ਪ੍ਰਧਾਨ ਮੰਤਰੀ ਮੋਦੀ ਨੇ ਕਿਹਾ – ਜਵਾਨਾਂ ਦੀ ਸ਼ਹਾਦਤ ਨੂੰ ਭੁਲਾਇਆ ਨਹੀਂ ਜਾਵੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਪੁਲਵਾਮਾ ਅੱਤਵਾਦੀ ਹਮਲੇ ਨੂੰ ਅੱਜ ਇਕ ਸਾਲ ਪੂਰਾ ਹੋ ਗਿਆ ਹੈ। ਅੱਜ ਦੇ ਦਿਨ ਪਿਛਲੇ ਸਾਲ 14 ਫਰਵਰੀ ਦੁਪਹਿਰ ਤੋਂ ਬਾਅਦ ਸਾਢੇ 3 ਵਜੇ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਸੀ.ਆਰ.ਪੀ.ਐਫ. ਦੇ ਜਵਾਨਾਂ ਦੇ ਕਾਫਲੇ ‘ਤੇ ਬਹੁਤ ਵੱਡਾ ਅੱਤਵਾਦੀ ਹਮਲਾ ਹੋ ਗਿਆ ਸੀ। ਇਸ ਹਮਲੇ ਵਿਚ 40 ਜਵਾਨ ਸ਼ਹੀਦ ਹੋ ਗਏ ਸਨ ਅਤੇ ਪੂਰੇ ਦੇਸ਼ ਵਿਚ ਸੋਗ ਦੀ ਲਹਿਰ ਫੈਲ ਗਈ ਸੀ। ਪੁਲਵਾਮਾ ਅੱਤਵਾਦੀ ਹਮਲੇ ਦੀ ਪਹਿਲੀ ਬਰਸੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਸਮੇਤ ਪੂਰੇ ਦੇਸ਼ ਨੇ ਅੱਜ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੋਦੀ ਨੇ ਕਿਹਾ ਕਿ ਭਾਰਤ ਆਪਣੇ ਬਹਾਦਰ ਜਵਾਨਾਂ ਦੀ ਸ਼ਹਾਦਤ ਨੂੰ ਕਦੇ ਨਹੀਂ ਭੁੱਲੇਗਾ।
ਉਧਰ ਦੂਜੇ ਪਾਸੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪੁਲਵਾਮਾ ਹਮਲੇ ਸਬੰਧੀ ਨਰਿੰਦਰ ਮੋਦੀ ਨੂੰ ਤਿੰਨ ਸਵਾਲ ਪੁੱਛੇ ਹਨ। ਪਹਿਲਾ ਸਵਾਲ ਇਹ ਹੈ ਕਿ – ਪੁਲਵਾਮਾ ਹਮਲੇ ਦਾ ਸਭ ਤੋਂ ਵੱਧ ਫਾਇਦਾ ਕਿਸ ਨੂੰ ਹੋਇਆ, ਦੂਜਾ- ਹਮਲੇ ਤੋਂ ਬਾਅਦ ਹੋਈ ਜਾਂਚ ਦਾ ਕੀ ਨਤੀਜਾ ਨਿਕਲਿਆ ਅਤੇ ਤੀਜਾ- ਭਾਜਪਾ ਨੇ ਇਸ ਹਮਲੇ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਪੁਲਵਾਮਾ ਹਮਲੇ ‘ਚ ਪੰਜਾਬ ਦੇ 4 ਜਵਾਨ ਹੋਏ ਸਨ ਸ਼ਹੀਦ
ਸ਼ਹੀਦਾਂ ਦੇ ਪਰਿਵਾਰਾਂ ਨਾਲ ਕੀਤੇ ਗਏ ਵਾਅਦੇ ਅਜੇ ਪੂਰੇ ਨਹੀਂ ਹੋਏ
ਜਲੰਧਰ/ਬਿਊਰੋ ਨਿਊਜ਼
ਅੱਜ ਤੋਂ ਇਕ ਸਾਲ ਪਹਿਲਾਂ ਅੱਤਵਾਦੀ ਹਮਲੇ ਵਿਚ 14 ਫਰਵਰੀ ਨੂੰ ਪੁਲਵਾਮਾ ‘ਚ ਸੀ.ਆਰ.ਪੀ.ਐਫ. ਦੇ 40 ਜਵਾਨ ਸ਼ਹੀਦ ਹੋ ਗਏ ਹਨ, ਉਨ੍ਹਾਂ ਵਿਚ ਪੰਜਾਬ ਦੇ ਵੀ 4 ਜਵਾਨ ਸ਼ਹੀਦ ਹੋਏ ਸਨ। ਇਨ੍ਹਾਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਸਰਕਾਰ ਨੇ ਜੋ ਵਾਅਦੇ ਕੀਤੇ ਸਨ, ਉਹ ਅਜੇ ਤੱਕ ਪੂਰੇ ਨਹੀਂ ਹੋਏ। ਪੰਜਾਬ ਸਰਕਾਰ ਨੇ ਇਨ੍ਹਾਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਸਰਕਾਰੀ ਨੌਕਰੀ, ਯਾਦਗਾਰੀ ਗੇਟ, ਸ਼ਹੀਦ ਦੇ ਨਾਮ ‘ਤੇ ਸੜਕ ਅਤੇ ਸਕੂਲ ਆਦਿ ਬਣਾਉਣ ਦੇ ਵਾਅਦੇ ਕੀਤੇ ਸਨ। ਪੰਜਾਬ ਦੇ ਇਨ੍ਹਾਂ ਚਾਰ ਸ਼ਹੀਦ ਜਵਾਨਾਂ ਵਿਚ ਨੂਰਪੁਰ ਬੇਦੀ ਦੇ ਕੁਲਵਿੰਦਰ ਸਿੰਘ, ਕੋਟ ਈਸੇ ਖਾਂ ਦੇ ਜੈਮਲ ਸਿੰਘ, ਦੀਨਾਨਗਰ ਦੇ ਮਨਵਿੰਦਰ ਸਿੰਘ ਅਤੇ ਤਰਨਤਾਰਨ ਦੇ ਸੁਖਜਿੰਦਰ ਸਿੰਘ ਸ਼ਾਮਲ ਸਨ। ਇਸੇ ਦੌਰਾਨ ਸ਼ਹੀਦ ਸੁਖਜਿੰਦਰ ਸਿੰਘ ਦੀ ਪਤਨੀ ਸਰਬਜੀਤ ਕੌਰ ਨੂੰ ਅੱਜ ਤਰਨਤਾਰਨ ਦੇ ਵਧੀਕ ਡਿਪਟੀ ਕਮਿਸ਼ਨਰ ਨੇ ਪੰਜਾਬ ਸਰਕਾਰ ਵਲੋਂ 5 ਲੱਖ ਰੁਪਏ ਦਾ ਚੈਕ ਵੀ ਦਿੱਤਾ ਗਿਆ ਅਤੇ ਇਕ ਮੈਂਬਰ ਨੂੂੰ ਸਰਕਾਰੀ ਨੌਕਰੀ ਦੀ ਪੇਸ਼ਕਸ਼ ਕਰਦਿਆਂ ਦਸਤਾਵੇਜ਼ ਭੇਜਣ ਲਈ ਕਿਹਾ ਹੈ।