ਅਗਲੇ ਦਸ ਸਾਲਾਂ ‘ਚ ਨਵੇਂ ਫੰਡਾਂ ਦੇ ਰੂਪ ਵਿੱਚ ਦਿੱਤੇ ਜਾਣਗੇ 46 ਬਿਲੀਅਨ ਡਾਲਰ
ਓਟਵਾ/ਬਿਊਰੋ ਨਿਊਜ਼ : ਫੈਡਰਲ ਸਰਕਾਰ ਵੱਲੋਂ ਕੈਨੇਡਾ ਦੇ ਪ੍ਰੋਵਿੰਸਾਂ ਤੇ ਟੈਰੇਟਰੀਜ਼ ਲਈ ਹੈਲਥ ਫੰਡਿੰਗ ਵਿੱਚ 196.1 ਬਿਲੀਅਨ ਡਾਲਰ ਦਾ ਵਾਧਾ ਕਰਨ ਦਾ ਤਹੱਈਆ ਪ੍ਰਗਟਾਇਆ ਗਿਆ ਹੈ। ਇਹ ਫੰਡ ਅਗਲੇ ਦਸ ਸਾਲਾਂ ਵਿੱਚ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੂੰ ਹਾਸਲ ਹੋਣਗੇ। ਇਸ ਦੇ ਨਾਲ ਹੀ ਸਰਕਾਰ ਨੇ ਕੈਨੇਡਾ ਦੇ ਢਹਿ ਢੇਰੀ ਹੋ ਰਹੇ ਹੈਲਥ ਕੇਅਰ ਸਿਸਟਮ ਵਿੱਚ ਨਵੀਂ ਰੂਹ ਫੂਕਣ ਲਈ 46.2 ਬਿਲੀਅਨ ਡਾਲਰ ਦੇ ਨਵੇਂ ਫੰਡ ਦੇਣ ਦਾ ਐਲਾਨ ਕੀਤਾ ਹੈ।
ਇਸ ਨਵੀਂ ਪੇਸ਼ਕਸ਼ ਨਾਲ ਰਕਮ ਕੈਨੇਡਾ ਹੈਲਥ ਟਰਾਂਸਫਰ (ਸੀਐਚਟੀ) ਰਾਹੀਂ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੂੰ ਦਿੱਤੀ ਜਾਵੇਗੀ ਤੇ ਇਸ ਦੇ ਨਾਲ ਹੀ ਫੈਡਰਲ ਸਰਕਾਰ ਹਰ ਪ੍ਰੋਵਿੰਸ ਤੇ ਟੈਰੇਟਰੀ ਨਾਲ ਦੁਵੱਲੀਆਂ ਡੀਲਜ਼ ਵੀ ਸਾਈਨ ਕਰੇਗੀ। ਇਹ ਨਵੇਂ ਫੰਡ ਇਸ ਉਮੀਦ ਨਾਲ ਦਿੱਤੇ ਜਾਣਗੇ ਕਿ ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਸਰਕਾਰਾਂ ਹੈਲਥ ਉੱਤੇ ਕੀਤੇ ਜਾਣ ਵਾਲੇ ਆਪਣੇ ਮੌਜੂਦਾ ਖਰਚਿਆਂ ਨੂੰ ਮੇਨਟੇਨ ਕਰਨਗੀਆਂ ਤੇ ਹੈਲਥ ਨਾਲ ਸਬੰਧਤ ਜਾਣਕਾਰੀ ਜਿਸ ਤਰ੍ਹਾਂ ਇੱਕਠੀ ਕੀਤੀ ਜਾਂਦੀ ਹੈ, ਸਾਂਝੀ ਕੀਤੀ ਜਾਂਦੀ ਹੈ ਤੇ ਵਰਤੀ ਜਾਂਦੀ ਹੈ ਉਸ ਵਿੱਚ ਪੂਰੀ ਪਾਰਦਰਸ਼ਤਾ ਲਿਆਂਦੀ ਜਾਵੇਗੀ ਤੇ ਜਵਾਬਦੇਹੀ ਤੈਅ ਕੀਤੀ ਜਾਵੇਗੀ।
ਆਪਣੇ ਕੁੱਝ ਚੋਣਵੇਂ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਦੁਪਹਿਰ ਨੂੰ ਇਸ ਪ੍ਰਸਤਾਵ ਨੂੰ ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਅਧਿਕਾਰੀਆਂ ਸਾਹਮਣੇ ਪੇਸ਼ ਕੀਤਾ। ਕੋਵਿਡ-19 ਮਹਾਂਮਾਰੀ ਤੋਂ ਬਾਅਦ ਟਰੂਡੋ ਵੱਲੋਂ ਮੰਤਰੀਆਂ ਨਾਲ ਨਿਜੀ ਤੌਰ ਉੱਤੇ ਕੀਤੀ ਗਈ ਇਹ ਪਹਿਲੀ ਮੀਟਿੰਗ ਸੀ। ਸ਼ੁਰੂਆਤੀ ਸੰਕੇਤ ਇਹ ਮਿਲੇ ਹਨ ਕਿ ਪ੍ਰੋਵਿੰਸਾਂ ਦੀਆਂ ਮੰਗਾਂ ਦੇ ਹਿਸਾਬ ਨਾਲ ਫੈਡਰਲ ਸਰਕਾਰ ਦੀ ਇਹ ਪੇਸ਼ਕਸ਼ ਖਰੀ ਨਹੀਂ ਉਤਰੀ ਹੈ ਤੇ ਬਹੁਤੇ ਮੰਤਰੀ ਇਸ ਤੋਂ ਸੰਤੁਸ਼ਟ ਨਹੀਂ ਹਨ।
sਫੈਡਰਲ ਸਰਕਾਰ ਵੱਲੋਂ ਕੀਤੀ ਗਈ ਪੇਸ਼ਕਸ਼ ਹੇਠ ਲਿਖੇ ਅਨੁਸਾਰ ਹੈ ਬੱਚਿਆਂ ਦੇ ਹਸਪਤਾਲਾਂ, ਐਮਰਜੈਂਸੀ ਰੂਮਜ਼ ਤੇ ਸਰਜੀਕਲ ਸੈਂਟਰਜ਼ ਉੱਤੇ ਪਏ ਹੋਏ ਵਾਧੂ ਦਬਾਅ ਨੂੰ ਘਟਾਉਣ ਲਈ ਕੌਮੀ ਪੱਧਰ ਉੱਤੇ ਬਿਨਾਂ ਸ਼ਰਤ 2 ਬਿਲੀਅਨ ਡਾਲਰ ਕੈਨੇਡਾ ਹੈਲਥ ਟਰਾਂਸਫਰ (ਸੀਐਚਟੀ) ਲਈ ਦਿੱਤੇ ਜਾਣਗੇ। ਅਗਲੇ ਪੰਜ ਸਾਲਾਂ ਵਿੱਚ ਸੀਐਚਟੀ ਵਿੱਚ ਪੰਜ ਫੀ ਸਦੀ ਦਾ ਵਾਧਾ ਕੀਤਾ ਜਾਵੇਗਾ ਤੇ ਪੰਜ ਸਾਲ ਬਾਅਦ ਇਸ ਨੂੰ ਸਥਾਈ ਵਾਧਾ ਬਣਾ ਦਿੱਤਾ ਜਾਵੇਗਾ ਜਿਸ ਤਹਿਤ ਅਗਲੇ ਦਸ ਸਾਲਾਂ ਵਿੱਚ ਅੰਦਾਜ਼ਨ 17.3 ਬਿਲੀਅਨ ਡਾਲਰ ਮੁਹੱਈਆ ਕਰਵਾਏ ਜਾਣਗੇ। ਹਰੇਕ ਪ੍ਰੋਵਿੰਸ ਤੇ ਟੈਰੇਟਰੀ ਦੀਆਂ ਹੈਲਥ ਕੇਅਰ ਲੋੜਾਂ ਦੇ ਹਿਸਾਬ ਨਾਲ ਅਗਲੇ ਦਸ ਸਾਲਾਂ ਵਿੱਚ 25 ਬਿਲੀਅਨ ਡਾਲਰ ਦਿੱਤੇ ਜਾਣਗੇ ਪਰ ਇਨ੍ਹਾਂ ਵਿੱਚ ਤਰਜੀਹੀ ਖੇਤਰ ਜਿਵੇਂ ਕਿ ਪਰਿਵਾਰਾਂ ਦੀ ਹੈਲਥ ਕੇਅਰ ਤੱਕ ਪਹੁੰਚ, ਮੈਂਟਲ ਹੈਲਥ ਤੇ ਸਬਸਟਾਂਸ ਅਬਿਊਜ਼ ਸਰਵਿਸਿਜ਼ ਵਿੱਚ ਨਿਵੇਸ਼ ਤੇ ਹੈਲਥ ਇਨਫਰਮੇਸ਼ਨ ਸਿਸਟਮ ਦਾ ਆਧੁਨਿਕੀਕਰਨ ਆਦਿ ਸ਼ਾਮਲ ਹੋਣਗੇ।
ਪਰਸਨਲ ਸਪੋਰਟ ਵਰਕਰਜ਼ ਤੇ ਸਬੰਧਤ ਕਿੱਤਿਆਂ ਨਾਲ ਜੁੜੇ ਮੁਲਾਜ਼ਮਾਂ ਦੇ ਭੱਤਿਆਂ ਵਿੱਚ ਘੰਟਿਆਂ ਦੇ ਹਿਸਾਬ ਨਾਲ ਵਾਧਾ ਕਰਨ ਲਈ ਅਗਲੇ ਪੰਜ ਸਾਲਾਂ ਵਾਸਤੇ 1.7 ਬਿਲੀਅਨ ਡਾਲਰ ਦਿੱਤੇ ਜਾਣਗੇ। ਇਸ ਤਹਿਤ ਹਰ ਪੱਧਰ ਉੱਤੇ ਸਰਕਾਰਾਂ ਰਲ ਕੇ ਇਨ੍ਹਾਂ ਵਰਕਰਜ਼ ਨੂੰ ਹੈਲਥ ਕੇਅਰ ਖੇਤਰ ਨਾਲ ਜੋੜੀ ਰੱਖਣ, ਰਕਰੂਟ ਕਰਨ ਤੇ ਹੈਲਥ ਕੇਅਰ ਵਰਕਰਜ਼ ਦੇ ਦਸਤਾਵੇਜ਼ਾਂ ਨੂੰ ਮਾਨਤਾ ਦੇਣ ਲਈ ਕੰਮ ਕਰਨਗੀਆਂ। ਮੈਡੀਕਲ ਟਰੈਵਲ ਨੂੰ ਕਵਰ ਕਰਨ ਤੇ ਨੌਰਥ ਵਿੱਚ ਹੈਲਥ ਕੇਅਰ ਡਲਿਵਰੀ ਦੀ ਲਾਗਤ ਪੂਰੀ ਕਰਨ ਲਈ ਟੈਰੇਟੋਰੀਅਲ ਹੈਲਥ ਇਨਵੈਸਟਮੈਂਟ ਫੰਡ ਲਈ ਪੰਜ ਸਾਲਾਂ ਵਿੱਚ 150 ਮਿਲੀਅਨ ਡਾਲਰ ਖਰਚੇ ਜਾਣਗੇ।
ਮੂਲਵਾਦੀ ਲੋਕਾਂ ਨੂੰ ਦਰਪੇਸ਼ ਹੈਲਥ ਸਬੰਧੀ ਚੁਣੌਤੀਆਂ ਨਾਲ ਸਿੱਝਣ ਲਈ ਅਗਲੇ ਦਸ ਸਾਲਾਂ ਵਿੱਚ 2 ਬਿਲੀਅਨ ਡਾਲਰ ਮੁਹੱਈਆ ਕਰਵਾਏ ਜਾਣਗੇ। ਟਰੂਡੋ ਦੇ ਆਫਿਸ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਇਹ ਫੰਡ ਪ੍ਰੋਵਿੰਸਾਂ ਤੇ ਟੈਰੇਟਰੀਜ਼ ਵੱਲੋਂ ਪਹਿਲਾਂ ਤੋਂ ਹੀ ਹੈਲਥ ਕੇਅਰ ਉੱਤੇ ਕੀਤੇ ਜਾ ਰਹੇ ਨਿਵੇਸ਼ ਤੋਂ ਵੱਖਰੇ ਹੋਣਗੇ। ਪ੍ਰਧਾਨ ਮੰਤਰੀ ਨੇ ਪ੍ਰੀਮੀਅਰਜ਼ ਨਾਲ ਬੰਦ ਦਰਵਾਜ਼ੇ ਵਿੱਚ ਮੀਟਿੰਗ ਕੀਤੀ ਤੇ ਫੈਡਰਲ ਅਧਿਕਾਰੀਆਂ ਵੱਲੋਂ ਇਸ ਬਾਰੇ ਸੀਮਤ ਜਾਣਕਾਰੀ ਹੀ ਮੁਹੱਈਆ ਕਰਵਾਈ ਗਈ। ਕਿਸੇ ਵੀ ਪ੍ਰੀਮੀਅਰ ਵੱਲੋਂ ਫੈਡਰਲ ਸਰਕਾਰ ਨਾਲ ਅੱਜ ਕੋਈ ਡੀਲ ਸਿਰੇ ਨਹੀਂ ਚੜ੍ਹਾਈ ਗਈ। ਅਗਲੇ ਕਦਮ ਵਿੱਚ ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਸਰਕਾਰਾਂ ਇਨ੍ਹਾਂ ਫੰਡਾਂ ਨੂੰ ਵਰਤਣ ਤੇ ਆਪਣੇ ਸਿਸਟਮ ਵਿੱਚ ਸੁਧਾਰ ਕਰਨ ਲਈ ਐਕਸ਼ਨ ਪਲੈਨ ਤਿਆਰ ਕਰਣਗੀਆਂ।