Breaking News
Home / ਕੈਨੇਡਾ / ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਸਾਰਥਿਕਤਾ ਸਬੰਧੀ ਹੋਇਆ ਅੰਤਰਰਾਸ਼ਟਰੀ ਸੈਮੀਨਾਰ ਬੇਹੱਦ ਸਫ਼ਲ ਰਿਹਾ

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਸਾਰਥਿਕਤਾ ਸਬੰਧੀ ਹੋਇਆ ਅੰਤਰਰਾਸ਼ਟਰੀ ਸੈਮੀਨਾਰ ਬੇਹੱਦ ਸਫ਼ਲ ਰਿਹਾ

ਡਾ. ਦਲਜੀਤ ਸਿੰਘ ਵਾਲੀਆ ਦੁਆਰਾ ਸੰਪਾਦਿਤ ਪੁਸਤਕ ‘ਗੁਰੂ ਨਾਨਕ ਦੇਵ : 1469-1539’ ਲੋਕ ਅਰਪਿਤ
ਬਰੈਂਪਟਨ/ਡਾ. ਝੰਡ : ਪੰਜਾਬੀ ਭਵਨ ਟੋਰਾਂਟੋ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਲੰਘੇ ਐਤਵਾਰ 16 ਜੂਨ ਨੂੰ ਸਥਾਨਕ ਮੈਰੀਅਟ ਹੋਟਲ ਵਿਚ ਹੋਇਆ ਅੰਤਰਰਾਸ਼ਟਰੀ ਸੈਮੀਨਾਰ ਸਫ਼ਲਤਾ ਪੂਰਵਕ ਸੰਪੰਨ ਹੋਇਆ। ਸੈਮਨਾਰ ਦੀ ਸ਼ੁਰੂਆਤ ਕਰਮ ਸਿੰਘ ਮਰਵਾਹਾ ਵੱਲੋਂ ਵਾਇਲਨ ‘ਤੇ ਵਜਾਈ ਗਈ ਮਧੁਰ ਧੁਨ ਅਤੇ ਪ੍ਰਸਿੱਧ ਗਾਇਕ ਪ੍ਰੋ. ਉਪਕਾਰ ਸਿੰਘ ਪਾਤਰ ਵੱਲੋਂ ਗਾਏ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੁਦਰਤ ਦੀ ਆਰਤੀ ਵਾਲੇ ਸ਼ਬਦ ‘ਕੈਸੀ ਆਰਤੀ ਹੋਇ’ ਨਾਲ ਕੀਤੀ ਗਈ। ਮੁੱਖ-ਮਹਿਮਾਨਾਂ ਵੱਲੋਂ ਮੋਮਬੱਤੀਆਂ ਜਗਾਉਣ ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਾਪੀ ਗਈ ਡਾ. ਦਲਜੀਤ ਸਿੰਘ ਵਾਲੀਆ ਦੁਆਰਾ ਸੰਪਾਦਿਤ ਪੁਸਤਕ ઑਗੁਰੂ ਨਾਨਕ ਦੇਵ: 1469-1539਼ ਲੋਕ-ਅਰਪਿਤ ਕੀਤੀ ਗਈ ਅਤੇ ਇਸ ਦੇ ਨਾਲ ਹੀ ਸੈਮੀਨਾਰ ਦੇ ਉਦਘਾਟਨੀ-ਸੈਸ਼ਨ ਦੇ ਸ਼ੁਭ ਆਰੰਭ ਲਈ ਮੰਚ-ਸੰਚਾਲਕ ਲਵੀਨ ਗਿੱਲ ਵੱਲੋਂ ਪ੍ਰਧਾਨਗੀ-ਮੰਡਲ ਵਿਚ ਸੁਸ਼ੋਭਿਤ ਹੋਣ ਲਈ ਡਾ. ਵਰਿਆਮ ਸਿੰਘ ਸੰਧੂ, ਮੁੱਖ-ਮਹਿਮਾਨ ਜਸਵੰਤ ਜ਼ਫ਼ਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਏ ਡਾ. ਦਲਜੀਤ ਸਿੰਘ ਵਾਲੀਆ, ਪ੍ਰਿੰ. ਸਰਵਣ ਸਿੰਘ ਅਤੇ ਡਾ. ਕੁਲਜੀਤ ਸਿੰਘ ਜੰਜੂਆ ਨੂੰ ਸੱਦਾ ਦਿੱਤਾ ਗਿਆ। ਸੈਮੀਨਾਰ ਦੇ ਮੁੱਖ ਆਯੋਜਿਕ ਵਿਪਨਦੀਪ ਸਿੰਘ ਮਰੋਕ ਵੱਲੋਂ ਭਾਰਤੋਂ ਆਏ ਵਿਸ਼ੇਸ਼ ਮਹਿਮਾਨਾਂ, ਸੈਮੀਨਾਰ ਵਿਚ ਭਾਗ ਲੈਣ ਵਾਲੇ ਸਮੂਹ ਬੁਲਾਰਿਆਂ ਅਤੇ ਆਏ ਸਮੂਹ ਮਹਿਮਾਨਾਂ ਨੂੰ ਜੀ-ਆਇਆਂ ਕਿਹਾ ਗਿਆ।
ਪ੍ਰਧਾਨਗੀ-ਭਾਸ਼ਨ ਦੌਰਾਨ ਡਾ. ਵਰਿਆਮ ਸਿੰਘ ਸੰਧੂ ਨੇ ਵੀ ਆਪਣੀ ਗੱਲ ਗੁਰੂ ਨਾਨਕ ਦੇਵ ਜੀ ਦੀਆਂ ਤਸਵੀਰਾਂ ਤੋਂ ਹੀ ਸ਼ੁਰੂ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਉਪਦੇਸ਼ਾਂ ਦਾ ਨਿੱਘ ਅਜੇ ਤੀਕ ਸਾਡੇ ਮਨਾਂ ਵਿਚ ਨਹੀਂ ਪਹੁੰਚਿਆ ਅਤੇ ਅਸੀਂ ਗੁਰੂ ਜੀ ਦੀਆਂ ਤਸਵੀਰਾਂ ਨੂੰ ਹੀ ਮੱਥਾ ਟੇਕੀ ਜਾਂਦੇ ਹਾਂ ਜਿਨ੍ਹਾਂ ਵਿਚ ਅੱਜ ਕੱਲ੍ਹ ਸੱਭ ਤੋਂ ਪ੍ਰਮੁੱਖ ਸੋਭਾ ਸਿੰਘ ਆਰਟਿਸਟ ਦੀ ਬਣਾਈ ਹੋਈ 1969 ਵਿਚ ਰੀਲੀਜ਼ ਹੋਈ ਤਸਵੀਰ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਨੇ ਕਾਲੀ ਵੇਈਂ ਵਿਚ ‘ਚੁੱਭੀ’ ਆਤਮ-ਗਿਆਨ ਲਈ ਮਾਰੀ ਸੀ ਅਤੇ ਤਿੰਨ ਦਿਨਾਂ ਬਾਅਦ ਲੋਕਾਂ ਨੂੰ ‘ਨਾ ਹਮ ਹਿੰਦੂ ਨਾ ਮੁਸਲਮਾਨ’ ਦਾ ਹੋਕਾ ਦਿੱਤਾ ਸੀ ਤੇ ਚੰਗਾ ਇਨਸਾਨ ਹੋਣ ਨੂੰ ਉੱਤਮ ਕਿਹਾ ਸੀ। ਉਨ੍ਹਾਂ ਆਰਥਿਕ ਤੇ ਸਮਾਜਿਕ ਨਾ-ਬਰਾਬਰੀ ਨਾ ਕੇਵਲ ਆਵਾਜ਼ ਹੀ ਬੁਲੰਦ ਕੀਤੀ, ਸਗੋਂ ਅਮਲੀ ਤੌਰ ‘ਤੇ ਮਲਿਕ ਭਾਗੋ ਵਰਗਿਆਂ ਦਾ ਸਾਥ ਨਾ ਦੇ ਕੇ ਭਾਈ ਲਾਲੋ ਵਰਗੇ ਕਿਰਤੀਆਂ ਨੂੰ ਪਹਿਲ ਦਿੱਤੀ।
ਸੈਮੀਨਾਰ ਦੇ ਪਹਿਲੇ ਵਿਦਿਅਕ ਸੈਸ਼ਨ ”ਕਿਵ ਸਚਿਆਰਾ ਹੋਇਐ” ਦੀ ਸ਼ੁਰੂਆਤ ਕਰਦਿਆਂ ਇਸ ਦੇ ਕੋਆਰਡੀਨੇਟਰ ਪ੍ਰੋ.ਜਗੀਰ ਸਿੰਘ ਕਾਹਲੋਂ ਨੇ ਡਾ.ਸੁਖਦੇਵ ਸਿੰਘ ਝੰਡ, ਇਸ ਸੈਸ਼ਨ ਦੇ ਬੁਲਾਰਿਆਂ ਡਾ.ਡੀ.ਪੀ. ਸਿੰਘ, ਡਾ. ਗੁਰਨਾਮ ਕੌਰ, ਅਹਿਮਦੀਆ ਮੁਸਲਮ ਜਮਾਤ ਦੇ ਬੁਲਾਰੇ ਜਨਾਬ ਮੁਖ਼ਤਾਰ ਅਹਿਮਦ ਚੀਮਾ, ਕਹਾਣੀਕਾਰ ਗੁਰਮੀਤ ਕੜਿਆਲਵੀ ਨੂੰ ਪ੍ਰਧਾਨਗੀ-ਮੰਡਲ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਉਪਰੰਤ, ਮੁਖ਼ਤਾਰ ਅਹਿਮਦ ਚੀਮਾ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਪਦੇਸ਼ਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਸਾਨੂੰ ਸੱਭ ਤੋਂ ਪਹਿਲਾਂ ਚੰਗੇ ਇਨਸਾਨ ਬਣਨ ਦੀ ਜ਼ਰੂਰਤ ਹੈ।
ਡਾ. ਡੀ.ਪੀ. ਸਿੰਘ ਨੇ ਪਾਵਰ-ਪੁਆਇੰਟ ਦੀ ਮਦਦ ਨਾਲ ਆਪਣੇ ਪੇਪਰ ”ਗੁਰੂ ਨਾਨਕ ਦੀ ਫ਼ਿਲਾਸਫ਼ੀ ਅਤੇ ਇਸ ਨੂੰ ਅਮਲ ਵਿਚ ਲਿਆਉਣ” ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਗੁਰੂ ਨਾਨਕ ਬਾਣੀ ਦੀਆਂ ਵੱਖ-ਵੱਖ ਤੁਕਾਂ ਰਾਹੀਂ ਲੋਕਤੰਤਰ ਦੇ ਚਾਰ ਅਸੂਲਾਂ, ਬਰਾਬਰੀ, ਸਾਂਝੀਵਾਲਤਾ, ਆਜ਼ਾਦੀ ਅਤੇ ਨਿਆਂ ਦੀ ਵਿਆਖਿਆ ਕੀਤੀ। ਪੰਜਾਬ ਦੀ ਹਵਾ ਤੇ ਪਾਣੀ ਦੇ ਪ੍ਰਦੂਸ਼ਤ ਹੋ ਜਾਣ ઑਤੇ ਚਿੰਤਾ ਪ੍ਰਗਟ ਕਰਦਿਆਂ ਹੋਇਆਂ ਗੁਰੂ ਨਾਨਕ ਦੇ ਵਾਕ ઑਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹੱਤ਼ ਅਨੁਸਾਰ ਇਨ੍ਹਾਂ ਦੇ ਸੁਧਾਰ ਲਈ ਅੱਜਕੱਲ੍ਹ ਕੋਸ਼ਿਸ਼ ਕਰ ਰਹੇ ਵਿਅੱਕਤੀਆਂ ਤੇ ਸੰਸਥਾਵਾਂ ਦੀ ਵੀ ਭਰਪੂਰ ਪ੍ਰਸ਼ੰਸਾ ਕੀਤੀ।
ਡਾ. ਗੁਰਨਾਮ ਕੌਰ ਨੇ ਆਪਣੇ ਪੇਪਰ ”ਆਸਾ ਦੀ ਵਾਰ:ਇਕ ਅਧਿਐਨ” ਵਿਚ ਉਨ੍ਹਾਂ ਨੇ ਗੁਰੂ ਸਾਹਿਬ ਵੱਲੋਂ ਇਸ ਵਿਚ ਧਾਰਮਿਕ ਪਾਖੰਡਾਂ, ਪ੍ਰਮਾਤਮਾ ਨੂੰ ਸਹੀ ਅਰਥਾਂ ਵਿਚ ਸਮਝਣ ਅਤੇ ਇਸ ਵਿਚ ਆਏ ਸ਼ਬਦਾਂ ਵਿਸਮਾਦ, ਕੁਦਰਤ, ਸੱਚ, ਆਦਿ ਦੀ ਬਾਖ਼ੂਬੀ ਵਿਆਖਿਆ ਕੀਤੀ। ਸਕੂਲ-ਟਰੱਸਟੀ ਬਲਬੀਰ ਸੋਹੀ ਅਤੇ ਐੱਮ.ਪੀ.ਪੀ.ਦੀਪਕ ਅਨੰਦ ਨੇ ਵੀ ਕੁਝ ਮਿੰਟਾਂ ਲਈ ਆਪਣੀ ਹਾਜ਼ਰੀ ਲੁਆਈ। ਅਖ਼ੀਰ ਵਿਚ ਡਾ. ਸੁਖਦੇਵ ਸਿੰਘ ਝੰਡ ਨੇ ਸੈਸ਼ਨ ਦੀ ਕਾਰਵਾਈ ਨੂੰ ਸਮੇਟਦਿਆਂ ਹੋਇਆਂ ਕਿਹਾ ਕਿ ਇਸ ਸੈਸ਼ਨ ਵਿਚ ਸਾਰੇ ਹੀ ਬੁਲਾਰਿਆਂ ਨੇ ਬੜੇ ਵਿਦਵਤਾ ਭਰਪੂਰ ਵਿਚਾਰ ਪੇਸ਼ ਕੀਤੇ ਹਨ ਅਤੇ ਸਾਨੂੰ ਇਸ ਕਿਸਮ ਦੇ ਵਿੱਦਿਅਕ ਸੈਮੀਨਾਰਾਂ ਦਾ ਆਯੋਜਨ ਕਰਕੇ ਹੋਰ ਸੰਵਾਦ ਛੇੜਨ ਦੀ ਜ਼ਰੂਰਤ ਹੈ।
ਸੈਮੀਨਾਰ ਦੇ ਦੂਸਰੇ ਵਿੱਦਿਅਕ ਸੈਸ਼ਨ ”ਕੂੜਿ ਫਿਰੈ ਪਰਧਾਨ ਵੇ ਲਾਲੋ” ਦੀ ਵਾਗਡੋਰ ਸੰਭਾਲਦਿਆਂ ਹੋਇਆਂ ਪਿਆਰਾ ਸਿੰਘ ਕੁੱਦੋਵਾਲ ਨੇ ਪ੍ਰਧਾਨਗੀ-ਮੰਡਲ ਵਿਚ ਬਿਰਾਜਮਾਨ ਹੋਣ ਲਈ ਪੰਜਾਬੀ ਲੇਖਕ ਪੂਰਨ ਸਿੰਘ ਪਾਂਧੀ, ਸੈਸ਼ਨ ਦੇ ਬੁਲਾਰਿਆਂ ਪੰਜਾਬੀ ਯੁਨੀਵਰਸਿਟੀ ਪਟਿਆਲਾ ਤੋਂ ਉਚੇਚੇ ਤੌਰ ઑਤੇ ਆਏ ਡਾ.ਦਲਜੀਤ ਸਿੰਘ ਵਾਲੀਆ, ਡਾ. ਕੰਵਲਜੀਤ ਕੌਰ ਢਿੱਲੋਂ, ਉੱਘੇ ਗ਼ਜ਼ਲਗੋ ਗੁਰਤੇਜ ਕੁਹਾੜਵਾਲਾ ਅਤੇ ਪੱਛਮੀ ਪੰਜਾਬ ਦੀ ਮਸ਼ਹੂਰ ਗਾਇਕਾ ਤਾਹਿਰਾ ਸਰਾਂ ਨੂੰ ਬੇਨਤੀ ਕੀਤੀ।
ਉਪਰੰਤ, ਪਹਿਲੇ ਬੁਲਾਰੇ ਡਾ. ਦਲਜੀਤ ਸਿੰਘ ਵਾਲੀਆ ਨੇ ਆਪਣੇ ਪੇਪਰ ”ਗੁਰੂ ਨਾਨਕ ਬਾਣੀ ਦਾ ਸਮਾਜਿਕ ਪਰਿਪੇਖ” ਵਿਚ ਗੁਰੂ ਸਾਹਿਬ ਵੱਲੋਂ ਉਚਾਰੀਆਂ ਗਈਆਂ ਵੱਖ-ਵੱਖ ਪੰਕਤੀਆਂ ਰਾਹੀਂ ਧਾਰਮਿਕ ਸਹਿਣਸ਼ੀਲਤਾ, ਚੰਗੇ ਇਨਸਾਨ ਬਣਨ, ਚੰਗੀ ਜੀਵਨ-ਜਾਚ ਅਪਨਾਉਣ, ਲੰਗਰ, ਪੰਗਤ ਤੇ ਸੰਗਤ ਦੀ ਬਾਖ਼ੂਬੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਆਰਥਿਕ ਤੇ ਸਮਾਜਿਕ ਨਾ-ਬਾਰਬਰੀ ਖ਼ਿਲਾਫ਼ ਭਰਪੂਰ ਆਵਾਜ਼ ਉਠਾਈ। ਡਾ. ਵਾਲੀਆ ਅਨੁਸਾਰ ਅੱਜਕੱਲ੍ਹ ਵਿਸ਼ਵੀਕਰਣ ਦੇ ਯੁੱਗ ਵਿਚ ਮਨੁੱਖੀ ਕਦਰਾਂ-ਕੀਮਤਾਂ ਵਿਚ ਕਾਫ਼ੀ ਨਿਘਾਰ ਆ ਗਿਆ ਹੈ ਅਤੇ ਇਸ ਦੇ ਸੁਧਾਰ ਲਈ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਤੋਂ ਸੇਧ ਲੈਣ ਦੀ ਜ਼ਰੂਰਤ ਹੈ।
ਇਸ ਤਰ੍ਹਾਂ ਪੰਜਾਬੀ ਭਵਨ ਟੋਰਾਂਟੋ ਵੱਲੋਂ ਪੰਜਾਬੀ ਯੂਨੀਵਸਿਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਹ ਅੰਤਰਰਾਸ਼ਟਰੀ ਸੈਮੀਨਾਰ ਬੇਹੱਦ ਸਫ਼ਲ ਰਿਹਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …