Breaking News
Home / ਜੀ.ਟੀ.ਏ. ਨਿਊਜ਼ / ਭਾਰਤ-ਕੈਨੇਡਾ ਸਮਝੌਤੇ ‘ਚੋਂ ਪੰਜਾਬ ਨੂੰ ਬਾਹਰ ਰੱਖਣ ‘ਤੇ ਇਤਰਾਜ਼

ਭਾਰਤ-ਕੈਨੇਡਾ ਸਮਝੌਤੇ ‘ਚੋਂ ਪੰਜਾਬ ਨੂੰ ਬਾਹਰ ਰੱਖਣ ‘ਤੇ ਇਤਰਾਜ਼

ਟੋਰਾਂਟੋ/ਸਤਪਾਲ ਸਿੰਘ ਜੌਹਲ : ਭਾਰਤ ਅਤੇ ਕੈਨੇਡਾ ਵਿਚਕਾਰ ਬੀਤੇ ਹਫ਼ਤੇ ਸੋਧ ਕੇ ਤਿਆਰ ਕੀਤੇ ਗਏ ਹਵਾਬਾਜ਼ੀ ਸਮਝੌਤੇ ਵਿਚ ਉਡਾਨਾਂ ਵਾਸਤੇ ਪੰਜਾਬ ਦੇ ਕਿਸੇ ਸ਼ਹਿਰ ਨੂੰ ਸ਼ਾਮਲ ਨਾ ਕਰਨ ਉਪਰ ਕੈਨੇਡਾ ਭਰ ਤੋਂ ਪੰਜਾਬੀਆਂ ਵਲੋਂ ਕਿੰਤੂ-ਪ੍ਰੰਤੂ ਕੀਤੇ ਗਏ ਹਨ ਅਤੇ ਕੈਨੇਡਾ ਦੇ ਮੰਤਰੀਆਂ ਨੂੰ ਚਿੱਠੀਆਂ ਵੀ ਭੇਜੀਆਂ ਜਾ ਰਹੀਆਂ ਹਨ। ਵਰਲਡ ਸਿੱਖ ਆਰਗੇਨਾਈਜੇਸ਼ਨ ਆਫ਼ ਕੈਨੇਡਾ ਵਲੋਂ ਹਵਾਬਾਜੀ ਮੰਤਰੀ ਓਮਾਰ ਅਲਗਾਬਰਾ ਨੂੰ ਲਿਖਿਆ ਗਿਆ ਹੈ ਕਿ ਪੰਜਾਬ ਦੇ ਹਵਾਈ ਅੱਡੇ ਸਮਝੌਤੇ ‘ਚੋਂ ਬਾਹਰ ਰੱਖਣ ਕਰਕੇ ਸਿੱਖਾਂ ਨੂੰ ਨਿਰਾਸ਼ਾ ਹੋਈ ਹੈ। ਇਹ ਵੀ ਕਿ ਕੈਨੇਡਾ ਦੇ ਸਿੱਖ ਭਾਈਚਾਰੇ ਦਾ ਪੰਜਾਬ ਨਾਲ਼ ਸਿੱਧਾ ਸਬੰਧ ਹੈ ਜਿਸ ਕਰਕੇ ਕੈਨੇਡਾ ਤੋਂ ਅੰਮ੍ਰਿਤਸਰ ਨੂੰ ਸਿੱਧੀ ਉਡਾਨ ਸਿੱਖਾਂ ਦੀ ਚਿਰੋਕਣੀ ਮੰਗ ਹੈ। ਸਿੱਧੀ ਉਡਾਨ ਦੀ ਇਹ ਮੰਗ ਪੂਰੀ ਨਹੀਂ ਕੀਤੀ ਜਾ ਰਹੀ ਅਤੇ ਸਿੱਟੇ ਵਜੋਂ ਕੈਨੇਡਾ ਤੋਂ ਪੰਜਾਬ ਜਾਣ ਵਾਲੇ ਲੋਕਾਂ ਦਾ ਰਸਤਿਆਂ ‘ਚ ਵਾਧੂ ਸਮਾਂ ਅਤੇ ਪੈਸਾ ਖਰਚ ਹੁੰਦਾ ਹੈ। ਹਵਾਬਾਜ਼ੀ ਮੰਤਰੀ ਅਲਗਾਬਰਾ ਦਾ ਧਿਆਨ ਕੋਵਿਡ ਮਹਾਂਮਾਰੀ ਸਮੇਂ ਭਾਰਤ ਸਰਕਾਰ ਵਲੋਂ ਕੈਨੇਡਾ ਦੇ ਲੋਕਾਂ ਦੇ ਰੱਦ ਕੀਤੇ ਹੋਏ ਵੀਜ਼ਿਆਂ (ਵਿਸ਼ੇਸ਼ ਤੌਰ ‘ਤੇ ਈ-ਵੀਜਾ) ਵੱਲ ਵੀ ਦੁਆਇਆ ਗਿਆ ਹੈ। ਹੁਣ ਨਵੇਂ ਵੀਜ਼ੇ ਲੈਣ ਵਾਸਤੇ ਲੋਕਾਂ ਨੂੰ ਡੇਢ ਮਹੀਨੇ ਦੀ ਇੰਤਜ਼ਾਰ ਅਤੇ ਅਰਜ਼ੀ ਦੇਣ ਵਾਸਤੇ ਵੀਜ਼ਾ ਦਫਤਰਾਂ ਦੇ ਬਾਹਰ ਘੰਟਿਆਂਬੱਧੀ ਖੱਜਲ਼ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਮਰੀਕਾ ਅਤੇ ਆਸਟ੍ਰੇਲੀਆ ਸਮੇਤ 156 ਦੇਸ਼ਾਂ ਦੇ ਵੀਜੇ ਬਹਾਲ ਕੀਤੇ ਜਾ ਚੁੱਕੇ ਹਨ ਪਰ ਕੈਨੇਡਾ ਵਾਸਤੇ ਵੀਜ਼ਾ ਦੀ ਔਖ ਕਰ ਦਿੱਤੀ ਗਈ ਹੋਣ ਕਰਕੇ ਬਹੁਤ ਸਾਰੇ ਕੈਨੇਡੀਅਨ ਲੋਕ ਭਾਰਤ ਜਾਣ ਤੋਂ ਵਾਂਝੇ ਰਹਿ ਰਹੇ ਹਨ। ਵਰਲਡ ਸਿੱਖ ਆਰਗੇਨਾਈਜੇਸ਼ਨ ਵਲੋਂ ਮੰਤਰੀ ਅਲਗਾਬਰਾ ਕੋਲੋਂ ਕੈਨੇਡਾ ਤੋਂ ਭਾਰਤ ਜਾਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਭਾਰਤ ਸਰਕਾਰ ਕੋਲ਼ ਉਠਾਉਣ ਦੀ ਮੰਗ ਕੀਤੀ ਗਈ ਹੈ। ਇਸੇ ਦੌਰਾਨ ਉਨਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ (ਓ.ਐਸ.ਜੀਸੀ.) ਵਲੋਂ ਵੀ ਮੰਤਰੀ ਅਲਗਾਬਰਾ, ਕੈਨੇਡਾ ਦੀ ਅੰਤਰਰਾਸ਼ਟਰੀ ਵਿਓਪਾਰ ਮੰਤਰੀ ਮੈਰੀ ਐਨ.ਜੀ., ਕੈਨੇਡਾ ਦੇ ਪੰਜਾਬੀ ਸੰਸਦ ਮੈਂਬਰਾਂ ਅਤੇ ਟੋਰਾਂਟੋ ‘ਚ ਭਾਰਤ ਦੇ ਕੌਂਸਲਖਾਨੇ ਨੂੰ ਲਿਖ ਕੇ ਇਸ ਸਮਝੌਤੇ ਪ੍ਰਤੀ ਲੱਖਾਂ ਕੈਨੇਡਾ ਵਾਸੀਆਂ ਦੀ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ ਗਿਆ ਹੈ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …