ਦੋ ਹਫਤਿਆਂ ’ਚ ਤੀਜੀ ਵਾਰ ਹਿੱਲੀ ਧਰਤੀ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ-ਐਨ.ਸੀ.ਆਰ. ਵਿਚ ਅੱਜ ਐਤਵਾਰ ਸ਼ਾਮ 4 ਵੱਜ ਕੇ 8 ਮਿੰਟ ’ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਇਸ ਭੂਚਾਲ ਦੀ ਗਤੀ 3.1 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਹਰਿਆਣਾ ਦੇ ਫਰੀਦਾਬਾਦ ’ਚ ਦੱਸਿਆ ਗਿਆ ਹੈ। ਭੂਚਾਲ ਦੇ ਝਟਕਿਆਂ ਕਾਰਨ ਲੋਕ ਡਰ ਗਏ ਅਤੇ ਘਰਾਂ ਤੋਂ ਬਾਹਰ ਭੱਜ ਗਏ। ਐਨਸੀਆਰ ਦੇ ਫਰੀਦਾਬਾਦ, ਗਾਜ਼ੀਆਬਾਦ, ਨੋਇਡਾ, ਗ੍ਰੇਟਰ ਨੋਇਡਾ ਅਤੇ ਗੁਰੂਗ੍ਰਾਮ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸਣਯੋਗ ਹੈ ਕਿ ਦੋ ਹਫਤਿਆਂ ਵਿਚ ਇਹ ਤੀਜੀ ਵਾਰ ਦਿੱਲੀ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਤੋਂ ਪਹਿਲਾਂ 3 ਅਕਤੂਬਰ ਨੂੰ ਦਿੱਲੀ-ਐਨ.ਸੀ.ਆਰ. ਸਣੇ ਉਤਰ ਭਾਰਤ ਦੇ ਕਈ ਇਲਾਕਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਹੋਏ ਸਨ। ਇਸੇ ਤਰ੍ਹਾਂ 2 ਅਕਤੂਬਰ ਨੂੰ ਵੀ ਦਿੱਲੀ ਅਤੇ ਹਰਿਆਣਾ ਵਿਚ ਭੂਚਾਲ ਦੇ ਹਲਕੇ ਜਿਹੇ ਝਟਕੇ ਮਹਿਸੂਸ ਕੀਤੇ ਗਏ ਸਨ।