Breaking News
Home / ਕੈਨੇਡਾ / ਸੁਰਜੀਤ ਸਹੋਤਾ ਬਣੇ ਬਰੈਂਪਟਨ ਵੈੱਸਟ ਤੋਂ ਕਮਿਊਨਿਸਟ ਪਾਰਟੀ ਆਫ਼ ਕੈਨੇਡਾ ਦੇ ਉਮੀਦਵਾਰ

ਸੁਰਜੀਤ ਸਹੋਤਾ ਬਣੇ ਬਰੈਂਪਟਨ ਵੈੱਸਟ ਤੋਂ ਕਮਿਊਨਿਸਟ ਪਾਰਟੀ ਆਫ਼ ਕੈਨੇਡਾ ਦੇ ਉਮੀਦਵਾਰ

ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀ ਭਾਈਚਾਰੇ ਦੇ ਸਰਗ਼ਰਮ ਰਾਜਸੀ ਅਤੇ ਸਮਾਜਿਕ ਕਾਰਜ-ਕਰਤਾ ਸੁਰਜੀਤ ਸਹੋਤਾ ਬਰੈਂਪਟਨ ਵੈੱਸਟ ਤੋਂ ਕਮਿਊਨਿਸਟ ਪਾਰਟੀ ਆਫ਼ ਕੈਨੇਡਾ ਵੱਲੋਂ ਐੱਮ.ਪੀ.ਪੀ. ਲਈ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਉਹ ਪਿਛਲੇ ਲੰਮੇਂ ਸਮੇਂ ਤੋਂ ਇੰਡੋ-ਕੈਨੇਡੀਅਨਜ਼ ਵਰਕਰਜ਼ ਐਸੋਸੀਏਸ਼ਨ ਦੇ ਸੈਕਟਰੀ ਦੇ ਤੌਰ ‘ਤੇ ਬਾਖ਼ੂਬੀ ਸੇਵਾ ਨਿਭਾ ਰਹੇ ਹਨ ਅਤੇ ਲੋਕ ਮਸਲਿਆਂ ਲਈ ਸਦਾ ਸਰਗ਼ਰਮ ਰਹਿੰਦੇ ਹਨ।
ਸੁਰਜੀਤ ਸਹੋਤਾ ਨੇ ਆਪਣੀ ਚੋਣ-ਮੁਹਿੰਮ ਦਾ ਆਰੰਭ ਕਰਦਿਆਂ ਕਿਹਾ ਕਿ ਇਸ ਵਾਰ ਦੀਆਂ ਇਹ ਸੂਬਾਈ ਚੋਣਾਂ ਮਿਹਨਤਕਸ਼ ਲੋਕਾਂ ਲਈ ਬੜੀਆਂ ਅਹਿਮ ਹਨ। ਇਸ ਸਮੇਂ ਜਦ ਕਾਰਪੋਰੇਟਾਂ ਦੇ ਲਾਭ ਅਸਮਾਨੀਂ ਜਾ ਚੜ੍ਹੇ ਹਨ ਅਤੇ ਸਿਰਫ਼ 1% ਅਮੀਰ 80% ਸੰਪਤੀ ਦੇ ਮਾਲਕ ਬਣੇ ਬੈਠੇ ਹਨ, ਜਦ ਕਿ ਮਿਹਨਤਕਸ਼ ਲੋਕਾਂ ਦਾ ਹੱਡ-ਭੰਨਵੀਂ ਮਿਹਨਤ ਦੇ ਬਾਵਜੂਦ ਵੀ ਗ਼ੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਲਿਬਰਲ ਨੇ ਲਗਾਤਾਰ ਨਿੱਜੀਕਰਨ ਅਤੇ ਕਾਰਪੋਰੇਟ ਪੱਖੀ ਨੀਤੀਆਂ ਜਾਰੀ ਰੱਖੀਆਂ ਹਨ ਅਤੇ ਉਸ ਦੇ ਵੱਲੋਂ ਜ਼ਰੂਰੀ ਸੇਵਾਵਾਂ ਵਿਚ ਭਾਰੀ ਕਟੌਤੀਆਂ ਕੀਤੀਆਂ ਗਈਆਂ ਹਨ ਅਤੇ ਕਾਰਪੋਰੇਟ ਟੈਕਸ ਵੀ ਘਟਾਏ ਹਨ। ‘ਹਾਈਡਰੋਵੰਨ’ ਦਾ ਨਿੱਜੀਕਰਨ ਕੀਤਾ ਗਿਆ ਹੈ ਉਨ੍ਹਾਂ ਹੋਰ ਦੱਸਿਆ ਕਿ ਕੰਸਰਵੇਟਿਵ ਸਰਕਾਰ ਜੇਕਰ ਸੱਤਾ ਵਿਚ ਆਉਂਦੀ ਹੈ ਤਾਂ ਇਹ ਲੋਕਾਂ ਲਈ ਹੋਰ ਵੀ ਮੁਸ਼ਕਲਾਂ ਪੈਦਾ ਕਰੇਗੀ ਅਤੇ ਹੋਰ ਜ਼ਰੂਰੀ ਸੇਵਾਵਾਂ ਦਾ ਤੇਜ਼ੀ ਨਾਲ ਨਿੱਜੀਕਰਨ ਕਰੇਗੀ। ਸਾਨੂੰ ਅਜਿਹੀ ਸਰਕਾਰ ਚੁਣਨੀ ਹੋਵੇਗੀ ਜੋ ਲੋਕਾਂ ਦੇ ਹਿੱਤਾਂ ਨੂੰ ਪਹਿਲ ਦੇਵੇ, ਨਾ ਕਿ ਕਾਰਪੋਰੇਟ ਦੇ ਹਿੱਤਾਂ ਨੂੰ।
ਉਨ੍ਹਾਂ ਕਿਹਾ ਕਿ ਲੋਕ-ਪੱਖੀ ਬਦਲਾਅ ਲਈ ਉਹ ਲੋਕ ਹਿੱਤਾਂ ਦੇ ਹਿੱਤ ਵਿਚ ਨੀਤੀਆਂ ਦਾ ਸਮੱਰਥਨ ਕਰਦੇ ਹਨ। ਕਮਿਊਨਿਸਟ ਪਲੇਟਫ਼ਾਰਮ ਦੀਆਂ ਮੰਗਾਂ ਹਨ: ਘੱਟ ਤੋਂ ਘੱਟ ਉਜਰਤਾਂ ਨੂੰ ਵਧਾ ਕੇ ਜਿਊਣਯੋਗ 20 ਡਾਲਰ ਕਰਨ, ਸਿਹਤ-ਸਹੂਲਤਾਂ ਦੇ ਫ਼ੰਡ ਵਧਾ ਕੇ ਬੰਦ ਕੀਤੇ ਗਏ ਹਸਪਤਾਲ ਖੋਲ੍ਹਣ, ਦੰਦਾਂ ਤੇ ਅੱਖਾਂ ਦੀਆਂ ਦਵਾਈਆਂ ਅਤੇ ਮਾਨਸਿਕ ਰੋਗਾਂ ਦੀ ਕੇਅਰ ਨੂੰ ਸਰਕਾਰੀ ਕਰਨ, ਸਕੂਲਾਂ ਨੂੰ ਵਿਦਿਆਰਥੀਆਂ ਦੀ ਗਿਣਤੀ ਦੇ ਆਧਾਰਿਤ ਫ਼ੰਡਿੰਗ ਕਰਨ ਅਤੇ ਪੋਸਟ ਸੈਕੰਡਰੀ ਵਿੱਦਿਆ ਦੀ ਟਿਊਸ਼ਨ ਫ਼ੀਸ ਨੂੰ ਖ਼ਤਮ ਕਰਨ, ਹਾਈਡਰਵਿੰਨ ਦਾ ਸਰਕਾਰੀ ਕਰਨ, ਪਬਲਿਕ ਆਟੋ-ਇਨਸ਼ੋਅਰੈਂਸ ਘਟਾਉਣ, ਕਾਰਪੋਰੇਟ ਟੈਕਸ ਦੁੱਗਣੇ ਕਰਨ ਅਤੇ 40,000 ਡਾਲਰ ਆਮਦਨ ‘ਤੇ ਟੈਕਸ ਦੀ ਛੋਟ, ਔਰਤਾਂ ਲਈ ਬਰਾਬਰ ਦੇ ਕੰਮ ਲਈ ਬਰਾਬਰ ਤਨਖ਼ਾਹ ਅਤੇ ਸੂਬਾ ਪੱਧਰ ‘ਤੇ ਸੋਸ਼ਲ ਹਾਊਸਿੰਗ ਪ੍ਰੋਗਰਾਮ ਤਹਿਤ ਦੋ ਲੱਖ ਘਰ ਬਣਾਉਣਾ ਅਹਿਮ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਕਮਿਊਨਿਸਟ ਇਨ੍ਹਾਂ ਮੰਗਾਂ ਲਈ ਸੰਘਰਸ਼-ਸ਼ੀਲ ਹੈ। ਉਨ੍ਹਾਂ ਲੋਕਾਂ ਨੂੰ ਕਮਿਊਨਿਸਟ ਪਾਰਟੀ ਦੇ ਸੂਬਾ ਲੀਡਰ ਡੇਵਮਕੀਆ ਦੇ ਚੋਣਾਂ ਸਬੰਧੀ ਵਿਚਾਰ ਸੁਣਨ ਲਈ 26 ਮਈ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 2.00 ਵਜੇ ਸੌਕਰ ਸੈਂਟਰ 1495 ਸੈਂਡਲਵੇਅ ਪਾਰਕਵੇਅ ਵਿਖੇ ਪਹੁੰਚਣ ਦੀ ਅਪੀਲ ਕੀਤੀ।
ਚੋਣਾਂ ਸਬੰਧੀ ਹੋਰ ਜਾਣਕਾਰੀ ਪਾਰਟੀ ਦੀ ਵੈੱਬਸਾਈਟ www.communistpartyontario.ca ‘ਤੇ ਜਾ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਸੁਰਜੀਤ ਸਹੋਤਾ ਨਾਲ ਉਨ੍ਹਾ ਦੇ ਫ਼ੋਨ 417-704-0745 ਅਤੇ ਉਨ੍ਹਾਂ ਦੇ ਚੋਣ ਮੁਹਿੰਮ ਮੈਨੇਜਰ ਹਰਿੰਦਰ ਹੁੰਦਲ ਨਾਲ 647-818-6880 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …