Breaking News
Home / ਕੈਨੇਡਾ / ਪੰਜਾਬ ਡੇਅ ਮੇਲੇ ‘ਤੇ ਦਿਖੇ ਪੰਜਾਬੀ ਸੱਭਿਆਚਾਰ ਦੇ ਰੰਗ

ਪੰਜਾਬ ਡੇਅ ਮੇਲੇ ‘ਤੇ ਦਿਖੇ ਪੰਜਾਬੀ ਸੱਭਿਆਚਾਰ ਦੇ ਰੰਗ

ਸਟਾਲਾਂ ‘ਤੇ਼ ਵਿਕੀਆਂ ਪਟਿਆਲੇ ਦੀਆਂ ਜੁੱਤੀਆਂ ਅਤੇ ਲਾਹੌਰ ਦੀਆਂ ਵਾਲੀਆਂ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਮਹਿਫਲ ਮੀਡੀਆ ਗਰੁੱਪ ਦੇ ਸੰਚਾਲਕ ਜਸਵਿੰਦਰ ਸਿੰਘ ਖੋਸਾ ਅਤੇ ਉਹਨਾਂ ਦੀ ਟੀਮ ਵੱਲੋਂ ਪੰਜਾਬ ਦਿਵਸ ਨੂੰ ਸਮਰਪਿਤ ઑਪੰਜਾਬ ਡੇਅ ਮੇਲ਼ਾ ਟੋਰਾਂਟੋ ਦੇ ਵੁੱਡ-ਬਾਈਨ ਮਾਲ ਦੀ ਖੁੱਲ੍ਹੀ ਪਾਰਕਿੰਗ ਵਿੱਚ ਕਰਵਾਇਆ ਗਿਆ। ਇਸ ਮੇਲੇ ਨੇ ਪੰਜਾਬ ਦੇ ਪਿੰਡਾਂ ਵਿੱਚ ਲੱਗਦੇ ਖੁੱਲ੍ਹੇ ਅਖਾੜਿਆਂ ਦੀ ਪੰਜਾਬੀਆਂ ਨੂੰ ਯਾਦ ਤਾਜ਼ਾ ਕਰਵਾ ਦਿੱਤੀ ਗਈ। ਇਸ ਮੇਲੇ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਆਏ ਪੰਜਾਬੀਆਂ/ਪੰਜਾਬਣਾਂ ਨੇ ਪੂਰੀ ਰੀਝ ਨਾਲ ਮਾਣਿਆ।
ਮੇਲੇ ਦੀ ਹਦੂਦ ਅੰਦਰ ਦਾਖਲ ਹੁੰਦਿਆਂ ਹੀ ਚਾਰੇ ਪਾਸੇ ਲੱਗੇ ਸਟਾਲਾਂ ਤੇ ਨਿਕਲ ਰਹੀਆਂ ਤੱਤੀਆਂ-ਤੱਤੀਆਂ ਜਲੇਬੀਆਂ, ਪਕੌੜੇ ਅਤੇ ਹੋਰ ਸਮਾਨ ਜਿੱਥੇ ਮੇਲੀਆਂ ਵੱਲੋਂ ਆਪਣੇ ਯਾਰਾਂ ਮਿੱਤਰਾਂ ਨਾਲ ਮਿਲ ਕੇ ਖਾਧਾ ਜਾ ਰਿਹਾ ਸੀ ਉੱਥੇ ਹੀ ਪੰਜਾਬ ਦੀਆਂ ਇੱਥੇ ਵੱਸਦੀਆਂ ਮੁਟਿਆਰਾਂ ਵੱਲੋਂ ਵੀ ਅਪਣੀਆਂ ਸਾਥਣਾਂ ਨਾਲ ਮਿਲ ਕੇ ਇੱਥੇ ਸੂਟਾਂ, ਪਰਾਂਦਿਆਂ, ਝਾਜਰਾਂ, ਚੂੜੀਆਂ, ਜੁੱਤੀਆਂ ਅਤੇ ਹਾਰ ਸ਼ਿੰਗਾਰ ਦਾ ਸਾਜੋ-ਸਮਾਨ ਵੀ ਖਰੀਦਿਆ ਜਾਂਦਾ ਵੇਖਿਆ ਗਿਆ। ਇਸ ਖੁੱਲੇ ਪੰਜਾਬੀ ਮੇਲੇ ਦੀ ਹੋਰ ਖਾਸ ਗੱਲ ਇਹ ਸੀ ਕਿ ਇੱਥੇ ਦੋਵੇਂ ਪੰਜਾਬਾਂ (ਭਾਰਤ/ਪਾਕਿ) ਨਾਲ ਸਬੰਧਤ ਵੱਸਦੇ ਲੋਕ ਇਹ ਮੇਲਾ ਵੇਖਦੇ ਨਜ਼ਰ ਆਏ। ਇੱਥੇ ਲੱਗੀਆਂ ਗਹਿਣਿਆਂ ਅਤੇ ਹੋਰ ਸਾਜੋ ਸਮਾਨ ਦੀਆਂ ਦੁਕਾਨਾਂ ਤੇ ਪਟਿਆਲੇ ਦੀਆਂ ਜੁੱਤੀਆਂ ਵੀ ਵਿਕੀਆਂ ਅਤੇ ਲਹੌਰ ਦੀਆਂ ਵਾਲੀਆਂ ਵੀ।
ਇਸ ਮੇਲੇ ਵਿੱਚ ਰਹੀਮ ਚਾਚੇ ਦੀ ਸਟਾਲ ਤੋਂ ਜਿੱਥੇ ਬੱਚੇ ਖਿਡੌਣੇ ਖਰੀਦਦੇ ਨਜ਼ਰ ਆਏ ਉੱਥੇ ਸਰਦਾਰ ਜੀ ਦੀ ਸਟਾਲ ਤੋਂ ਸਬੀਬਾ, ਨਾਜ਼ੀਆ, ਨਾਮੀ ਚੂੜੀਆਂ ਅਤੇ ਜਾਲੀਦਾਰ ਦੁਪੱਟੇ ਵੀ ਖਰੀਦਦੀਆਂ ਨਜ਼ਰ ਆਈਆਂ। ਮੇਲੇ ਦੀ ਸ਼ੁਰੂਆਤ ਦੇਹੁ ਸ਼ਿਵਾ ਬਰ ਮੋਹਿ ਇਹੈ, ਸਮੇਤ ਕੈਨੇਡਾ ਅਤੇ ਭਾਰਤ ਦੇ ਰਾਸ਼ਟਰੀ ਤਰਾਨਿਆਂ ਨਾਲ ਹੋਈ ਉਪਰੰਤ ਕਈ ਘੰਟੇ ਲਗਾਤਾਰ ਚੱਲੇ। ਇਸ ਪੰਜਾਬੀ ਰੰਗਤ ਵਾਲੇ ਮੇਲੇ ਵਿੱਚ ਸਟੇਜ ਸੰਚਾਲਕ ਦੇ ਤੌਰ ‘ਤੇ ਪੁਸ਼ਪਿੰਦਰ ਸੰਧੂ, ਕੁਲਤਰਨ ਸਿੰਘ ਪਧਿਆਣਾਂ ਅਤੇ ਗੁਰਿੰਦਰ ਗਰੇਵਾਲ ਵਧੀਆ ਨਿਭੇ ਜਦੋਂ ਕਿ ਪਹਿਲਾਂ ਪਰਮਜੀਤ ਹੰਸ ਦੀ ਵਾਰੀ ਆਈ ਉਪਰੰਤ ਬਾਣੀ ਸੰਧੂ, ਮੰਨਾ ਮੰਡ, ਕੇ ਰਾਜ, ਜਸ ਬਾਜਵਾ, ਜਿੰਮੀ ਕਲੇਰ, ਦਿਲਪ੍ਰੀਤ ਢਿੱਲੋਂ, ਸਿੱਪੀ ਗਿੱਲ ਆਦਿ ਨੇ ਜਿੱਥੇ ਆਪੋ-ਆਪਣੇ ਗੀਤਾਂ ਨਾਲ ਚੰਗੀਆਂ ਧਮਾਲਾਂ ਪਾਈਆਂ ਉੱਥੇ ਹੀ ਕਨੇਡਾ ਵੱਸਦੇ ਨੌਜਵਾਨ ਗਾਇਕ ਹੈਰੀ ਸੰਧੂ ਅਤੇ ਬੁੱਕਣ ਜੱਟ ਨੇ ਨੱਚ-ਨੱਚ ਸਟੇਜ ਹੀ ਹਿਲਾ ਦਿੱਤੀ। ਜਦੋਂ ਲੋਕਾਂ ਦੀ ਚਹੇਤੀ ਗਾਇਕਾ ਗੁਰਲੇਜ਼ ਅਖ਼ਤਰ ਅਤੇ ਕੁਲਵਿੰਦਰ ਕੈਲੀ ਦੀ ਜੋੜੀ ਸਟੇਜ ਤੇ ਆਈ ਤਾਂ ਉਸਦੇ ਪ੍ਰਸੰਸਕਾਂ ਨੇ ਤਾੜੀਆਂ ਨਾਲ ਉਸਦਾ ਸੁਆਗਤ ਕੀਤਾ। ਇਸ ਜੋੜੀ ਨੇ ਬਿਨਾਂ ਟਾਈਮ ਖਰਾਬ ਕੀਤਿਆਂ ਉਪਰੋ-ਥਲੀ ਆਪਣੇ ਅਨੇਕਾਂ ਹੀ ਮਸ਼ਹੂਰ ਗੀਤ ਗਾ ਕੇ ਆਪਣੇ ਚਾਹੁਣ ਵਾਲਿਆਂ ਨੂੰ ਖੁਸ਼ ਕਰ ਦਿੱਤਾ।
ਮੇਲੇ ਦੌਰਾਨ ਤਾਸ਼ ਦੀਆਂ ਬਾਜ਼ੀਆਂ ਵੀ ਲੱਗੀਆਂ ਅਤੇ ਇਹਨਾਂ ਬਾਜ਼ੀਆਂ ਵਿੱਚ ਜਸਪ੍ਰੀਤ ਸਿੰਘ ਸੰਘਾ ਅਤੇ ਗਗਨਪ੍ਰੀਤ ਸਿੰਘ ਦੀ ਟੀਮ ਨੇ ਪਹਿਲੇ ਸਥਾਨ ਤੇ਼ ਰਹਿ ਕੇ 500 ਡਾਲਰ ਦਾ ਇਨਾਮ ਜਿੱਤਆ। ਗੁਰਬਚਨ ਸਿੰਘ ਗਰੇਵਾਲ, ਪ੍ਰੇਮ ਗੰਭੀਰ ਦੀ ਟੀਮ ਨੇ ਦੂਜੇ ਅਤੇ ਮਨਮੋਹਨ ਸਿੰਘ ਅਟਵਾਲ ਦੀ ਟੀਮ ਵੱਲੋ ਤੀਜੇ ਸਥਾਨ ਦੇ ਇਨਾਮ ਜਿੱਤੇ ਗਏ। ਪੰਜਾਬ ਦੇ ਮੇਲਿਆਂ ਵਾਂਗ ਲੋਕ ਕੁੜਤੇ ਚਾਦਰੇ ਹੱਥ ਵਿੱਚ ਸੰਮਾਂ ਵਾਲੀਆਂ ਡਾਂਗਾਂ ਫੜ ਕੇ ਅਤੇ ਮੁਟਿਆਰਾਂ ਪੰਜਾਬੀ ਸੂਟਾਂ ਵਿੱਚ ਸਜ ਕੇ ਜਿੱਥੇ ਮੇਲੇ ਦਾ ਆਨੰਦ ਮਾਣਦੇ ਨਜ਼ਰ ਆਏ ਉੱਥੇ ਹੀ ਪੰਜਾਬੀਆਂ ਦੁਆਰਾ ਸ਼ਿੰਗਾਰ ਕੇ ਲਿਆਦੀਆਂ ਜੀਪਾਂ, ਫੋਰਡ ਟਰੈਕਟਰ, ਟਰੱਕ ਵੀ ਇਸ ਪੰਜਾਬੀ ਸੱਭਿਆਚਾਰਕ ਮੇਲੇ ਵਿੱਚ ਖਿੱਚ ਦਾ ਕੇਂਦਰ ਰਹੇ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …