ਬਰੈਂਪਟਨ/ਬਿਊਰੋ ਨਿਊਜ਼ : ਜਸਵੀਰ ਸਿੰਘ ਪਾਸੀ ਤੋਂ ਮਿਲੀ ਜਾਣਕਾਰੀ ਅਨੁਸਾਰ ਕੌਮੀ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 102ਵਾਂ ਸ਼ਹੀਦੀ-ਦਿਵਸ ਅਤੇ ਸਮੂਹ ਗ਼ਦਰੀ ਸ਼ਹੀਦਾਂ ਦੀ ਯਾਦ ਵਿਚ ‘ਸ਼ਹੀਦੀ ਸਮਾਗ਼ਮ’ ਸਰਾਭਾ ਏਰੀਏ ਦੇ ਪਿਛੋਕੜ ਵਾਲੀ ਸਮੂਹ ਸੰਗਤ ਵੱਲੋਂ ਮਿਲ ਕੇ 99 ਗਲਿਡਨ ਰੋਡ ਸਥਿਤ ਗੁਰਦੁਆਰਾ ਸਾਹਿਬ ਗੁਰੂ ਨਾਨਕ ਸਿੱਖ ਸੈਂਟਰ ਵਿਖੇ ਸਵੇਰੇ 10.00 ਵਜੇ ਤੋਂ 12.00 ਵਜੇ ਤੱਕ ਮਨਾਇਆ ਜਾ ਰਿਹਾ ਹੈ। ਇਸ ਸਮਾਗ਼ਮ ਦੌਰਾਨ ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਗੁਰਬਾਣੀ ਕੀਰਤਨ, ਕਥਾ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ, ਉਨ੍ਹਾਂ ਵੱਲੋਂ ਭਾਰਤ ਦੀ ਆਜ਼ਾਦੀ ਲਈ ਪਾਏ ਗਏ ਅਹਿਮ ਯੋਗਦਾਨ ਤੇ ਛੋਟੀ ਉਮਰੇ ਹੋਈ ਸ਼ਹੀਦੀ ਸਬੰਧੀ ਲੈੱਕਚਰ ਹੋਣਗੇ। ਉਪਰੰਤ, ਢਾਡੀ ਜੱਥਾ ਗ਼ਦਰੀ ਸੂਰਬੀਰਾਂ ਦੀਆਂ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕਰੇਗਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਇਸ ਸਬੰਧੀ ਗੱਲ ਕਰਦਿਆਂ ਜਸਵੀਰ ਸਿੰਘ ਪਾਸੀ ਨੇ ਦੱਸਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਵਿਚ ਹਰ ਸਾਲ ਪਿੰਡ ਸਰਾਭਾ ਵਿਖੇ ਸ਼ਾਨਦਾਰ ਟੂਰਨਮੈਂਟ ਕਰਵਾਇਆ ਜਾਂਦਾ ਹੈ ਜੋ ਕਿ ਪੰਜ ਦਿਨ ਚੱਲਦਾ ਹੈ। ਵਿਦੇਸ਼ਾਂ ਵਿਚ ਵੱਸਦੇ ਸਰਾਭਾ-ਵਾਸੀ ਅਤੇ ਆਸ-ਪਾਸ ਦੇ ਹੋਰ ਲੋਕ ਇਨ੍ਹਾਂ ਦਿਨਾਂ ਵਿਚ ਆਪਣੇ ਪਿੰਡੀਂ ਜਾ ਕੇ ਇਸ ਟੂਰਨਮੈਂਟ ਦੀ ਰੌਣਕ ਨੂੰ ਵਧਾਉਂਦੇ ਹਨ ਅਤੇ ਇਸ ਵਿਚ ਆਪਣਾ ਯੋਗਦਾਨ ਪਾਉਂਦੇ ਹਨ। ਉਨ੍ਹਾਂ ਦੱਸਿਆ ਕਿ ਇਹ ਟੂਰਨਾਮੈਂਟ ਇਸ ਸਾਲ 12 ਨਵੰਬਰ ਤੋਂ ਸ਼ੁਰੂ ਹੋ ਕੇ 16 ਨਵੰਬਰ ਤੱਕ ਹੋ ਰਿਹਾ ਹੈ ਅਤੇ ਉਹ ਵੀ ਇਸ ਵਿਚ ਭਾਗ ਲੈਣ ਲਈ 4 ਨਵੰਬਰ ਨੂੰ ਪੰਜਾਬ ਜਾ ਰਹੇ ਹਨ ਤੇ 20 ਨਵੰਬਰ ਨੂੰ ਇੱਥੇ ਵਾਪਸ ਆਉਣਗੇ। ਇਸ ਸ਼ਹੀਦੀ-ਸਮਾਗ਼ਮ ਸਬੰਧੀ ਵਧੇਰੇ ਜਾਣਕਾਰੀ ਲਈ ਜਸਵੀਰ ਸਿੰਘ ਪਾਸੀ ਨੂੰ 416-843-5330। ਮਨਦੀਪ ਸਿੰਘ ਗਿੱਲ ਨੂੰ 647-504-4949 ਜਾਂ ਕਰਮਜੀਤ ਸਿੰਘ ਪਿੰਕੀ ਨੂੰ 1-202-830-9261 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।