ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ‘ਚ ਤੇਲ ਅਤੇ ਗੈਸ ਪਾਈਪ ਲਾਈਨ ਬਣਾਉਣ ਦੇ ਮੁੱਦੇ ‘ਤੇ ਸਰਕਾਰ ਅਤੇ ਮੂਲਵਾਸੀ ਭਾਈਚਾਰਿਆਂ ਵਿਚਕਾਰ ਤਿੰਨ ਕੁ ਹਫ਼ਤੇ ਪਹਿਲਾਂ ਸ਼ੁਰੂ ਹੋਇਆ ਵਿਵਾਦ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ। ਮੂਲਵਾਸੀ ਭਾਈਚਾਰਿਆਂ ਵਲੋਂ ਦੇਸ਼ ਭਰ ਵਿਚ ਵੱਖ-ਵੱਖ ਥਾਵਾਂ ਉੱਪਰ ਰੇਲ ਲਾਈਨਾਂ, ਸੜਕਾਂ ਅਤੇ ਪੁਲਾਂ ਨੂੰ ਰੋਕ ਕੇ ਆਵਾਜਾਈ ‘ਚ ਵਿਘਨ ਪਾਇਆ, ਜਿਸ ‘ਚ ਬ੍ਰਿਟਿਸ਼ ਕੋਲੰਬੀਆ, ਉਨਟਾਰੀਓ, ਕਿਊਬਕ ਅਤੇ ਸਸਕਾਚਵਾਨ ਸੂਬੇ ਸ਼ਾਮਿਲ ਹਨ।
ਪਿਛਲੇ ਦਿਨੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਖ਼ਤ ਬਿਆਨਾਂ ਤੋਂ ਬਾਅਦ ਉਨਟਾਰੀਓ ਵਿਖੇ ਬੈੱਲਵਿਲ ਨੇੜੇ ਪੁਲਿਸ ਨੇ ਕਾਰਵਾਈ ਕਰ ਕੇ ਮੂਲਵਾਸੀਆਂ ਦਾ ਵੱਡਾ ਧਰਨਾ ਚੁਕਵਾਇਆ ਸੀ ਅਤੇ ਮੌਕੇ ‘ਤੇ ਕੁਝ ਗ੍ਰਿਫ਼ਤਾਰੀਆਂ ਵੀ ਕੀਤੀਆਂ ਸਨ। ਇਸ ਤੋਂ ਬਾਅਦ ਰੋਹ ‘ਚ ਆਏ ਕੁਝ ਮੂਲਵਾਸੀਆਂ ਨੇ ਲਗਪਗ 200 ਕਿੱਲੋਮੀਟਰ ਦੱਖਣ ਵੱਲ ਹੈਮਿਲਟਨ ਨੇੜੇ ਰੇਲਵੇ ਲਾਈਨ ਨੂੰ ਰੋਕ ਲਿਆ, ਜਿਸ ਕਾਰਨ ਟੋਰਾਂਟੋ ਅਤੇ ਨਿਆਗਰਾ ਫਾਲਜ਼ ਵਿਚਕਾਰ ਰੇਲ ਗੱਡੀਆਂ ਰੱਦ ਕਰਕੇ ਮੁਸਾਫਿਰਾਂ ਨੂੰ ਬੱਸਾਂ ‘ਚ ਰਵਾਨਾ ਕਰਨਾ ਪਿਆ। ਬਾਅਦ ਵਿਚ ਉਹ ਧਰਨਾ ਚੁਕਵਾਇਆ ਗਿਆ ਪਰ ਇਸੇ ਦੌਰਾਨ ਟੋਰਾਂਟੋ ‘ਚ ਯੂਨੀਅਨ (ਰੇਲ) ਸਟੇਸ਼ਨ ਨੇੜੇ ਨਵਾਂ ਧਰਨਾ ਲੱਗਣ ਦੀ ਖ਼ਬਰ ਆ ਗਈ ਸੀ, ਜਿੱਥੇ ਪੁਲਿਸ ਨੇ ਇਕਦਮ ਕਾਰਵਾਈ ਕਰ ਕੇ ਅੱਧੀ ਦਰਜਨ ਦੇ ਕਰੀਬ ਧਰਨਾਕਾਰੀ ਹਿਰਾਸਤ ‘ਚ ਲਏ ਅਤੇ ਰੇਲ ਆਵਾਜਾਈ ਬਹਾਲ ਕੀਤੀ ਗਈ। ਮੌਜੂਦਾ ਹਾਲਾਤ ਕੈਨੇਡਾ ਦੀ ਸਰਕਾਰ ਵਾਸਤੇ ਇਕ ਇਮਤਿਹਾਨ ਦੀ ਘੜੀ ਬਣੇ ਹੋਏ ਹਨ। ਵਿਰੋਧੀ ਰਾਜਨੀਤਕ ਪਾਰਟੀ, ਕੰਸਰਵੇਟਿਵ ਪਾਰਟੀ ਦੇ ਆਗੂਆਂ ਵਲੋਂ ਸਖ਼ਤੀ ਨਾਲ ਧਰਨੇ ਚੁਕਵਾ ਕੇ ਆਵਾਜਾਈ ਬਹਾਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਕੈਨੇਡਾ ਦੀ ਆਰਥਿਕਤਾ ਦਾ ਹੋਰ ਨੁਕਸਾਨ ਨਾ ਹੋਵੇ, ਪਰ ਇਸ ਸਵਾਲ ਦਾ ਜਵਾਬ ਕਿਸੇ ਕੋਲ ਨਹੀਂ ਹੈ ਕਿ ਇਕ ਜਗ੍ਹਾ ਧਰਨਾ ਚੁਕਵਾਉਣ ਤੋਂ ਬਾਅਦ ਜੇਕਰ ਹੋਰ ਜਗ੍ਹਾ ਧਰਨਾ ਲੱਗਦਾ ਜਾਵੇ ਤਾਂ ਹਾਲਾਤ ਸਥਿਰ ਕਿਵੇਂ ਹੋਣਗੇ। ਟਰੂਡੋ ਨੇ ਕਿਹਾ ਕਿ ਉਨ੍ਹਾਂ ਨੇ ਮੂਲਵਾਸੀਆਂ ਨੂੰ ਗੱਲਬਾਤ ਦਾ ਖੁੱਲ੍ਹਾ ਮੌਕਾ ਦਿੱਤਾ, ਜਿਸ ਦੇ ਸਾਰਥਿਕ ਸਿੱਟੇ ਪ੍ਰਾਪਤ ਨਹੀਂ ਹੋਏ ਸਰਕਾਰ ਪੁਲਿਸ ਦੀ ਸਖ਼ਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਣ ਦੇਣਾ ਚਾਹੁੰਦੀ ਜਿਸ ਨੂੰ ਜਾਣਦੇ ਹੋਏ ਮੂਲਵਾਸੀ ਧਰਨਾਕਾਰੀ ਮਨਮਰਜ਼ੀ ਨਾਲ ਆਪਣੀ ਰਣਨੀਤੀ ਉਲੀਕਦੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …