
ਟੋਰਾਂਟੋ/ਸਤਪਾਲ ਸਿੰਘ ਜੌਹਲ : ਦੀਵਾਲੀ ਦਾ ਤਿਉਹਾਰ 14 ਨਵੰਬਰ ਨੂੰ ਹੈ ਤੇ ਉਸ ਦਿਨ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਵਾਸੀਆਂ ਨੂੰ ਪਟਾਕੇ ਚਲਾਉਣ ਦੀ ਖੁੱਲ੍ਹ ਮਿਲੀ ਹੋਈ ਹੈ । ਕਰੋਨਾ ਕਾਰਨ ਇਸ ਵਾਰ ਸਥਿਤੀ ਕੁਝ ਵੱਖਰੀ ਹੈ ਤੇ ਸਿਹਤ ਸੁਰੱਖਿਆ ਨਾਲ ਸਬੰਧਿਤ ਕਈ ਤਰ੍ਹਾਂ ਦੀ ਪਾਬੰਦੀਆਂ ਲੱਗੀਆਂ ਹੋਈਆਂ ਹਨ ਪਰ ਮਿਊਂਸਪਲ ਸਰਕਾਰ ਨੇ ਪਟਾਕੇ ਚਲਾਉਣ ਦੀ ਖੁੱਲ੍ਹ ਬਰਕਰਾਰ ਰੱਖੀ ਹੈ । ਬਰੈਂਪਟਨ ਵਿਚ ਵਾਰਡ 9-10 ਦੇ ਸਿਟੀ ਕੌਂਸਲਰ ਹਰਕੀਰਤ ਸਿੰਘ ਨੇ ਕਿਹਾ ਕਿ ਦੀਵਾਲੀ ਮੌਕੇ ਨਿੱਜੀ ਪ੍ਰਾਪਰਟੀ ਵਿਚ ਨੇੜੇ ਤੱਕ (3 ਕੁ ਮੀਟਰ ਤੱਕ) ਚੱਲਣ ਵਾਲੇ ਪਟਾਕੇ ਚਲਾਉਣ ਦੀ ਆਗਿਆ ਹੈ। ਬਰੈਂਪਟਨ ਦੇ ਸਿਟੀ ਪਾਰਕਾਂ, ਰਾਹਾਂ, ਗਲੀਆਂ, ਸਕੂਲਾਂ ਦੀਆਂ ਗਰਾਊਂਡਾਂ ਜਾਂ ਕਿਸੇ ਹੋਰ ਜਨਤਕ ਥਾਂ ਵਿਚ ਪਟਾਕੇ ਵਰਜਿਤ ਹਨ । ਪੀਲ ਦੇ ਪਬਲਿਕ ਹੈਲਥ ਦੇ ਮੁਖੀ ਡਾ. ਲਾਰੈਂਸ ਲੋਹ ਦਾ ਕਹਿਣਾ ਹੈ ਕਿ ਮੇਲ਼-ਮੁਲਾਕਾਤਾਂ ਨੂੰ ਸੀਮਤ ਰੱਖਿਆ ਜਾਵੇ ਤੇ ਬਾਹਰ ਲੋਕਾਂ ਨੂੰ ਮਿਲਣ ਤੋਂ ਪ੍ਰਹੇਜ਼ ਕੀਤਾ ਜਾਣਾ ਚਾਹੀਦਾ ਹੈ। ਮੇਅਰ ਪੈਟ੍ਰਿਕ ਬਰਾਊਨ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਲੋਕ ਹੁਣ ਕਰੋਨਾ ਵਾਇਰਸ ਦੀ ਗੰਭੀਰਤਾ ਨੂੰ ਸਮਝਦੇ ਹਨ ਪਰ ਬਰੈਂਪਟਨ ਵਿਚ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਜੁਰਮਾਨੇ ਕੀਤੇ ਜਾਂਦੇ ਰਹਿੰਦੇ ਹਨ।