ਪੰਜ ਬੱਸਾਂ ਜ਼ਬਤ ਤੇ 14 ਬੱਸਾਂ ਦੇ ਚਲਾਨ ਕੱਟੇ; ਮੁਫ਼ਤ ਬੱਸ ਸਹੂਲਤ ਪ੍ਰਤੀ ਲਾਪ੍ਰਵਾਹੀ ਨਾ ਵਰਤਣ ਦੀ ਹਦਾਇਤ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੋਮਵਾਰ ਨੂੰ ਜਲੰਧਰ ਤੇ ਕਪੂਰਥਲਾ ਜ਼ਿਲਿਆਂ ਵਿੱਚ 63 ਬੱਸਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਉਨਾਂ ਪੰਜ ਬੱਸਾਂ ਮੌਕੇ ‘ਤੇ ਜ਼ਬਤ ਕਰ ਲਈਆਂ ਅਤੇ 14 ਬੱਸਾਂ ਦੇ ਚਲਾਨ ਕੱਟੇ। ਆਰਟੀਏ ਦਫ਼ਤਰ ਵਿੱਚ ਟਰਾਂਸਪੋਰਟ ਮੰਤਰੀ ਵੱਲੋਂ ਮਾਰੇ ਗਏ ਛਾਪੇ ਕਾਰਨ ਟਰਾਂਸਪੋਰਟ ਵਿਭਾਗ ਦੇ ਕਈ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ।
ਭੁੱਲਰ ਨੇ ਅਧਿਕਾਰੀਆਂ ਨੂੰ ਵਿਭਾਗ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੀ ਬੱਸ ਦਾ ਚਲਾਨ ਕੱਟਣ ਜਾਂ ਬੱਸ ਜ਼ਬਤ ਕਰਨ ਦੀ ਹਦਾਇਤ ਕੀਤੀ। ਉਨਾਂ ਸਪੱਸ਼ਟ ਕੀਤਾ ਕਿ ਕਾਨੂੰਨ ਦੀ ਪਾਲਣਾ ਨਾ ਕਰਨ ‘ਤੇ ਅਸਰ ਰਸੂਖ ਵਾਲੇ ਟਰਾਂਸਪੋਰਟਰਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨਾਂ ਕਿਹਾ ਕਿ ਕਿਸੇ ਵੀ ਡਿਫਾਲਟਰ ਟਰਾਂਸਪੋਰਟ ਨੂੰ ਰਿਆਇਤ ਨਹੀਂ ਦਿੱਤੀ ਜਾਵੇਗੀ। ਇਸ ਦੌਰਾਨ ਭੁੱਲਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਜਲੰਧਰ ਦੇ ਰਾਮਾਂ ਮੰਡੀ ਚੌਕ ਅਤੇ ਕਰਤਾਰਪੁਰ ਨੈਸ਼ਨਲ ਹਾਈਵੇ ਤੋਂ ਇਲਾਵਾ ਕਪੂਰਥਲਾ ਜ਼ਿਲੇ ਦੇ ਢਿੱਲਵਾਂ ਵਾਲੇ ਟੌਲ ਪਲਾਜ਼ਾ ਦਾ ਦੌਰਾ ਕੀਤਾ। ਉਨਾਂ ਕਿਹਾ ਕਿ ਟੈਕਸ, ਟੂਰ ਵੇਰਵਿਆਂ ਅਤੇ ਪਰਮਿਟਾਂ ਸਮੇਤ ਲੋੜੀਂਦੇ ਦਸਤਾਵੇਜ਼ਾਂ ਤੋਂ ਬਿਨਾਂ ਕਿਸੇ ਵੀ ਬੱਸ ਨੂੰ ਸੜਕਾਂ ‘ਤੇ ਚੱਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਆਉਣ ਵਾਲੇ ਦਿਨਾਂ ਵਿੱਚ ਅਚਨਚੇਤ ਚੈਕਿੰਗ ਹੋਰ ਤੇਜ਼ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਫਤ ਸੇਵਾ ਵਿੱਚ ਬੱਸ ਡਰਾਈਵਰ ਕਿਸੇ ਵੀ ਤਰਾਂ ਦੀ ਲਾਪ੍ਰਵਾਹੀ ਨਾ ਵਰਤਣ। ਜਿੱਥੇ ਵੀ ਮਹਿਲਾ ਸਵਾਰੀਆਂ ਖੜੀਆਂ ਹੋਣ ਉਥੇ ਬੱਸ ਰੋਕਣੀ ਯਕੀਨੀ ਬਣਾਈ ਜਾਵੇ।