ਅਲਬਰਟਾ/ਬਿਊਰੋ ਨਿਊਜ਼ : ਕੈਨੇਡਾ ਦੇ ਅਲਬਰਟਾ ਵਿਚ ਸਥਿਤ ਮਾਰਲਬਰੋ ਦੇ ਨੇੜੇ ਲੱਗਦੇ ਜੰਗਲਾਂ ਵਿਚ ਬੇਕਾਬੂ ਭਿਆਨਕ ਅੱਗ ਨੇ ਉੱਤਰੀ ਇਲਾਕੇ ਦੇ ਬਹੁਤ ਵੱਡੇ ਹਿੱਸੇ ਨੂੰ ਘੇਰ ਲਿਆ ਹੈ। ਹਾਈ ਲੈਵਲ ਵਿਚ ਤੇ ਨੇੜੇ-ਤੇੜੇ ਦੇ ਇਲਾਕੇ ਵਿਚ ਰਹਿਣ ਵਾਲਿਆਂ ਨੂੰ ਆਪਣੇ ਘਰਾਂ ਨੂੰ ਛੱਡਣ ਦੇ ਹੁਕਮ ਜਾਰੀ ਕਰ ਦਿਤੇ ਗਏ ਹਨ। 87 ਦੇ ਕਰੀਬ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਲਾਕੇ ਦੇ ਮੇਅਰ ਕ੍ਰਿਸਟਲ ਮੈਕ ਅਟੀਰ ਨੇ ਇਕ ਬਿਆਨ ਜਾਰੀ ਕਰਕੇ ਇਲਾਕੇ ਦੇ 4000 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ਵੱਲ ਜਾਣ ਲਈ ਕਹਿ ਦਿੱਤਾ ਹੈ। ਇਹ ਘਟਨਾ ਅਲਬਰਟਾ ਤੋਂ 15 ਕਿਲੋਮੀਟਰ ਦੂਰ ਪੱਛਮੀ ਐਡਸਨ ਵਿਚ ਵਾਪਰੀ। ਇਸ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਯੈਲੋਹੈੱਡ ਕਾਊਂਟੀ ਅਫ਼ਸਰਾਂ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੰਗਲ ਨੂੰ ਲੱਗੀ ਇਹ ਭਿਆਨਕ ਅੱਗ ਹਾਈਵੇਅ 16 ਤੱਕ ਪਹੁੰਚ ਗਈ ਅਤੇ ਸੜਕ ਦੇ ਦੋਵੇਂ ਪਾਸੇ ਅੱਗ ਤੇਜ਼ੀ ਨਾਲ ਫ਼ੈਲ ਗਈ। ਅੱਗ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਅ ਲਈ ਲੋਕਾਂ ਨੂੰ ਘਰੋਂ ਸੁਰੱਖਿਅਤ ਬਾਹਰ ਕੱਢਿਆ ਗਿਆ।ਇਸ ਘਟਨਾ ਨਾਲ ਚਾਰੇ ਪਾਸੇ ਧੂੰਆਂ ਫ਼ੈਲ ਗਿਆ ਜਿਸ ਕਾਰਨ ਵਿਜ਼ੀਬਿਲੀਟੀ ਬਿਲਕੁੱਲ ਜ਼ੀਰੋ ਹੋ ਗਈ ਹੈ। ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸੂਬਾ ਸਰਕਾਰ ਵਲੋਂ ਓਬੇਡ ਅਤੇ ਹਾਈਵੇਅ 16 ਦੀ ਆਵਾਜਾਈ ਨੂੰ ਰਾਤ ਭਰ ਲਈ ਬੰਦ ਰੱਖਿਆ। ਯੈਲੋਹੈੱਡ ਕਾਊਂਟੀ ਅਫ਼ਸਰਾਂ ਨੇ ਦੱਸਿਆ ਕਿ ਸਥਿਤੀ ਕੰਟਰੋਲ ਵਿਚ ਆਉਣ ‘ਤੇ ਹਾਈਵੇਅ ਦੀ ਆਵਾਜਾਈ ਨੂੰ ਮੁੜ ਬਹਾਲ ਕੀਤਾ ਜਾਵੇਗਾ। ਅਲਬਰਟਾ ਐਮਰਜੈਂਸੀ ਅਲਰਟ ਮੁਤਾਬਕ ਪੀੜਤ ਵਿਅਕਤੀਆਂ ਲਈ ਐਡਸਨ ਦੇ ਬੈਸਟ ਵੈਸਟਰਨ ਹੋਟਲ ਵਿੱਚ ਰਿਸੈਪਸ਼ਨ ਸੈਂਟਰ ਬਣਾਇਆ ਗਿਆ ਅਤੇ ਪੀੜਤ ਵਿਅਕਤੀ ਉਥੇ ਚੈੱਕ ਇਨ ਕਰ ਸਕਦੇ ਹਨ।