ਬਰੈਂਪਟਨ/ਡਾ. ਝੰਡ
ਪਿਛਲੇ ਕਈ ਸਾਲਾਂ ਤੋਂ ਚੱਲੀ ਆ ਰਹੀ ਪਰੰਪਰਾ ਅਨੁਸਾਰ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਮਿਲ ਕੇ ਲੰਘੇ ਐਤਵਾਰ 16 ਜੂਨ ਨੂੰ ‘ਮਦਰਜ਼ ਡੇਅ’ ਅਤੇ ‘ਫ਼ਾਦਰਜ਼ ਡੇਅ’ ਸ਼ਾਹ ਪਬਲਿਕ ਸਕੂਲ ਵਿਚ ਸਾਂਝੇ ਤੌਰ ‘ਤੇ ਮਨਾਇਆ। ਮੁੱਖ-ਮਹਿਮਾਨ ਜਿਨ੍ਹਾਂ ਨੂੰ ਸੱਦਾ-ਪੱਤਰ ਭੇਜੇ ਗਏ ਸਨ, ਨੇ ਸਮੇਂ-ਸਿਰ ਇਸ ਵਿਚ ਸ਼ਿਰਕਤ ਕਰਕੇ ਮੈਂਬਰਾਂ ਨੂੰ ਧੰਨਵਾਦੀ ਬਣਾਇਆ ਅਤੇ ਉਨ੍ਹਾਂ ਦੇ ਆਉਣ ‘ਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰ ਦਿੱਤੀ ਗਈ। ਪ੍ਰੋਗਰਾਮ ਦੇ ਆਰੰਭ ਵਿਚ ਮੰਚ-ਸੰਚਾਲਨ ਦੀ ਕਾਰਵਾਈ ਗੁਰਦੇਵ ਸਿੰਘ ਹੰਸਰਾ ਨਿਭਾਈ ਗਈ। ਸਮਾਗ਼ਮ ਦੀ ਪ੍ਰਧਾਨਗੀ ਪ੍ਰਿੰਸੀਪਲ ਰਾਮ ਸਿੰਘ ਕੁਲਾਰ ਵੱਲੋਂ ਕੀਤੀ ਗਈ ਅਤੇ ਉਨ੍ਹਾਂ ਦੇ ਨਾਲ ਪ੍ਰਧਾਨਗੀ-ਮੰਡਲ ਵਿਚ ਸਾਬਕਾ ਚੀਫ਼ ਇੰਜੀਨੀਅਰ ਜਤਿੰਦਰ ਸਿੰਘ, ਪ੍ਰੋ. ਨਿਰਮਲ ਸਿੰਘ ਧਾਰਨੀ, ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਤੱਗੜ, ਜੰਗੀਰ ਸਿੰਘ ਸੈਂਹਬੀ, ਮਿਸਿਜ਼ ਕੁਲਾਰ ਅਤੇ ਸ਼੍ਰੀਮਤੀ ਅੰਮ੍ਰਿਤਪਾਲ ਕੌਰ ਚਾਹਲ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਗੁਰਮੇਲ ਸਿੰਘ ਗਿੱਲ ਵੱਲੋਂ ਮਦਰਜ਼ ਡੇਅ ਨਾਲ ਸਬੰਧਿਤ ਤਰੱਨਮ ਵਿਚ ਗਾਏ ਇਕ ਗੀਤ ਨਾਲ ਕੀਤੀ ਗਈ। ਉਪਰੰਤ, ਸਟੇਜ ਚਲਾਉਣ ਦੀ ਕਾਰਵਾਈ ਕਰਤਾਰ ਸਿੰਘ ਚਾਹਲ ਨੇ ਸੰਭਾਲ ਲਈ। ਇਸ ਦੌਰਾਨ ਕਲੱਬ ਦੀ ਸੱਭ ਤੋਂ ‘ਸੀਨੀਅਰ ਮਦਰ’ ਮਾਤਾ ਰਛਪਾਲ ਕੌਰ ਬੋਪਾਰਾਏ ਨੂੰ ਉਨ੍ਹਾਂ ਦੇ ਪਰਿਵਾਰ ਦੀ ਹਾਜ਼ਰੀ ਵਿਚ ਸਨਮਾਚ-ਚਿੰਨ੍ਹ ਅਤੇ ਸਿਰੋਪਾਉ ਭੇਂਟ ਕਰਨ ਦੀ ਰਸਮ ਪ੍ਰਿੰਸੀਪਲ ਰਾਮ ਸਿੰਘ ਕੁਲਾਰ ਅਤੇ ਵਾਰਡ ਨੰਬਰ 9-10 ਦੇ ਸਿਟੀ ਕਾਊਂਸਲਰ ਹਰਕੀਰਤ ਸਿੰਘ ਵੱਲੋਂ ਮਿਲ ਕੇ ਨਿਭਾਈ ਗਈ। ਏਸੇ ਤਰ੍ਹਾਂ ਕਲੱਬ ਦੇ ਸੱਭ ਤੋਂ ਸੀਨੀਅਰ ਫ਼ਾਦਰ ਕੇਵਲ ਸਿੰਘ ਸਹੋਤਾ ਨੂੰ ਵੀ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀ ਹਾਜ਼ਰੀ ਵਿਚ ਕਲੱਬ ਵੱਲੋਂ ਸਨਮਾਨ-ਚਿਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਾਿਆ। ਇਸ ਦੌਰਾਨ ਪ੍ਰੋ. ਨਿਰਮਲ ਸਿੰਘ ਧਾਰਨੀ ਨੇ ਫਾਦਰਜ਼ ਡੇਅ ਅਤੇ ਮਦਰਜ਼ ਡੇਅ ਦੀ ਅਹਿਮੀਅਤ ਬਾਰੇ ਭਰਪੂਰ ਚਾਨਣਾ ਪਾਇਆ। ਪ੍ਰਿੰਸੀਪਲ ਰਾਮ ਸਿੰਘ ਕੁਲਾਰ ਨੇ ਆਪਣੇ ਸੰਬੋਧਨ ਵਿਚ ਧਰਤੀ ਮਾਂ ਦੀ ਮਹਾਨਤਾ ਬਾਰੇ ਆਪਣੇ ਖ਼ੂਬਸੂਰਤ ਵਿਚਾਰ ਪੇਸ਼ ਕੀਤੇ। ਸਮਾਗ਼ਮ ਵਿਚ ਆਈਆਂ ਸੰਗਤਾਂ ਦਾ ਧੰਨਵਾਦ ਪ੍ਰਧਾਨ ਰਣਜੀਤ ਸਿੰਘ ਤੱਗੜ ਅਤੇ ਇਕਬਾਲ ਸਿੰਘ ਘੋਲੀਆ ਵੱਲੋਂ ਕੀਤਾ ਗਿਆ। ਸਮਾਗ਼ਮ ਦੇ ਅੰਤ ਵਿਚ ਸਾਰਿਆਂ ਨੇ ਚਾਹ, ਪਾਣੀ ਅਤੇ ਸਨੈਕਸ ਦਾ ਖ਼ੂਬ ਅਨੰਦ ਮਾਣਿਆਂ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …