ਮੁੰਬਈ : ਬੰਬੇ ਹਾਈ ਕੋਰਟ ਨੇ ਸ਼ਕਤੀ ਮਿਲ ‘ਚ 22 ਸਾਲਾ ਫੋਟੋ ਪੱਤਰਕਾਰ ਨਾਲ ਹੋਏ ਗੈਂਗਰੇਪ ਮਾਮਲੇ ‘ਚ 3 ਦੋਸ਼ੀਆਂ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ‘ਚ ਬਦਲਣ ਦਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕਿਹਾ ਕਿ ਉਹ ਉਨ੍ਹਾਂ ਵੱਲੋਂ ਕੀਤੇ ਗਏ ਘਿਨੌਣੇ ਅਪਰਾਧ ਦਾ ਪਸ਼ਚਾਤਾਪ ਕਰਨ ਦੇ ਲਈ ਉਮਰ ਕੈਦ ਭੁਗਤਣ ਦੇ ਹੱਕਦਾਰ ਹਨ।
ਜਸਟਿਸ ਸਾਧਨਾ ਜਾਧਵ ਅਤੇ ਜਸਟਿਸ ਪ੍ਰਿਥਵੀਰਾਜ ਚੌਹਾਨ ਦੀ ਬੈਂਚ ਨੇ ਵਿਜੇ ਜਾਧਵ, ਮੁਹੰਮਦ ਕਾਸਿਮ ਅਤੇ ਮੁਹੰਮਦ ਅੰਸਾਰੀ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਦੀ ਸਜ਼ਾ ਨੂੰ ਉਮਰ ਕੈਦ ‘ਚ ਬਦਲ ਦਿੱਤਾ। ਇਹ ਮਾਮਲਾ 22 ਅਗਸਤ 2013 ਦਾ ਹੈ ਜਦੋਂ ਆਪਣੇ ਇਕ ਸਾਥੀ ਦੇ ਨਾਲ ਇਕ ਮਹਿਲਾ ਫੋਟੋ ਪੱਤਰਕਾਰ ਸ਼ਕਤੀ ਮਿਲ ‘ਚ ਕਵਰੇਜ਼ ਕਰਨ ਲਈ ਗਈ ਸੀ, ਉਥੇ ਮੌਜੂਦ ਕੁੱਝ ਵਿਅਕਤੀਆਂ ਨੇ ਖੁਦ ਨੂੰ ਪੁਲਿਸ ਕਰਮਚਾਰੀ ਦੱਸਦੇ ਹੋਏ ਉਨ੍ਹਾਂ ਨੂੰ ਫੋਟੋ ਲੈਣ ਤੋਂ ਰੋਕਿਆ। ਉਨ੍ਹਾਂ ਕਿਹਾ ਕਿ ਪਹਿਲਾਂ ਤੁਸੀਂ ਸਾਡੇ ਅਧਿਕਾਰੀਆਂ ਤੋਂ ਆਗਿਆ ਲਓ ਅਤੇ ਫਿਰ ਫੋਟੋ ਖਿੱਚ ਲੈਣਾ। ਉਹ ਮਹਿਲਾ ਪੱਤਰਕਾਰ ਅਤੇ ਉਸ ਦੇ ਸਾਥੀ ਨੂੰ ਅੰਦਰ ਲੈ ਗਏ ਅਤੇ ਉਨ੍ਹਾਂ ਦੋਵਾਂ ‘ਤੇ ਹਮਲਾ ਕਰ ਦਿੱਤਾ। ਮਹਿਲਾ ਪੱਤਰਕਾਰ ਦੇ ਸਾਥੀ ਨੂੰ ਉਨ੍ਹਾਂ ਬੰਨ ਦਿੱਤਾ ਅਤੇ ਫਿਰ ਮਹਿਲਾ ਪੱਤਰਕਾਰ ਨਾਲ ਪੰਜ ਵਿਅਕਤੀਆਂ ਵੱਲੋਂ ਗੈਂਗਰੇਪ ਕੀਤਾ ਗਿਆ ਸੀ। ਦੋ ਘੰਟੇ ਬਾਅਦ ਇਹ ਦੋਵੇਂ ਕਿਸੇ ਤਰੀਕੇ ਨਾਲ ਉਥੋਂ ਆਪਣੀ ਜਾਨ ਬਚਾ ਕੇ ਭੱਜੇ ਅਤੇ ਸਾਰਾ ਮਾਮਲਾ ਪੁਲਿਸ ਦੇ ਧਿਆਨ ‘ਚ ਲਿਆਂਦਾ ਗਿਆ। 72 ਘੰਟੇ ਦੀ ਛਾਣਬੀਣ ਤੋਂ ਬਾਅਦ ਪੁਲਿਸ ਸਾਰੇ ਪੰਜ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ।

