Breaking News
Home / ਜੀ.ਟੀ.ਏ. ਨਿਊਜ਼ / ਚੋਰੀ ਹੋਏ ਸੋਨੇ ਤੇ ਨਕਦੀ ਮਾਮਲੇ ‘ਚ ਏਅਰ ਕੈਨੇਡਾ ਨੇ ਜ਼ਿੰਮੇਵਾਰੀ ਲੈਣ ਤੋਂ ਕੀਤਾ ਇਨਕਾਰ

ਚੋਰੀ ਹੋਏ ਸੋਨੇ ਤੇ ਨਕਦੀ ਮਾਮਲੇ ‘ਚ ਏਅਰ ਕੈਨੇਡਾ ਨੇ ਜ਼ਿੰਮੇਵਾਰੀ ਲੈਣ ਤੋਂ ਕੀਤਾ ਇਨਕਾਰ

ਮਾਂਟਰੀਅਲ/ਬਿਊਰੋ ਨਿਊਜ਼ : ਸਕਿਊਰਿਟੀ ਫਰਮ ਬ੍ਰਿੰਕਸ ਵੱਲੋਂ ਕੀਤੇ ਗਏ ਕੇਸ ਦੇ ਮਾਮਲੇ ਵਿੱਚ ਏਅਰ ਕੈਨੇਡਾ ਨੇ ਸਾਫ ਕਰ ਦਿੱਤਾ ਹੈ ਕਿ ਇਸ ਸਾਲ ਦੇ ਸੁਰੂ ਵਿੱਚ ਟੋਰਾਂਟੋ ਦੇ ਪੀਅਰਸਨ ਏਅਰਪੋਰਟ ਦੀ ਫੈਸਿਲਿਟੀ ਤੋਂ ਚੋਰੀ ਕੀਤੇ ਗਏ 23.8 ਮਿਲੀਅਨ ਡਾਲਰ ਦੇ ਸੋਨੇ ਤੇ ਨਕਦੀ ਦੇ ਮਾਮਲੇ ਵਿੱਚ ਉਸ ਦੀ ਕੋਈ ਜਿੰਮੇਵਾਰੀ ਨਹੀਂ ਬਣਦੀ ਹੈ। ਪਿਛਲੇ ਮਹੀਨੇ ਬ੍ਰਿੰਕਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 17 ਅਪ੍ਰੈਲ ਨੂੰ ਏਅਰ ਕੈਨੇਡਾ ਦੇ ਵੇਅਰਹਾਊਸ ਤੋਂ ਜਾਅਲੀ ਦਸਤਾਵੇਜ਼ ਵਿਖਾ ਕੇ ਇੱਕ ਚੋਰ ਮਹਿੰਗਾ ਸਮਾਨ ਲੈ ਕੇ ਤੁਰਦਾ ਬਣਿਆ। ਇਸ ਮਾਮਲੇ ਵਿੱਚ ਬ੍ਰਿੰਕਸ ਵੱਲੋਂ ਏਅਰਲਾਈਨ ਉੱਤੇ ਕੇਸ ਠੋਕ ਦਿੱਤਾ ਗਿਆ। 8 ਨਵੰਬਰ ਨੂੰ ਆਪਣੇ ਬਚਾਅ ਵਿੱਚ ਏਅਰ ਕੈਨੇਡਾ ਨੇ ਦਿੱਤੇ ਬਿਆਨ ਵਿੱਚ ਆਖਿਆ ਕਿ ਬ੍ਰਿੰਕਸ ਵੱਲੋਂ ਲਾਏ ਗਏ ਸਾਰੇ ਦੋਸ ਗਲਤ ਹਨ ਤੇ ਉਨ੍ਹਾਂ ਵੱਲੋਂ ਆਪਣੇ ਸਾਰੇ ਕੈਰੀਏਜ ਕਾਂਟਰੈਕਟਸ ਪੂਰੇ ਕੀਤੇ ਗਏ ਹਨ ਤੇ ਕਿਸੇ ਵੀ ਮਾਮਲੇ ਵਿੱਚ ਕੋਈ ਲਾਪਰਵਾਹੀ ਨਹੀਂ ਵਰਤੀ ਗਈ। ਏਅਰ ਕੈਨੇਡਾ ਨੇ ਆਖਿਆ ਕਿ ਬ੍ਰਿੰਕਸ ਨੇ ਵੇਅਬਿੱਲ, ਅਜਿਹਾ ਦਸਤਾਵੇਜ਼ ਜਿਹੜਾ ਅਮੂਮਨ ਕੈਰੀਅਰ ਵੱਲੋਂ ਸਿਪਮੈਂਟ ਦੇ ਵੇਰਵਿਆਂ ਲਈ ਜਾਰੀ ਕੀਤਾ ਜਾਂਦਾ ਹੈ, ਉੱਤੇ ਸਿਪਮੈਂਟ ਦੇ ਪੂਰੇ ਵੇਰਵੇ ਹੀ ਨਹੀਂ ਸਨ ਭਰੇ ਤੇ ਜੇ ਬ੍ਰਿੰਕ ਨੂੰ ਕੋਈ ਘਾਟਾ ਪਿਆ ਹੈ ਤਾਂ ਏਅਰ ਕੈਨੇਡਾ ਦੀ ਭਰੋਸੇਯੋਗਤਾ ਨੂੰ ਮਾਂਟਰੀਅਲ ਕਨਵੈਨਸ਼ਨ, ਜੋ ਕਿ ਮਲਟੀਲੇਟਰਲ ਟਰੀਟੀ ਹੈ, ਕਵਰ ਕਰੇਗੀ। ਆਪਣੀ ਸਿਪਮੈਂਟ ਦੀ ਕੀਮਤ ਦਾ ਐਲਾਨ ਨਾ ਕਰਨ ਦਾ ਬ੍ਰਿੰਕਸ ਸਵਿਟਜ਼ਰਲੈਂਡ ਲਿਮਟਿਡ ਨੇ ਆਪ ਫੈਸਲਾ ਕੀਤਾ ਸੀ ਤੇ ਏਸੀ ਸਕਿਓਰ ਸਰਵਿਸਿਜ਼ ਪ੍ਰੋਡਕਟ ਲਈ ਨਿਰਧਾਰਤ ਰੇਟ ਅਦਾ ਕੀਤਾ ਸੀ। ਏਅਰ ਕੈਨੇਡਾ ਨੇ ਇਹ ਵੀ ਆਖਿਆ ਕਿ ਬ੍ਰਿੰਕਸ ਨੂੰ ਕਿਸੇ ਗੜਬੜੀ ਵਿੱਚ ਨਿਕਲਣ ਵਾਲੇ ਨਤੀਜਿਆਂ ਦਾ ਚੰਗੀ ਤਰ੍ਹਾਂ ਪਤਾ ਸੀ। ਦੂਜੇ ਪਾਸੇ ਬ੍ਰਿੰਕਸ ਨੇ ਆਖਿਆ ਕਿ ਜਿਊਰਿਖ ਤੋਂ ਪੀਅਰਸਨ ਏਅਰਪੋਰਟ ਉੱਤੇ ਏਅਰ ਕੈਨੇਡਾ ਦੀ ਫਲਾਈਟ ਲੈਂਡ ਹੁੰਦੇ ਸਾਰ ਹੀ ਕੋਈ ਅਣਪਛਾਤਾ ਸਖਸ ਏਅਰਲਾਈਨ ਦੇ ਕਾਰਗੋ ਵੇਅਰਹਾਊਸ ਆਇਆ ਤੇ ਉਹ ਜਾਅਲੀ ਵੇਅਬਿੱਲ ਵਿਖਾ ਕੇ ਸਾਰੇ ਸਮਾਨ ਨੂੰ ਲੈ ਕੇ ਤੁਰਦਾ ਬਣਿਆ। ਏਅਰਲਾਈਨ ਦੇ ਸਟਾਫ ਨੇ 400 ਕਿੱਲੋ ਸੋਨਾ, ਜਿਸ ਦੀ ਕੀਮਤ 21.1 ਮਿਲੀਅਨ ਡਾਲਰ ਬਣਦੀ ਹੈ, ਤੇ ਦੋ ਮਿਲੀਅਨ ਨਕਦੀ ਚੋਰ ਦੇ ਹੱਥ ਫੜਾ ਦਿੱਤੀ। ਪੁਲਿਸ ਵੱਲੋਂ ਅਜੇ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਨਾ ਤਾਂ ਹੁਣ ਤੱਕ ਸਮਾਨ ਲੱਭਿਆ ਹੈ ਤੇ ਨਾ ਹੀ ਚੋਰ ਲੱਭਿਆ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …