Breaking News
Home / ਜੀ.ਟੀ.ਏ. ਨਿਊਜ਼ / ਡਰਾਈਵਰਾਂ ਲਈ ਸ਼ਰਾਬ ਦੀ ਕਾਨੂੰਨੀ ਹੱਦ ਘਟਾਏਗੀ ਫੈਡਰਲ ਸਰਕਾਰ

ਡਰਾਈਵਰਾਂ ਲਈ ਸ਼ਰਾਬ ਦੀ ਕਾਨੂੰਨੀ ਹੱਦ ਘਟਾਏਗੀ ਫੈਡਰਲ ਸਰਕਾਰ

ਓਟਵਾ/ਬਿਊਰੋ ਨਿਊਜ਼
ਫੈਡਰਲ ਸਰਕਾਰ ਵੱਲੋਂ ਲਾਇਸੰਸਸ਼ੁਦਾ ਡਰਾਈਵਰਾਂ ਲਈ ਸ਼ਰਾਬ ਦੀ ਕਾਨੂੰਨੀ ਹੱਦ ਘਟਾਉਣ ਕਾਰਨ ਰੈਸਟੋਰੈਂਟ ਇੰਡਸਟਰੀ ਤੇ ਲਵਰਜ਼ ਨੂੰ ਬਹੁਤ ਘਾਟਾ ਪੈਣ ਵਾਲਾ ਹੈ। ਇਹ ਗੱਲ ਕਿਊਬਿਕ ਦੀ ਰੈਸਟੋਰੈਂਟ ਲਾਬੀ ਦੇ ਬੁਲਾਰੇ ਨੇ ਆਖੀ। ਫਰੈਂਕੌਇਸ ਮੇਓਨੀਅਰ ਨੇ ਆਖਿਆ ਕਿ ਜੇ ਓਟਵਾ ਇਸ ਤਰ੍ਹਾਂ ਦਾ ਕਾਨੂੰਨ ਪਾਸ ਕਰਦਾ ਹੈ ਤਾਂ ਇਸ ਤੋਂ ਭਾਵ ਹੋਵੇਗਾ ਕਿ ਹੁਣ ਔਰਤਾਂ ਸਿਰਫ ਇੱਕ ਡਰਿੰਕ ਲੈ ਸਕਣਗੀਆਂ ਤੇ ਪੁਰਸ਼ ਦੋ ਡਰਿੰਕ ਲੈ ਸਕਣਗੇ। ਦੋ ਵਿਅਕਤੀਆਂ ਲਈ ਵਾਈਨ ਦੀ ਬੋਤਲ, ਜਿਹੜੀ ਆਮ ਤੌਰ ਉੱਤੇ ਵੈਲੇਨਟਾਈਨ ਡੇਅ ਜਾਂ ਖੁਸ਼ੀ ਦੇ ਮੌਕੇ ਮੰਗਵਾਈ ਜਾਂਦੀ ਸੀ, ਉਸ ਬਾਰੇ ਹੁਣ ਭੁੱਲਣਾ ਹੋਵੇਗਾ।
ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਨਿਆਂ ਮੰਤਰੀਆਂ ਨੂੰ ਲਿਖੀ ਚਿੱਠੀ ਵਿੱਚ ਫੈਡਰਲ ਨਿਆਂ ਮੰਤਰੀ ਜੋਡੀ ਵਿਲਸਨ ਰੇਅਬੋਲਡ ਨੇ ਪ੍ਰਤੀ 100 ਮਿਲੀਲੀਟਰ ਖੂਨ ਵਿੱਚ ਸ਼ਰਾਬ ਦੀ ਹੱਦ, ਜਿਹੜੀ ਪਹਿਲਾਂ 80 ਮਿਲੀਗ੍ਰਾਮ ਸੀ, ਘਟਾ ਕੇ 50 ਮਿਲੀਗ੍ਰਾਮ ਕਰਨ ਦਾ ਸੁਝਾਅ ਦਿੱਤਾ ਸੀ। ਫੈਡਰਲ ਮੰਤਰੀ ਦਾ ਕਹਿਣਾ ਹੈ ਕਿ ਇਸ ਨਾਲ ਸ਼ਰਾਬ ਪੀ ਕੇ ਹੋਰਨਾਂ ਲਈ ਖਤਰਾ ਖੜ੍ਹਾ ਕਰਨ ਵਾਲੇ ਡਰਾਈਵਰਾਂ ਨੂੰ ਵੀ ਸੁਰਤ ਰਹੇਗੀ ਤੇ ਕੋਈ ਝਗੜਾ ਜਾਂ ਹਾਦਸਾ ਨਹੀਂ ਹੋਵੇਗਾ। ਮੇਓਨੀਅਰ, ਜੋ ਕਿ ਅਜਿਹੀ ਐਸੋਸੀਏਸ਼ਨ ਨਾਲ ਕੰਮ ਕਰਦੇ ਹਨ ਜਿਹੜੀ ਕਿਊਬਿਕ ਵਿੱਚ ਰੈਸਟੋਰੈਂਟਜ਼ ਦੀ ਨੁਮਾਇੰਦਗੀ ਕਰਦੀ ਹੈ, ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੈਂਬਰਾਂ ਨੂੰ ਸ਼ਰਾਬ ਦੀ ਵਿੱਕਰੀ ਘੱਟ ਹੋਣ ਦੀ ਚਿੰਤਾ ਨਹੀਂ ਹੈ ਸਗੋਂ ਉਹ ਤਾਂ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਇਸ ਨਾਲ ਉਨ੍ਹਾਂ ਦੀ ਕੁੱਲ ਆਮਦਨ ਘਟੇਗੀ ਕਿਉਂਕਿ ਲੋਕ ਘਰਾਂ ਵਿੱਚ ਰਹਿਣ ਨੂੰ ਤਰਜੀਹ ਦੇਣਗੇ। ਸ਼ਰਾਬ ਦੇ ਨਾਲ ਖਾਣੇ ਦੀ ਵਿੱਕਰੀ ਵੀ ਘੱਟ ਜਾਵੇਗੀ। ਜਦੋਂ ਕਿਸੇ ਕਿਸਮ ਦੇ ਜਸ਼ਨ ਮਨਾਉਣ, ਪਾਰਟੀ ਕਰਨ ਦੀ ਗੱਲ ਆਵੇਗੀ ਤਾਂ ਲੋਕ ਸਾਰਾ ਕੁੱਝ ਘਰ ਵਿੱਚ ਹੀ ਕਰਨਗੇ ਕਿਉਂਕਿ ਲੋਕ ਆਪਣਾ ਵਿਵਹਾਰ ਬਦਲ ਲੈਣਗੇ। ਟੈਕਸੀ ਲੈਣ ਜਾਂ ਜਨਤਕ ਟਰਾਂਸਪੋਰਟੇਸ਼ਨ ਲੈਣ ਦੀ ਗੱਲ ਕਰਨਾ ਕਾਫੀ ਸੌਖਾ ਹੈ ਪਰ ਕਈ ਖਿੱਤਿਆਂ ਵਿੱਚ ਇਹ ਐਨਾ ਆਸਾਨ ਵੀ ਨਹੀਂ ਹੈ।
ਰੇਅਬੋਲਡ ਨੇ ਵੀ ਆਪਣੇ ਬੁਲਾਰੇ ਰਾਹੀਂ ਇਸ ਪ੍ਰਤੀਕਿਰਿਆ ਦਾ ਜਵਾਬ ਦਿੱਤਾ। ਉਨ੍ਹਾਂ ਆਖਿਆ ਕਿ ਫੈਡਰਲ ਹੱਦ 50 ਮਿਲੀਗ੍ਰਾਮ ਕਰਨ ਨਾਲ ਸ਼ਰਾਬੀ ਡਰਾਈਵਰਾਂ ਵੱਲੋਂ ਖੜ੍ਹੇ ਕੀਤੇ ਜਾਂਦੇ ਖਤਰੇ ਘਟਣਗੇ। ਇਸ ਨਾਲ ਕ੍ਰਿਮੀਨਲ ਲਾਅ ਤਹਿਤ ਸਖ਼ਤ ਸੁਨੇਹਾ ਉਨ੍ਹਾਂ ਨੂੰ ਮਿਲੇਗਾ ਤੇ ਡਰਾਈਵਰਾਂ ਦਾ ਵਿਵਹਾਰ ਵੀ ਬਦਲੇਗਾ। ਉਨ੍ਹਾਂ ਆਖਿਆ ਕਿ ਅਜੇ ਤਾਂ ਉਨ੍ਹਾਂ ਆਪਣੇ ਹਮਰੁਤਬਾ ਪ੍ਰੋਵਿੰਸ਼ੀਅਲ ਅਧਿਕਾਰੀਆਂ ਤੋਂ ਇਸ ਬਾਬਤ ਰਾਇ ਹੀ ਮੰਗੀ ਹੈ, ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …