Breaking News
Home / ਕੈਨੇਡਾ / ਵੰਡੀਆਂ ਪਾਉਣ ਵਾਲੇ ‘ਬੋਲਾਂ’ ਕਾਰਨ ਡੌਨ ਚੈਰੀ ਨੂੰ ‘ਹਾਕੀ ਨਾਈਟ ਇਨ ਕੈਨੇਡਾ’ ਦੀ ਸਰਦਾਰੀ ਤੋਂ ਲਾਂਭੇ ਕੀਤਾ

ਵੰਡੀਆਂ ਪਾਉਣ ਵਾਲੇ ‘ਬੋਲਾਂ’ ਕਾਰਨ ਡੌਨ ਚੈਰੀ ਨੂੰ ‘ਹਾਕੀ ਨਾਈਟ ਇਨ ਕੈਨੇਡਾ’ ਦੀ ਸਰਦਾਰੀ ਤੋਂ ਲਾਂਭੇ ਕੀਤਾ

ਇਮੀਗਰੈਂਟ ਵਧੀਆ ਨਾਗਰਿਕ ਨਹੀਂ ਹਨ, ਉਹ ‘ਰੀਮੈਂਬਰੈਂਸ-ਡੇਅ’ ਤੋਂ ਪਹਿਲਾਂ ਪੌਪੀ-ਫ਼ਲਾਵਰ ਨਹੀਂ ਲਗਾਉਂਦੇ : ਡੌਨ ਚੈਰੀ
ਟੋਰਾਂਟੋ/ਡਾ. ਝੰਡ
ਜਾਣਕਾਰੀ ਅਨੁਸਾਰ ਡੌਨ ਚੈਰੀ ਨੂੰ ‘ਰਿਮੈਂਬਰੈਂਸ ਡੇਅ’ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਦੀ ਰਾਤ ਨੂੰ ਇਸ ਸਪੋਰਟਸ ਚੈਨਲ ਦੇ ਸੈੱਗਮੈਂਟ ‘ਹਾਕੀ ਨਾਈਟ ਇਨ ਕੈਨੇਡਾ’ ਵਿਚ ਕੈਨੇਡਾ ਵਿਚ ਆਉਣ ਵਾਲੇ ਇਮੀਗਰੈਂਟਾਂ ਵਿਰੁੱਧ ਵਰਤੀ ਗਈ ਮਾੜੀ ਸ਼ਬਦਾਵਲੀ ਕਾਰਨ ਇਸ ਤੋਂ ਲਾਂਭੇ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਦੀ ਰਾਤ ਨੂੰ ‘ਕੋਚਸ ਕਾਰਨਰ’ ਨਾਮਕ ਪ੍ਰੋਗਰਾਮ ਵਿਚ ਪਿਛਲੇ 40 ਸਾਲਾਂ ਤੋਂ ਕੈਨੇਡਾ ਦੀ ਹਾਕੀ (‘ਆਈਸ ਹਾਕੀ’) ਵਿਚ ਧਾਂਕ ਜਮਾਈ ਬੈਠੇ 85 ਸਾਲਾ ਡੌਨ ਚੈਰੀ ਨੇ ਕਿਹਾ ਹੈ,”ਤੁਸੀਂ ਲੋਕ (ਇੰਮੀਗਰੈਂਟਸ) ਸਾਡੇ ਜੀਵਨ-ਢੰਗ ਨੂੰ ਪਸੰਦ ਕਰਦੇ ਹੋ, ਸਾਡੇ ਦੁੱਧ ਤੇ ਸ਼ਹਿਦ ਨੂੰ ਪਸੰਦ ਕਰਦੇ ਹੋ।
ਤੁਹਾਨੂੰ ਕੁਝ ਬੱਕਸ (ਡਾਲਰ) ‘ਪੌਪੀ ਫ਼ਲਾਵਰਜ਼’ ਜਾਂ ਅਜਿਹੇ ਕੰਮਾਂ ਲਈ ਵੀ ਪਾਉਣੇ ਚਾਹੀਦੇ ਹਨ। ਇਨ੍ਹਾਂ ਲੋਕਾਂ (ਸ਼ਹੀਦਾਂ) ਨੇ ਤੁਹਾਡੇ ਲਈ ਆਪਣੀਆਂ ਜਾਨਾਂ ਤੁਹਾਡੇ ਇਸ ਜੀਵਨ ਲਈ ਵਾਰੀਆਂ ਜੋ ਤੁਸੀਂ ਇੱਥੇ ਕੈਨੇਡਾ ਵਿਚ ਮਾਣ ਰਹੇ ਹੋ।” ਇਹ ਵੀ ਦੱਸਣਯੋਗ ਹੈ ਕਿ ਇਸ ਮੌਕੇ ਡੌਨ ਚੈਰੀ ਦੇ ਨਾਲ ਖੜ੍ਹੇ ਰੌਨ ਮੈਕਲੀਅਨ ਨੇ ਚੈਰੀ ਨੇ ਉਸ ਨੂੰ ਇਹ ਕਹਿਣ ਤੋਂ ਰੋਕਣ ਜਾਂ ਟੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ, ਸਗੋਂ ਉਸ ਦੇ ਇਨ੍ਹਾਂ ਬੋਲਾਂ ‘ਤੇ ਆਪਣੇ ਹੱਥ ਦਾ ਅੰਗੂਠਾ ਉੱਪਰ (‘ਥੰਬਜ਼-ਅੱਪ’) ਕੀਤਾ। ਇੱਥੇ ਇਹ ਦੱਸਣਾ ਬਣਦਾ ਹੈ ਕਿ ਚੈਰੀ ਨੇ ਆਪਣੇ ਇਨ੍ਹਾਂ ਬੋਲਾਂ ਉੱਪਰ ਕੋਈ ਅਫ਼ਸੋਸ ਜ਼ਾਹਿਰ ਨਹੀ ਕੀਤਾ, ਸਗੋਂ ਟੋਰਾਂਟੋ ਦੀ ਮਸ਼ਹੂਰ ਅਖ਼ਬਾਰ ‘ਟੋਰਾਂਟੋ ਸੰਨ’ ਦੇ ਇਕ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਉਸ ਦੇ ਹਰੇਕ ਸ਼ਬਦ ਦਾ ਅਰਥ ਹੈ ਅਤੇ ਉਹ ਉਸ ਉੱਪਰ ਕਾਇਮ ਹੈ।
ਇਸ ਦੌਰਾਨ ‘ਸਪੋਰਟਸਨੈੱਟ’ ਦੇ ਪ੍ਰੈਜ਼ੀਡੈਂਟ ਬਾਰਟ ਯੈਬਸਲੇ ਦਾ ਕਹਿਣਾ ਹੈ, ”ਖੇਡਾਂ ਲੋਕਾਂ ਨੂੰ ਨੇੜੇ ਲਿਆਉਂਦੀਆਂ ਹਨ ਅਤੇ ਉਨ੍ਹਾਂ ਨੂੰ ਆਪਸ ਵਿਚ ਜੋੜਦੀਆਂ ਹਨ। ਇਹ ਲੋਕਾਂ ਵਿਚ ਵੰਡੀਆਂ ਨਹੀਂ ਪਾਉਂਦੀਆਂ।” ਉਨ੍ਹਾਂ ਕਿਹਾ, ”ਸ਼ਨੀਵਾਰ ਦੀ ਰਾਤ ਦੇ ਬਰਾਡਕਾਸਟ ਤੋਂ ਬਾਅਦ ਡੌਨ ਚੈਰੀ ਨਾਲ ਹੋਈ ਗੱਲਬਾਤ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਇਹ ਡੌਨ ਚੈਰੀ ਦੇ ਇਸ ਪ੍ਰੋਗਰਾਮ ਵਿੱਚੋਂ ਬਾਹਰ ਜਾਣ ਦਾ ਸਹੀ ਸਮਾਂ ਹੈ।” ਉਨ੍ਹਾਂ ਹੋਰ ਕਿਹਾ, ”ਆਪਣੇ ਬਰਾਡਕਾਸਟ ਵਿਚ ਡੌਨ ਚੈਰੀ ਨੇ ਵੰਡੀਆਂ ਪਾਉਣ ਵਾਲੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਜੋ ਸਾਡੀਆਂ ਕੈਨੇਡੀਅਨ ਕਦਰਾਂ-ਕੀਮਤਾਂ, ਜਿਨ੍ਹਾਂ ਦੇ ਲਈ ਅਸੀਂ ਸਾਰੇ ਖੜ੍ਹੇ ਹਾਂ, ਲਈ ਨਹੀਂ ਸ਼ੋਭਦੇ। ਡੌਨ ਕੈਨੇਡਾ ਦੀ ਹਾਕੀ ਦਾ ਸਮ-ਰੂਪ ਹੈ ਅਤੇ ਉਸ ਨੇ ਪਿਛਲੇ 40 ਸਾਲਾਂ ਵਿਚ ਇਸ ਦੀ ਪ੍ਰਗਤੀ ਲਈ ਅਹਿਮ ਯੋਗਦਾਨ ਪਾਇਆ ਹੈ। ਅਸੀਂ ਡੋਨ ਦੇ ਹਾਕੀ ਲਈ ਯੋਗਦਾਨ ਅਤੇ ਸਪੋਰਟਸ ਬਰਾਡਕਾਸਟਿੰਗ ਲਈ ਧੰਨਵਾਦ ਕਰਦੇ ਹਾਂ।”
ਇੱਥੇ ਇਹ ਵਰਨਣਯੋਗ ਹੈ ਕਿ ਡੌਨ ਚੈਰੀ ਨੂੰ ਸਪੋਰਟਸਨੈੱਟ ਤੋਂ ਪਾਸੇ ਕਰਨ ਦੀ ਖ਼ਬਰ ਸੱਭ ਤੋਂ ਪਹਿਲਾਂ ‘ਟੋਰਾਂਟੋ ਸੰਨ’ ਦੇ ਪੱਤਰਕਾਰ ਜੋਅ ਵਾਰਮਿੰਗਟਨ ਨੇ ਦਿੱਤੀ ਜਿਸ ਨਾਲ ਗੱਲਬਾਤ ਕਰਦਿਆਂ ਡੌਨ ਨੇ ਕਿਹਾ ਕਿ ਉਸ ਨੂੰ ਦੁੱਖ ਹੈ ਕਿ ਉਸ ਨੂੰ ‘ਰੀਮੈਂਬਰੈਂਸ ਡੇਅ’ ਵਾਲੇ ਦਿਨ ਹਾਕੀ ਨਾਈਟ ਇਨ ਕੈਨੇਡਾ਼ ਤੋਂ ਫ਼ਾਇਰ ਕੀਤਾ ਗਿਆ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …