ਚੋਰ ਨੂੰ ਉਸਦੀਆਂ ਮਨਪਸੰਦ ਚੀਜ਼ਾਂ ਖਰੀਦ ਕੇ ਦਿੱਤੀਆਂ ਤੇ ਕੀਤਾ ਰਿਹਾਅ
ਟੋਰਾਂਟੋ/ਬਿਊਰੋ ਨਿਊਜ਼
ਬੁਰਾਈ ਨੂੰ ਨਫ਼ਰਤ ਕਰੋ ਬੁਰੇ ਇਨਸਾਨ ਨੂੰ ਨਹੀਂ। ਇਸ ਕਿਸਮ ਦੀ ਮੱਤ ਉੱਤੇ ਟੋਰਾਂਟੋ ਪੁਲਿਸ ਦੇ ਕਾਂਸਟੇਬਲ ਨਿਰੈਣ ਜੈਆਨੀਸਨ ਨੇ ਪਹਿਰਾ ਦਿੱਤਾ। ਉਸਨੇ ਵਾਲਮਾਰਟ ਵਿੱਚ ਸ਼ਰਟ, ਟਾਈ ਆਦਿ ਦੀ ਚੋਰੀ ਕਰਨ ਦੇ ਦੋਸ਼ ਵਿੱਚ ਫੜੇ ਜਾਣ ਵਾਲੇ 18 ਕੁ ਸਾਲਾਂ ਦੇ ਨੌਜਵਾਨ ਨੂੰ ਚਾਰਜ ਕਰਨ ਦੀ ਥਾਂ ਉਸਦੀ ਮਨਪਸੰਦ ਦੀਆਂ ਚੀਜ਼ਾਂ ਖਰੀਦ ਕੇ ਰਿਹਾਅ ਕਰ ਦਿੱਤਾ। ਨਿਰੈਣ ਮੁਤਾਬਕ ਇਸ ਨੌਜਵਾਨ ਨੇ ਚੋਰੀ ਇਸ ਲਈ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਸ ਗਰੀਬ ਕੋਲ ਨੌਕਰੀ ਵਾਸਤੇ ਇੰਟਰਵਿਊ ਉੱਤੇ ਜਾਣ ਲਈ ਕੱਪੜੇ ਖਰੀਦਣ ਜੋਗੇ ਪੈਸੇ ਨਹੀਂ ਸਨ। ਨਿਰੈਣ ਦਾ ਕਹਿਣਾ ਹੈ ਕਿ ਜੀਵਨ ਦੀ ਤੰਗੀ ਤੁਰਸ਼ੀ ਨਾਲ ਦੋ ਹੱਥ ਕਰ ਰਹੇ ਨੌਜਵਾਨ ਨੂੰ ਸਿੱਧੇ ਰਸਤੇ ਲਿਆਉਣ ਲਈ ਜੇਲ੍ਹ ਨਹੀਂ ਸਗੋਂ ਮਦਦ ਦੀ ਲੋੜ ਹੁੰਦੀ ਹੈ। ਟੋਰਾਂਟੋ ਪੁਲਿਸ ਦੀ 31 ਡਿਵੀਜ਼ਨ ਦੇ ਇਸ ਪੁਲਿਸ ਅਫ਼ਸਰ ਦੀ ਦਿਆਨਤਦਾਰੀ ਦੀ ਸਿਰਫ਼ ਕੈਨੇਡਾ ਵਿੱਚ ਹੀ ਨਹੀਂ ਸਗੋਂ ਵਿਸ਼ਵ ਦੇ ਕਈ ਹਿੱਸਿਆਂ ਵਿੱਚ ਵਿੱਚ ਖਬਰ ਫੈਲ ਰਹੀ ਹੈ। ਨਿਰੈਣ ਦਾ ਮੰਨਣਾ ਹੈ ਕਿ ਲੋਕਾਂ ਦੇ ਜੀਵਨ ਵਿੱਚ ਹਾਂ ਪੱਖੀ ਤਬਦੀਲੀ ਲਿਆਉਣ ਲਈ ਆਪਣੀ ਸਮਰੱਥਾ ਮੁਤਾਬਕ ਹਰ ਇੱਕ ਨੂੰ ਬਣਦਾ ਰੋਲ ਅਦਾ ਕਰਨਾ ਚਾਹੀਦਾ ਹੈ।