ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 24 ਸਤੰਬਰ ਨੂੰ ਬਰੈਂਪਟਨ ਸਾਊਥ ਰਾਈਡਿੰਗ ਫ਼ੈੱਡਰਲ ਲਿਬਰਲ ਐਸੋਸੀਏਸ਼ਨ ਵੱਲੋਂ ‘ਚਾਂਦਨੀ ਕਨਵੈੱਨਸ਼ਨ ਸੈਂਟਰ’ 5 ਗੇਟਵੇਅ ਬੁਲੇਵਾਰਡ ਵਿਖੇ ਸ਼ਾਮ ਦੇ 6.30 ਵਜੇ ਸ਼ਾਨਦਾਰ ਫ਼ੰਡ-ਰੇਜ਼ਿੰਗ ਡਿਨਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗ਼ਮ ਦੇ ਮੁੱਖ-ਮਹਿਮਾਨ ਮਾਣਯੋਗ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਸਨ ਅਤੇ ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਸੈਨੇਟਰ ਮਾਣਯੋਗ ਲੋਰਨਾ ਮਿਲਨੇ, ਸਾਬਕਾ ਐੱਮ.ਪੀ. ਰੌਸ ਮਿਲਨੇ, ਐੱਮ.ਪੀ. ਸਵੈੱਨ ਸਪੈਂਜਮੈਨ, ਮਾਣਯੋਗ ਜੌਸੇਫ਼ ਵੋਲਪੇ, ਬਰੈਂਪਟਨ ਦੇ ਪਾਰਲੀਮੈਂਟ ਮੈਂਬਰ ਕਮਲ ਖਹਿਰਾ, ਰਮੇਸ਼ਵਰ ਸੰਘਾ, ਰੂਬੀ ਸਹੋਤਾ, ਸਾਬਕਾ ਐੱਮ.ਪੀ. ਗੁਰਬਖ਼ਸ਼ ਮੱਲ੍ਹੀ ਤੇ ਕਈ ਹੋਰਨਾਂ ਨੇ ਇਸ ਸਮਾਗਮ ਵਿਚ ਸ਼ਿਰਕਤ ਕੀਤੀ।
ਮੁੱਖ-ਮਹਿਮਾਨ ਅਤੇ ਆਏ ਹੋਏ ਮਹਿਮਾਨਾਂ ਦਾ ਹਾਰਦਿਕ ਸੁਆਗ਼ਤ ਕਰਦਿਆਂ ਹੋਇਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਦੇਸ਼ ਦੇ ਮਾਣਯੋਗ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ‘ਤੇ ਮਾਣ ਹੈ ਜੋ ਦੇਸ਼ ਦੇ ਇਸ ਅਹਿਮ ਅਹੁਦੇ ਦਾ ਮਾਣ-ਸਨਮਾਨ ਵਧਾ ਰਹੇ ਹਨ ਅਤੇ ਕਮਿਊਨਿਟੀ ਦਾ ਨਾਂ ਉਚੇਰਾ ਕਰ ਰਹੇ ਹਨ। ਉਨ੍ਹਾਂ ਵੱਖ-ਵੱਖ ਪ੍ਰਾਜੈਕਟਾਂ ਅਧੀਨ ਪੀਲ ਰਿਜਨ ਅਤੇ ਖ਼ਾਸ ਕਰਕੇ ਬਰੈਂਪਟਨ ਨੂੰ ਮਿਲਣ ਵਾਲੀ ਫ਼ੈੱਡਰਲ ਫੰਡਿੰਗ ਲਈ ਜਸਟਿਨ ਟਰੂਡੋ ਦੀ ਅਗਵਾਈ ਹੇਠ ਚੱਲ ਰਹੀ ਸਰਕਾਰ ਦਾ ਧੰਨਵਾਦ ਕੀਤਾ। ਇੰਮੀਗਰੇਸ਼ਨ ਦੇ ਮਾਮਲੇ ਵਿਚ ਉਨ੍ਹਾਂ ਪਰਿਵਾਰਾਂ ਨੂੰ ਮੁੜ-ਮਿਲਾਉਣ ਲਈ ਗਰੈਂਡ-ਪੇਰੈਂਟਸ ਨੂੰ ਕੈਨੇਡਾ ਵਿਚ ਸੱਦਣ ਲਈ ਵਧੇਰੇ ਅਰਜ਼ੀਆਂ ਉੱਪਰ ਵਿਚਾਰ ਕਰਨ ‘ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਬਰੈਂਪਟਨ ਦੇ ਪਾਰਲੀਮੈਂਟ ਮੈਂਬਰਾਂ ਵੱਲੋਂ ਮਿਲ ਕੇ ਪਿਛਲੇ ਮਹੀਨੇ ਆਯੋਜਤ ਕੀਤੇ ਗਏ ‘ਬਾਰ-ਬੀ-ਕਿਊ’ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ ਜਿਸ ਨੂੰ ਕਮਿਊਨਿਟੀ ਵੱਲੋਂ ਭਰਪੂਰ ਹੁੰਗਾਰਾ ਮਿਲਿਆ। ਇਸ ਦੇ ਨਾਲ ਹੀ ਬਰੈਂਪਟਨ ਸਾਊਥ ਫ਼ੈੱਡਰਲ ਐਸੋਸੀਏਸ਼ਨ ਵੱਲੋਂ ਇਹ ਸ਼ਾਨਦਾਰ ਸਮਾਗ਼ਮ ਦਾ ਆਯੋਜਨ ਕਰਨ ਲਈ ਰਾਈਡਿੰਗ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬਾਠ ਅਤੇ ਵਾਲੰਟੀਅਰਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।
ਹਰਜੀਤ ਸਿੰਘ ਸੱਜਣ ਨੇ ਇਸ ਮੌਕੇ ਬੋਲਦਿਆਂ ਕਿਹਾ, ”ਸਾਨੂੰ ਸੱਭਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਕੀ ਸਾਂ, ਅਸੀਂ ਹੁਣ ਕੀ ਹਾਂ, ਅਸੀਂ ਆਪਣੇ ਦੇਸ਼ ਕੈਨੇਡਾ ਲਈ ਕੀ ਕਰ ਰਹੇ ਹਾਂ ਅਤੇ ਹੋਰ ਕੀ ਕਰ ਸਕਦੇ ਹਾਂ। ਸਾਨੂੰ ਆਪਣਾ ਪਿਛੋਕੜ ਵੀ ਨਹੀਂ ਭੁੱਲਣਾ ਚਾਹੀਦਾ ਅਤੇ ਨਾਲ ਹੀ ਵਰਤਮਾਨ ਅਤੇ ਭਵਿੱਖ ਬਾਰੇ ਵੀ ਚਿੰਤਤ ਹੋਣਾ ਚਾਹੀਦਾ ਹੈ।” ਅੰਗਰੇਜ਼ੀ ਅਤੇ ਪੰਜਾਬੀ ਵਿਚ ਰਲਵੇਂ-ਮਿਲਵੇਂ ਆਪਣੇ 10 ਕੁ ਮਿੰਟਾਂ ਦੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਅਸੀਂ ਸਖ਼ਤ ਮਿਹਨਤ ਕਰਕੇ ਇੱਥੇ ਐਸਟੈਬਲਿਸ਼ ਹੋਏ ਹਾਂ। ਬੀਤੇ ਸਮੇਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਸ਼ੁਰੂ ਸ਼ੁਰੂ ਵਿਚ ਦਸਤਾਰਾਂ ਨਾਲ ਕੰਮ ਲੱਭਣ ਵਿਚ ਬੜੀ ਦਿੱਕਤ ਪੇਸ਼ ਆਉਂਦੀ ਸੀ ਪਰ ਹੁਣ ਹਾਲਾਤ ਬਦਲ ਗਏ ਹਨ ਅਤੇ ਅਜਿਹੀ ਕੋਈ ਮੁਸ਼ਕਲ ਨਹੀਂ ਹੈ। ਜਸਟਿਨ ਟਰੂਡੋ ਦੀ ਲੀਡਰਸ਼ਿਪ ਵਿਚ ਹੁਣ ਹਰ ਵਰਗ ਦੇ ਲੋਕ ਮਿਹਨਤ ਕਰਕੇ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਦਰਅਸਲ, ਮਿਹਨਤ ਹੀ ਕਾਮਯਾਬੀ ਹੈ ਅਤੇ ਹੁਣ ਬੱਚਿਆਂ ਨੇ ਮਿਹਨਤ ਕਰਕੇ ਹੀ ਭਵਿੱਖ ਵਿਚ ਅੱਗੇ ਵੱਧਣਾ ਹੈ। ਭਵਿੱਖ ਅਗਲੀ ਪੀੜ੍ਹੀ ਦਾ ਹੈ ਅਤੇ ਅਸੀਂ ਮਿਲ ਕੇ ਇਸ ਨੂੰ ਉਨ੍ਹਾਂ ਦੇ ਲਈ ਸੁਰੱਖਿਅਤ ਅਤੇ ਕਾਰਜਸ਼ੀਲ ਬਨਾਉਣਾ ਹੈ। ਬਰੈਂਪਟਨ ਸਾਊਥ ਫ਼ੈੱਡਰਲ ਲਿਬਰਲ ਐਸੋਸੀਏਸ਼ਨ ਵੱਲੋਂ ਹਰਜੀਤ ਸੱਜਣ ਨੂੰ ਇੱਕ ਖ਼ੂਬਸੂਰਤ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਗ਼ਮ ਸ਼ੁਰੂ ਹੋਣ ਤੋਂ ਪਹਿਲਾਂ ਹਰਜੀਤ ਸੱਜਣ ਨਾਲ ਹੱਥ ਮਿਲਾਉਣ ਵਾਲਿਆਂ ਤੇ ਉਨ੍ਹਾਂ ਨਾਲ ਫ਼ੋਟੋ ਖਿਚਵਾਉਣ ਵਾਲੇ ਚਾਹਵਾਨਾਂ ਦੀ ਲੰਮੀ ਕਤਾਰ ਬਣ ਗਈ ਜਿਸ ਨੂੰ ਭੁਗਤਾਉਂਦਿਆਂ ਕਾਫ਼ੀ ਸਮਾਂ ਲੱਗ ਗਿਆ ਜਿਸ ਕਾਰਨ ਸਮਾਗ਼ਮ ਵੀ ਕੁਝ ਲੇਟ ਸ਼ੁਰੂ ਹੋ ਸਕਿਆ। ਸਮਾਗ਼ਮ ਵਿਚ ਹਾਜ਼ਰੀਨ ਦਾ ਭੰਗੜਾ ਟੀਮ ਨੇ ਜੋਸ਼ੀਲਾ ਭੰਗੜਾ ਪਾਕੇ ਖ਼ੂਬ ਮਨੋਰੰਜਨ ਕੀਤਾ। ਅਖ਼ੀਰ ਵਿਚ ਬਰੈਂਪਟਨ ਸਾਊਥ ਫ਼ੈੱਡਰਲ ਲਿਬਰਲ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਬਾਠ ਵੱਲੋਂ ਆਏ ਹੋਏ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਰਾਤ ਦਾ ਖਾਣਾ ਵੀ ਸ਼ੁਰੂ ਹੋ ਗਿਆ।