ਕਿਹਾ : ਗਲਤ ਕੰਮ ਕਰਨ ਵਾਲਿਆਂ ਨੂੰ ਸਜ਼ਾ ਨਹੀਂ ਮਿਲਦੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਸਰਕਾਰ ਵਿਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਚਾਹੇ ਕਿਸੇ ਵੀ ਸਿਆਸੀ ਪਾਰਟੀ ਦੀ ਸਰਕਾਰ ਬਣੇ, ਇਕ ਗੱਲ ਤਾਂ ਤੈਅ ਹੈ ਕਿ ਜੋ ਚੰਗਾ ਕੰਮ ਕਰਦਾ ਹੈ, ਉਸ ਨੂੰ ਸਨਮਾਨ ਨਹੀਂ ਮਿਲਦਾ ਅਤੇ ਜੋ ਖਰਾਬ ਕੰਮ ਕਰਦਾ ਹੈ, ਉਸ ਨੂੰ ਕਦੀ ਸਜ਼ਾ ਨਹੀਂ ਮਿਲਦੀ ਹੈ। ਨਿਤਿਨ ਗਡਕਰੀ ਨੇ ਮੁੰਬਈ ਵਿਚ ਇਕ ਸਮਾਗਮ ਦੌਰਾਨ ਇਹ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਨੇਤਾ ਆਉਂਦੇ-ਜਾਂਦੇ ਰਹਿੰਦੇ ਹਨ, ਪਰ ਉਨ੍ਹਾਂ ਨੇ ਆਪਣੇ-ਆਪਣੇ ਚੋਣ ਖੇਤਰ ਦੇ ਲੋਕਾਂ ਲਈ ਜੋ ਕੰਮ ਕੀਤਾ ਹੈ, ਉਹੀ ਕੰਮ ਉਨ੍ਹਾਂ ਨੂੰ ਸਨਮਾਨ ਦਿਵਾਉਂਦਾ ਹੈ। ਪਬਲੀਸਿਟੀ ਅਤੇ ਪਾਪੂਲੈਰਿਟੀ ਜ਼ਰੂਰੀ ਹੈ, ਪਰ ਉਨ੍ਹਾਂ ਨੇ ਆਪਣੇ-ਆਪਣੇ ਚੋਣ ਹਲਕੇ ਵਿਚ ਜੋ ਕੰਮ ਕੀਤਾ ਹੁੰਦਾ ਹੈ, ਉਹ ਸੰਸਦ ਵਿਚ ਉਨ੍ਹਾਂ ਦੀਆਂ ਕਹੀਆਂ ਗਈਆਂ ਗੱਲਾਂ ਤੋਂ ਜ਼ਿਆਦਾ ਜ਼ਰੂਰੀ ਹੈ। ਗਡਕਰੀ ਨੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਭਾਸ਼ਣ ਦੇਣ ਦੀ ਕਲਾ ਦੀ ਤਾਰੀਫ ਵੀ ਕੀਤੀ। ਗਡਰਕੀ ਹੋਰਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਂਡਿਜ਼ ਦੇ ਵਿਵਹਾਰ, ਸਾਦਗੀ ਅਤੇ ਵਿਅਕਤਿਤਵ ਤੋਂ ਬਹੁਤ ਕੁਝ ਸਿੱਖਿਆ ਹੈ। ਨਿਤਿਨ ਗਡਕਰੀ ਨੇ ਕਿਹਾ ਕਿ ਉਹ ਅਟੱਲ ਬਿਹਾਰੀ ਵਾਜਪਾਈ ਤੋਂ ਬਾਅਦ ਜਿਸ ਵਿਅਕਤੀ ਕੋਲੋਂ ਪ੍ਰਭਾਵਿਤ ਹੋਏ ਹਨ, ਉਹ ਜਾਰਜ ਫਰਨਾਂਡਿਜ਼ ਹਨ।