦੀ ਮੰਗ ਵੱਧ ਰਹੀ ਹੈ ਪਰ ਇਹ ਵਿਦਿਆਰਥੀਆਂ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਪਾ ਰਹੇ। ਇਨ੍ਹਾਂ ਆਰਗੇਨਾਈਜ਼ੇਸ਼ਨਜ਼ ਦਾ ਕਹਿਣਾ ਹੈ ਕਿ ਓਨਟਾਰੀਓ ਨੂੰ ਯੂਨੀਵਰਸਲ ਫਰੀ ਸਕੂਲ ਬ੍ਰੇਕਫਾਸਟ ਤੇ ਲੰਚ ਪ੍ਰੋਗਰਾਮ ਸਾਰੇ ਵਿਦਿਆਰਥੀਆਂ ਲਈ ਮੁਹੱਈਆ ਕਰਵਾਉਣਾ ਚਾਹੀਦਾ ਹੈ।
ਇਹ ਗਰੰਟੀ ਵੀ ਦੇਣੀ ਚਾਹੀਦੀ ਹੈ ਕਿ ਇਨ੍ਹਾਂ ਮੀਲਜ਼ ਨੂੰ ਡਲਿਵਰ ਕਰਨ ਲਈ ਸਕੂਲਾਂ ਕੋਲ ਲੋੜੀਂਦਾ ਇਨਫਰਾਸਟ੍ਰਕਚਰ, ਸਰੋਤ ਤੇ ਫੰਡਿੰਗ ਉਪਲਬਧ ਹੋਣ।