0.8 C
Toronto
Wednesday, December 3, 2025
spot_img
Homeਭਾਰਤਭਾਰਤੀ ਫੌਜ ਪੂਰਬੀ ਲੱਦਾਖ 'ਚ ਹਰੇਕ ਚੁਣੌਤੀ ਦੇ ਟਾਕਰੇ ਲਈ ਤਿਆਰ :...

ਭਾਰਤੀ ਫੌਜ ਪੂਰਬੀ ਲੱਦਾਖ ‘ਚ ਹਰੇਕ ਚੁਣੌਤੀ ਦੇ ਟਾਕਰੇ ਲਈ ਤਿਆਰ : ਜਨਰਲ ਨਰਵਾਣੇ

ਸਰਹੱਦੀ ਇਲਾਕਿਆਂ ‘ਚ ਫੌਜ ਦੀਆਂ ਤਿਆਰੀਆਂ ਤਸੱਲੀਬਖਸ਼
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਕਿਹਾ ਕਿ ਭਾਰਤੀ ਫੌਜ ਪੂਰਬੀ ਲੱਦਾਖ ਵਿੱਚ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦਾ ਪੂਰੀ ਦ੍ਰਿੜਤਾ ਤੇ ਮਜ਼ਬੂਤੀ ਨਾਲ ਮੁਕਾਬਲਾ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਅਸਲ ਕੰਟਰੋਲ ਰੇਖਾ ਦੇ ਨਾਲ ਸਰਹੱਦੀ ਇਲਾਕਿਆਂ ਵਿੱਚ ਭਾਰਤੀ ਫੌਜ ਦੀਆਂ ਤਿਆਰੀਆਂ ਸਿਖਰਲੇ ਪੱਧਰ ਦੀਆਂ ਹਨ। ਪ੍ਰੈੱਸ ਕਾਨਫਰੰਸ ਦੌਰਾਨ ਜਨਰਲ ਨਰਵਾਣੇ ਨੇ ਮੰਨਿਆ ਕਿ ਪੂਰਬੀ ਲੱਦਾਖ ਵਿੱਚ ਟਕਰਾਅ ਵਾਲੇ ਕੁਝ ਖੇਤਰਾਂ ਵਿੱਚੋਂ ਭਾਰਤੀ ਸਲਾਮਤੀ ਦਸਤਿਆਂ ਨੂੰ ਪਿੱਛੇ ਹਟਾਇਆ ਗਿਆ ਹੈ ਪਰ ਇਸ ਦਾ ਇਹ ਅਰਥ ਬਿਲਕੁਲ ਨਹੀਂ ਕਿ ‘ਖ਼ਤਰਾ ਟਲ ਗਿਆ ਹੈ।’ ਜਨਰਲ ਨਰਵਾਣੇ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ, ਜਦੋਂ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਚੀਨ ਵਾਲੇ ਪਾਸੇ ਚੁਸ਼ੂਲ-ਮੋਲਡੋ ਮੀਟਿੰਗ ਪੁਆਇੰਟ ‘ਤੇ ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਕਮਾਂਡਰ ਪੱਧਰ ਦੀ 14ਵੇਂ ਗੇੜ ਦੀ ਗੱਲਬਾਤ ਹੋਈ ਹੈ। ਜਨਰਲ ਨਰਵਾਣੇ ਨੇ ਕਿਹਾ ਕਿ ਪੂਰਬੀ ਲੱਦਾਖ ਵਿੱਚ ਸਾਡੀਆਂ ਅਪਰੇਸ਼ਨਲ ਤਿਆਰੀਆਂ ਸਿਖਰਲੇ ਪੱਧਰ ਦੀਆਂ ਹਨ ਜਦੋਂਕਿ ਠੀਕ ਉਸੇ ਵੇਲੇ ਅਸੀਂ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨਾਲ ਸੰਵਾਦ ਵੀ ਰਚਾ ਰਹੇ ਹਾਂ। ਥਲ ਸੈਨਾ ਮੁਖੀ ਨੇ ਕਿਹਾ ਕਿ ਭਾਰਤੀ ਫ਼ੌਜ, ਚੀਨ ਵੱਲੋਂ ਨਵੇਂ ਜ਼ਮੀਨ ਹੱਦਬੰਦੀ ਕਾਨੂੰਨ ਦੇ ਹਵਾਲੇ ਨਾਲ ਕੀਤੀਆਂ ਜਾਣ ਵਾਲੀਆਂ ਫੌਜੀ ਤਬਦੀਲੀਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਜਨਰਲ ਨਰਵਾਣੇ ਨੇ ਦੇਸ਼ ਦੀ ਉੱਤਰੀ ਸਰਹੱਦਾਂ ਦੇ ਨਾਲ ਬੁਨਿਆਦੀ ਢਾਂਚੇ ਨਾਲ ਜੁੜੇ ਵਿਕਾਸ ਤੇ ਅਪਗ੍ਰੇਡੇਸ਼ਨ ਪ੍ਰਾਜੈਕਟਾਂ ਦਾ ਵੀ ਹਵਾਲਾ ਦਿੱਤਾ। ਜਨਰਲ ਨਰਵਾਣੇ ਨੇ ਕਿਹਾ ਕਿ ਪਿਛਲੇ ਸਾਲ 4 ਦਸੰਬਰ ਨੂੰ ਨਾਗਾਲੈਂਡ ਵਿੱਚ ਥਲ ਸੈਨਾ ਵੱਲੋਂ ਗ਼ਲਤ ਪਛਾਣ ਦੇ ਆਧਾਰ ‘ਤੇ ਕੀਤੀ ਗੋਲੀਬਾਰੀ ਮਾਮਲੇ ਦੀ ਜਾਂਚ ਰਿਪੋਰਟ ਇਕ-ਦੋ ਦਿਨਾਂ ‘ਚ ਆ ਜਾਵੇਗੀ। ਉਨ੍ਹਾਂ ਕਿਹਾ ਕਿ ਰਿਪੋਰਟ ਦੇ ਆਧਾਰ ‘ਤੇ ਸਬੰਧਤਾਂ ਖਿਲਾਫ਼ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ।
ਭਾਰਤ ਤੇ ਚੀਨ ਵਿਚਾਲੇ ਹੋਈ ਕਮਾਂਡਰ ਪੱਧਰ ਦੀ ਗੱਲਬਾਤ
ਨਵੀਂ ਦਿੱਲੀ : ਭਾਰਤ ਤੇ ਚੀਨ ਨੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐੱਲਏਸੀ) ਦੇ ਨਾਲ ਟਕਰਾਅ ਵਾਲੇ ਕੁਝ ਖੇਤਰਾਂ ਵਿੱਚ ਕਸ਼ੀਦਗੀ ਘਟਾਉਣ ਦੇ ਇਰਾਦੇ ਨਾਲ ਕਮਾਂਡਰ ਪੱਧਰ ਦੀ 14ਵੇਂ ਗੇੜ ਦੀ ਗੱਲਬਾਤ ਕੀਤੀ। ਐੱਲਏਸੀ ਦੇ ਨਾਲ ਚੀਨ ਵਾਲੇ ਪਾਸੇ ਚੁਸ਼ੁਲ-ਮੋਲਡੋ ਸਰਹੱਦੀ ਪੁਆਇੰਟ ‘ਤੇ ਹੋਈ ਮੀਟਿੰਗ ਵਿੱਚ ਦੋਵਾਂ ਮੁਲਕਾਂ ਦੇ ਸਿਖਰਲੇ ਸੀਨੀਅਰ ਫੌਜੀ ਕਮਾਂਡਰਾਂ ਨੇ ਸ਼ਿਰਕਤ ਕੀਤੀ। ਸੂਤਰਾਂ ਨੇ ਕਿਹਾ ਕਿ ਤਿੰਨ ਮਹੀਨਿਆਂ ਦੇ ਵਕਫ਼ੇ ਮਗਰੋਂ ਹੋਈ ਫੌਜੀ ਪੱਧਰ ਦੀ ਮੀਟਿੰਗ ਦੌਰਾਨ ਹੌਟ ਸਪਰਿੰਗਜ਼ ਖੇਤਰ ‘ਚੋਂ ਫੌਜਾਂ ਵਾਪਸ ਸੱਦਣ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਵਿਚਾਰਿਆ ਗਿਆ। ਗੱਲਬਾਤ ਦੌਰਾਨ ਭਾਰਤੀ ਵਫ਼ਦ ਦੀ ਅਗਵਾਈ ਲੇਹ ਅਧਾਰਿਤ 14ਵੀਂ ਕੋਰ ਦੇ ਨਵਨਿਯੁਕਤ ਕਮਾਂਡਰ ਲੈੱਫਟੀਨੈਂਟ ਜਨਰਲ ਆਨਿੰਦਿਆ ਸੇਨਗੁਪਤਾ ਨੇ ਕੀਤੀ ਜਦੋਂਕਿ ਚੀਨੀ ਟੀਮ ਦੀ ਕਮਾਨ ਦੱਖਣੀ ਸ਼ਿਨਜ਼ਿਆਂਗ ਫੌਜ ਦੇ ਜ਼ਿਲ੍ਹਾ ਮੁਖੀ ਮੇਜਰ ਜਨਰਲ ਯੈਂਗ ਲਿਨ ਹੱਥ ਸੀ। ਸੂਤਰਾਂ ਨੇ ਕਿਹਾ ਕਿ ਮੀਟਿੰਗ ਦੌਰਾਨ ਭਾਰਤ ਨੇ ਡੇਪਸਾਂਗ ਤੇ ਡੈਮਚੋਕ ਸਮੇਤ ਹੋਰਨਾਂ ਟਕਰਾਅ ਵਾਲੇ ਖੇਤਰਾਂ ਵਿੱਚ ਚੀਨੀ ਫੌਜਾਂ ਦੀ ਛੇਤੀ ਤੋਂ ਛੇਤੀ ਵਾਪਸੀ ‘ਤੇ ਜ਼ੋਰ ਦਿੱਤਾ।

 

RELATED ARTICLES
POPULAR POSTS