11.8 C
Toronto
Sunday, May 10, 2026
spot_img
Homeਭਾਰਤਯੂਪੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ

ਯੂਪੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ

ਮੰਤਰੀ ਸਵਾਮੀ ਪ੍ਰਸਾਦ ਮੌਰਿਆ ਵੱਲੋਂ ਕੈਬਨਿਟ ‘ਚੋਂ ਅਸਤੀਫਾ
ਲਖਨਊ/ਬਿਊਰੋ ਨਿਊਜ਼ : ਉੱਤਰ ਪ੍ਰਦੇਸ਼ ਵਿੱਚ ਅਗਾਮੀ ਚੋਣਾਂ ਤੋਂ ਪਹਿਲਾਂ ਯੋਗੀ ਸਰਕਾਰ ‘ਚ ਕਿਰਤ ਤੇ ਰੁਜ਼ਗਾਰ ਮੰਤਰੀ ਓਬੀਸੀ ਆਗੂ ਸਵਾਮੀ ਪ੍ਰਸਾਦ ਮੌਰਿਆ ਨੇ ਸੂਬਾਈ ਕੈਬਨਿਟ ‘ਚੋਂ ਅਸਤੀਫਾ ਦੇ ਦਿੱਤਾ। ਇਸ ਦੌਰਾਨ ਤਿੰਨ ਹੋਰ ਵਿਧਾਇਕਾਂ ਨੇ ਪਾਰਟੀ ਛੱਡਣ ਦਾ ਐਲਾਨ ਕੀਤਾ ਹੈ। ਵਿਧਾਇਕਾਂ ਦਾ ਅਜਿਹਾ ਕਦਮ ਯੂਪੀ ਵਿੱਚ ਭਾਜਪਾ ਲਈ ਵੱਡਾ ਝਟਕਾ ਹੈ। ਅਸਤੀਫੇ ਮਗਰੋਂ ਸਮਾਜਵਾਦੀ ਪਾਰਟੀ ‘ਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਦਰਮਿਆਨ ਮੌਰਿਆ ਨੇ ਕਿਹਾ ਕਿ ਯੋਗੀ ਆਦਿੱਤਿਆਨਾਥ ਸਰਕਾਰ ਵੱਲੋਂ ਦਲਿਤਾਂ, ਪੱਛੜਿਆਂ, ਕਿਸਾਨਾਂ, ਬੇਰੁਜ਼ਗਾਰ ਨੌਜਵਾਨਾਂ ਤੇ ਛੋਟੇ ਵਪਾਰੀਆਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੀ। ਮੌਰਿਆ ਦੀ ਹਮਾਇਤ ਵਿੱਚ ਭਾਜਪਾ ਛੱਡਣ ਦਾ ਐਲਾਨ ਕਰਨ ਵਾਲੇ ਹੋਰਨਾਂ ਵਿਧਾਇਕਾਂ ਵਿੱਚ ਟਿੰਡਵਾੜੀ ਤੋਂ ਬ੍ਰਜੇਸ਼ ਪ੍ਰਜਾਪਤੀ, ਤਿਲਹਰ ਤੋਂ ਰੌਸ਼ਨ ਲਾਲ ਵਰਮਾ ਤੇ ਬਿਲਹੌਰ ਤੋਂ ਵਿਧਾਇਕ ਭਗਵਤੀ ਸਾਗਰ ਸ਼ਾਮਲ ਹਨ। ਇਸ ਦੌਰਾਨ ਇਕ ਹੋਰ ਮੰਤਰੀ ਧਰਮ ਸਿੰਘ ਸੈਣੀ ਦੇ ਵੀ ਮੌਰਿਆ ਦੀ ਹਮਾਇਤ ‘ਚ ਭਾਜਪਾ ਤੇ ਸੂਬਾਈ ਕੈਬਨਿਟ ਛੱਡਣ ਦੀਆਂ ਰਿਪੋਰਟਾਂ ਹਨ। ਸੈਣੀ ਕੋਲ ਯੋਗੀ ਸਰਕਾਰ ‘ਚ ਆਯੂਸ਼, ਖੁਰਾਕ ਸੁਰੱਖਿਆ ਤੇ ਡਰੱਗ ਪ੍ਰਸ਼ਾਸਨ ਦਾ ਆਜ਼ਾਦਾਨਾ ਚਾਰਜ ਸੀ। ਉਧਰ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਇਨ੍ਹਾਂ ਆਗੂਆਂ ਨੂੰ ਆਪਣੇ ਫੈਸਲੇ ‘ਤੇ ਮੁੜ ਗੌਰ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਹਿੰਦੀ ਵਿੱਚ ਕੀਤੇ ਟਵੀਟ ‘ਚ ਕਿਹਾ, ”ਮੈਨੂੰ ਨਹੀਂ ਪਤਾ ਕਿ ਸਤਿਕਾਰਯੋਗ ਸਵਾਮੀ ਪ੍ਰਸਾਦ ਮੌਰਿਆ ਵੱਲੋਂ ਦਿੱਤੇ ਅਸਤੀਫ਼ੇ ਪਿੱਛੇ ਕੀ ਕਾਰਨ ਹੈ। ਮੈਂ ਉਨ੍ਹਾਂ ਨੂੰ ਬੈਠ ਕੇ ਗੱਲਬਾਤ ਕਰਨ ਦੀ ਅਪੀਲ ਕਰਦਾ ਹਾਂ। ਕਾਹਲੀ ਵਿੱਚ ਲਏ ਫੈਸਲੇ ਅਕਸਰ ਗ਼ਲਤ ਸਾਬਤ ਹੁੰਦੇ ਹਨ।” ਇਸ ਦੌਰਾਨ ਸਮਾਜਵਾਦੀ ਪਾਰਟੀ ਨੇ ਸਵਾਮੀ ਪ੍ਰਸਾਦ ਮੌਰਿਆ ਤੇ ਵਰਮਾ ਦੀ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨਾਲ ਇਕ ਫੋਟੋ ਟਵੀਟ ਕੀਤੀ ਹੈ। ਟਵੀਟ ਵਿੱਚ ਫੋਟੋ ਹੇਠਾਂ ਲਿਖਿਆ ਹੈ, ”ਸਮਾਜਵਾਦੀ ਪਾਰਟੀ ‘ਚ ਸਵਾਗਤ ਹੈ। ਜਲਦੀ ਹੀ ਸਮਾਜਿਕ ਇਨਸਾਫ਼ ਇਨਕਲਾਬ ਆਏਗਾ। 2022 ਵਿੱਚ ਤਬਦੀਲੀ ਆਏਗੀ।” ਯੂਪੀ ਦੀ ਰਾਜਪਾਲ ਆਨੰਦੀਬੇਨ ਪਟੇਲ ਨੂੰ ਭੇਜੇ ਅਸਤੀਫ਼ੇ ਵਿੱਚ ਮੌਰਿਆ ਨੇ ਲਿਖਿਆ ਕਿ ਯੋਗੀ ਸਰਕਾਰ ਦਲਿਤਾਂ, ਪੱਛੜਿਆਂ, ਕਿਸਾਨਾਂ, ਬੇਰੁਜ਼ਗਾਰ ਨੌਜਵਾਨਾਂ ਅਤੇ ਛੋਟੇ ਤੇ ਮਝੋਲੇ ਕਾਰੋਬਾਰੀਆਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੀ ਸੀ ਤੇ ਉਹ ਸੂਬਾ ਸਰਕਾਰ ਦੇ ਇਸ ਰਵੱਈਏ ਤੋਂ ਖ਼ਫ਼ਾ ਹੋ ਕੇ ਅਸਤੀਫ਼ਾ ਦੇ ਰਹੇ ਹਨ। ਓਬੀਸੀ ਭਾਈਚਾਰੇ ਨਾਲ ਸਬੰਧਤ ਮੌਰਿਆ ਨੇ ਸਾਲ 2017 ਦੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਬਸਪਾ ਦਾ ਸਾਥ ਛੱਡ ਕੇ ਭਾਜਪਾ ਦੀ ਬਾਂਹ ਫੜੀ ਸੀ। ਉਹ ਪੰਜ ਵਾਰ ਪਦਰੌਨਾ ਤੋਂ ਵਿਧਾਇਕ ਰਹੇ ਹਨ ਜਦੋਂਕਿ ਉਨ੍ਹਾਂ ਦੀ ਧੀ ਸੰਘਮਿੱਤਰਾ ਮੌਰਿਆ ਲੋਕ ਸਭਾ ਵਿੱਚ ਬਦਾਯੂੰ ਸੰਸਦੀ ਸੀਟ ਤੋਂ ਭਾਜਪਾ ਦੀ ਨੁਮਾਇੰਦਗੀ ਕਰਦੀ ਹੈ।
ਇਸੇ ਦੌਰਾਨ ਯੂਪੀ ਦੇ ਕਿਰਤ ਤੇ ਰੁਜ਼ਗਾਰ ਮੰਤਰੀ ਸਵਾਮੀ ਪ੍ਰਸਾਦ ਮੌਰਿਆ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੇ ਕੁੱਝ ਘੰਟਿਆਂ ਮਗਰੋਂ ਮੌਰਿਆ ਦੀ ਧੀ ਤੇ ਬਦਾਯੂੰ ਤੋਂ ਲੋਕ ਸਭਾ ਮੈਂਬਰ ਸੰਘਮਿੱਤਰਾ ਮੌਰਿਆ ਨੇ ਦਾਅਵਾ ਕੀਤਾ ਕਿ ਉਸ ਦੇ ਪਿਤਾ ਕਿਸੇ ਵੀ ਪਾਰਟੀ ਵਿੱਚ ਸ਼ਾਮਲ ਨਹੀਂ ਹੋਏ ਤੇ ਅਗਲੇ ਕੁਝ ਦਿਨਾਂ ‘ਚ ਭਵਿੱਖੀ ਰਣਨੀਤੀ ਦਾ ਐਲਾਨ ਕਰਨਗੇ।

ਯੋਗੀ ਦਾ 3 ਦਿਨਾਂ ‘ਚ 3 ਮੰਤਰੀਆਂ ਨੇ ਛੱਡਿਆ ਸਾਥ
ਸਵਾਮੀ ਅਤੇ ਦਾਰਾ ਤੋਂ ਬਾਅਦ ਧਰਮ ਸਿੰਘ ਸੈਣੀ ਦਾ ਵੀ ਅਸਤੀਫਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਉਤਰ ਪ੍ਰਦੇਸ਼ ਵਿਚ ਭਾਜਪਾ ਨੇਤਾਵਾਂ ਦੇ ਅਸਤੀਫਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸਦੇ ਚੱਲਦਿਆਂ ਯੂਪੀ ‘ਚ ਭਾਜਪਾ ਦੀ ਯੋਗੀ ਸਰਕਾਰ ਵਿਚ ਮੰਤਰੀ ਧਰਮ ਸਿੰਘ ਸੈਣੀ ਨੇ ਵੀ ਅੱਜ ਆਪਣੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਸਵਾਮੀ ਪ੍ਰਸਾਦ ਮੌਰਿਆ ਅਤੇ ਦਾਰਾ ਸਿੰਘ ਚੌਹਾਨ ਵੀ ਯੋਗੀ ਦਾ ਸਾਥ ਛੱਡ ਚੁੱਕੇ ਹਨ ਅਤੇ ਯੋਗੀ ਕੈਬਨਿਟ ਵਿਚੋਂ ਅਸਤੀਫਾ ਦੇਣ ਵਾਲੇ ਧਰਮ ਸਿੰਘ ਸੈਣੀ ਤੀਜੇ ਮੰਤਰੀ ਹਨ। ਇਸੇ ਦੌਰਾਨ ਧਰਮ ਸਿੰਘ ਸੈਣੀ ਨੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨਾਲ ਮੁਲਾਕਾਤ ਵੀ ਕੀਤੀ ਹੈ। ਇਸ ਤੋਂ ਬਾਅਦ ਅਖਿਲੇਸ਼ ਯਾਦਵ ਨੇ ਸੋਸ਼ਲ ਮੀਡੀਆ ‘ਤੇ ਧਰਮ ਸਿੰਘ ਸੈਣੀ ਨਾਲ ਇਕ ਫੋਟੋ ਵੀ ਪੋਸਟ ਕੀਤੀ ਹੈ। ਧਿਆਨ ਰਹੇ ਕਿ ਧਰਮ ਸਿੰਘ ਸੈਣੀ ਦੇ ਅਸਤੀਫੇ ਤੋਂ ਪਹਿਲਾਂ ਦੋ ਭਾਜਪਾ ਵਿਧਾਇਕਾਂ ਮੁਕੇਸ਼ ਵਰਮਾ ਅਤੇ ਵਿਨੇ ਸ਼ਾਕਿਆ ਨੇ ਵੀ ਪਾਰਟੀ ‘ਚੋਂ ਅਸਤੀਫਾ ਦੇ ਦਿੱਤਾ ਸੀ। ਚਰਚਾ ਤਾਂ ਇਹ ਵੀ ਚੱਲ ਰਹੀ ਹੈ ਕਿ ਆਉਂਦੇ ਇਕ ਹਫਤੇ ਤੱਕ ਯੋਗੀ ਸਰਕਾਰ ਵਿਚੋਂ ਅਸਤੀਫੇ ਦੇਣ ਵਾਲੇ ਮੰਤਰੀਆਂ ਦੀ ਗਿਣਤੀ ਡੇਢ ਦਰਜਨ ਤੋਂ ਵੀ ਵਧ ਜਾਵੇਗੀ। ਜ਼ਿਕਰਯੋਗ ਹੈ ਕਿ ਯੂਪੀ ਵਿਚ ਵਿਧਾਨ ਸਭਾ ਚੋਣਾਂ 7 ਗੇੜਾਂ ਵਿਚ ਹੋਣੀਆਂ ਹਨ ਅਤੇ ਪਹਿਲੇ ਗੇੜ ਦੀਆਂ ਵੋਟਾਂ 10 ਫਰਵਰੀ ਨੂੰ ਪੈਣਗੀਆਂ। ਇਸ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਆਗੂ ਇਕ ਪਾਰਟੀ ਛੱਡ ਕੇ ਦੂਜੀ ਪਾਰਟੀ ਵਿਚ ਜਾਣ ਨੂੰ ਤਰਜੀਹ ਦੇ ਰਹੇ ਹਨ।

RELATED ARTICLES
POPULAR POSTS