ਨਵੀਂ ਦਿੱਲੀ/ਬਿਊਰੋ ਨਿਊਜ਼ : ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੋ ਦਿਨਾ ਦੌਰੇ ‘ਤੇ ਵੀਰਵਾਰ ਨੂੰ ਭਾਰਤ ਪਹੁੰਚੇ ਅਤੇ ਅਹਿਮਦਾਬਾਦ ਹਵਾਈ ਅੱਡੇ ‘ਤੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਭਾਈ ਪਟੇਲ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਜੌਨਸਨ ਨੇ ਵੀਰਵਾਰ ਨੂੰ ਭਾਰਤੀ ਉਦਯੋਗਪਤੀ ਗੌਤਮ ਅਡਾਨੀ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਅਹਿਮਦਾਬਾਦ ਦੇ ਸ਼ਾਂਤੀਗ੍ਰਾਮ ‘ਚ ਸਥਿਤ ਅਡਾਨੀ ਸਮੂਹ ਦੇ ਮੁੱਖ ਦਫ਼ਤਰ ‘ਚ ਹੋਈ ਜਿੱਥੇ ਜੌਨਸਨ ਅਤੇ ਅਡਾਨੀ ਦਰਮਿਆਨ ਕਲਾਈਮੇਟ ਐਕਸ਼ਨ, ਏਅਰੋਸਪੇਸ ਅਤੇ ਡਿਫੈਂਡ ਟੈਕਨੌਲਜੀ ਦੇ ਖੇਤਰ ‘ਚ ਵਿਕਾਸ ਦੇ ਮੁੱਦਿਆਂ ‘ਤੇ ਅਹਿਮ ਚਰਚਾ ਹੋਈ। ਇਸ ਤੋਂ ਪਹਿਲਾਂ ਜੌਨਸਨ ਸਾਬਰਮਤੀ ਆਸ਼ਰਮ ਪਹੁੰਚੇ ਜਿੱਥੇ ਉਨ੍ਹਾਂ ਬਾਪੂ ਗਾਂਧੀ ਦੇ ਬੁੱਤ ‘ਤੇ ਹਾਰ ਪਹਿਨਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਥੇ ਉਨ੍ਹਾਂ ਆਪਣੇ ਹੱਥਾਂ ਨਾਲ ਚਰਖਾ ਕੱਤਣ ਦੀ ਕੋਸ਼ਿਸ਼ ਵੀ ਕੀਤੀ। ਸਾਬਰਮਤੀ ਆਸ਼ਰਮ ਦਾ ਦੌਰਾ ਕਰਨ ਵਾਲੇ ਬੋਰਿਸ ਜੌਨਸਨ ਬਰਤਾਨੀਆ ਦੇ ਪਹਿਲੇ ਪ੍ਰਧਾਨ ਮੰਤਰੀ ਹਨ, ਜਿੱਥੇ ਉਨ੍ਹਾਂ ਵਿਜ਼ਟਰ ਬੁੱਕ ‘ਚ ਲਿਖਿਆ ਕਿ ਇਸ ਆਸ਼ਰਮ ‘ਚ ਆਉਣਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਸਾਬਰਮਤੀ ਆਸ਼ਰਮ ਦੇ ਪ੍ਰਬੰਧਕਾਂ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਕਿਤਾਬਾਂ ਅਤੇ ਚਰਖੇ ਦਾ ਮਾਡਲ ਭੇਂਟ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ।