ਟੋਰਾਂਟੋ/ਬਿਊਰੋ ਨਿਊਜ਼
ਪ੍ਰੋਵਿੰਸ ਦੀ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਪ੍ਰੋਵਿੰਸ ਦੀ ਰੀਓਪਨਿੰਗ ਦਾ ਪਲੈਨ ਜਲਦ ਹੀ ਲਿਆਂਦਾ ਜਾਵੇਗਾ। ਉਨ੍ਹਾਂ ਆਖਿਆ ਕਿ ਓਨਟਾਰੀਓ ਨੂੰ ਸੇਫ ਤੇ ਧਿਆਨ ਨਾਲ ਖੋਲ੍ਹਣ ਲਈ ਉਹ ਚੀਫ ਮੈਡੀਕਲ ਆਫੀਸਰ ਆਫ ਹੈਲਥ ਤੇ ਮੈਡੀਕਲ ਮਾਹਿਰਾਂ ਨਾਲ ਰਲ ਕੇ ਕੰਮ ਕਰ ਰਹੀ ਹੈ। ਇਹ ਪੁੱਛੇ ਜਾਣ ਉੱਤੇ ਕਿ ਇਹ ਪਲੈਨ ਕਦੋਂ ਤੱਕ ਆ ਜਾਵੇਗਾ ਤਾਂ ਕ੍ਰਿਸਟੀਨ ਐਲੀਅਟ ਕੋਈ ਖਾਸ ਤਰੀਕ ਜਾਂ ਤਫਸੀਲ ਤਾਂ ਨਹੀਂ ਦੇ ਸਕੇ ਸਗੋਂ ਉਨ੍ਹਾਂ ਆਖਿਆ ਕਿ ਅਜਿਹਾ ਜਲਦ ਹੀ ਹੋਵੇਗਾ। ਉਨ੍ਹਾਂ ਇਹ ਵੀ ਆਖਿਆ ਕਿ ਇਹ ਸੈਕਟਰ ਦੇ ਹਿਸਾਬ ਨਾਲ ਹੋਵੇਗਾ।
ਇਸ ਦੌਰਾਨ ਪ੍ਰੀਮੀਅਰ ਡੱਗ ਫੋਰਡ ਦੇ ਆਫਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਜਦੋਂ ਪ੍ਰੋਵਿੰਸ ਦੇ ਵੱਖ-ਵੱਖ ਹਿੱਸਿਆਂ ਨੂੰ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਤਾਂ ਉਹ ਕਲਰ ਕੋਡ ਵਾਲੇ ਫਰੇਮਵਰਕ ਦੇ ਹਿਸਾਬ ਨਾਲ ਨਹੀਂ ਹੋਵੇਗੀ। ਇਸ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਕੋਵਿਡ-19 ਸਾਇੰਸ ਐਡਵਾਈਜ਼ਰੀ ਟੇਬਲ ਦੇ ਡਾ. ਪੀਟਰ ਜੂਨੀ ਦਾ ਮੰਨਣਾ ਹੈ ਕਿ ਆਊਟਡੋਰ ਐਕਟੀਵਿਟੀਜ਼ ਅਗਲੇ ਹਫਤੇ ਜਾਂ ਇੱਕ ਦੋ ਹਫਤਿਆਂ ਵਿੱਚ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਜੂਨੀ ਨੂੰ ਇਹ ਆਸ ਵੀ ਹੈ ਕਿ ਸਕੂਲ ਅਗਲੇ ਅਕਾਦਮਿਕ ਸਾਲ ਦੇ ਖ਼ਤਮ ਹੋਣ ਤੋਂ ਪਹਿਲਾਂ ਮੁੜ ਖੋਲ੍ਹ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਫੋਰਡ ਸਰਕਾਰ ਨੇ ਪ੍ਰੋਵਿੰਸ ਪੱਧਰ ਉੱਤੇ 2 ਜੂਨ ਤੱਕ ਸਟੇਅ ਐਟ ਹੋਮ ਆਰਡਰਜ਼ ਵਿੱਚ ਵਾਧਾ ਕੀਤਾ ਹੈ ਤੇ ਇਸ ਦੌਰਾਨ ਸਕੂਲ ਵੀ ਬੰਦ ਰਹਿਣਗੇ। ਐਨਡੀਪੀ ਆਗੂ ਐਂਡਰੀਆ ਹੌਰਵਥ ਨੇ ਰੀਓਪਨਿੰਗ ਪਲੈਨ ਜਾਰੀ ਕਰਨ ਵਿੱਚ ਹੋ ਰਹੀ ਦੇਰ ਉੱਤੇ ਚਿੰਤਾ ਪ੍ਰਗਟਾਈ। ਉਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਮਾਹਿਰਾਂ ਦੀ ਰਾਇ ਵੱਲ ਧਿਆਨ ਨਾ ਦੇਣਾ ਵੱਡੀ ਸਮੱਸਿਆ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …