Breaking News
Home / ਭਾਰਤ / ਸੂਰਤ ‘ਚ ਖੁੱਲ੍ਹਿਆ ਦੇਸ਼ ਦਾ ਪਹਿਲਾ ਕਰਾਈਂਗ ਕਲੱਬ, ਰੋਣ ਲਈ ਲੋਕ ਥੈਰੇਪੀ ਕਲਾਸ ‘ਚ ਆਪਣੀਆਂ ਮਾੜੀਆਂ ਯਾਦਾਂ ਨੂੰ ਆਪਸ ਵਿਚ ਸਾਂਝਾ ਕਰਦੇ ਹਨ

ਸੂਰਤ ‘ਚ ਖੁੱਲ੍ਹਿਆ ਦੇਸ਼ ਦਾ ਪਹਿਲਾ ਕਰਾਈਂਗ ਕਲੱਬ, ਰੋਣ ਲਈ ਲੋਕ ਥੈਰੇਪੀ ਕਲਾਸ ‘ਚ ਆਪਣੀਆਂ ਮਾੜੀਆਂ ਯਾਦਾਂ ਨੂੰ ਆਪਸ ਵਿਚ ਸਾਂਝਾ ਕਰਦੇ ਹਨ

ਨਵਾਂ ਕਲੱਬ, ਜਿੱਥੇ ਰੱਜ ਕੇ ਰੋਈਏ ਅਤੇ ਤਣਾਅ ਦੂਰ ਭਜਾਈਏ
ਸੂਰਤ : ਤੰਦਰੁਸਤ ਰਹਿਣ ਲਈ ਲਾਫਟਰ, ਮਿਊਜ਼ਿਕ ਅਤੇ ਯੋਗ ਥੈਰੇਪੀ ਦੇ ਬਾਰੇ ਵਿਚ ਤੁਸੀਂ ਸੁਣਿਆ ਹੋਵੇਗਾ, ਪਰ ਹੁਣ ਕ੍ਰਾਈਂਗ (ਰੋਣਾ) ਥੈਰੇਪੀ ਵੀ ਆ ਗਈ ਹੈ। ਇਸਦੀ ਸ਼ੁਰੂਆਤ ਹਾਲ ਹੀ ਵਿਚ ਸੂਰਤ ਵਿਚ ਕੀਤੀ ਗਈ ਹੈ। ਇੱਥੇ ਕ੍ਰਾਈਂਗ ਕਲੱਬ ਬਣਾਇਆ ਗਿਆ ਹੈ। ਜਿੱਥੇ ਹਰ ਐਤਵਾਰ ਨੂੰ ਲੋਕ ਕ੍ਰਾਈਂਗ ਥੈਰੇਪੀ ਦੀ ਕਲਾਸ ਲਗਾ ਰਹੇ ਹਨ। ਉਹ ਰੋ ਕੇ ਆਪਣੇ ਤਣਾਅ ਅਤੇ ਇਕੱਲਾਪਣ ਨੂੰ ਦੂਰ ਕਰਦੇ ਹਨ। ਲੋਕਾਂ ਨੂੰ ਰੁਆਉਣ ਲਈ ਉਹਨਾਂ ਦੀ ਜ਼ਿੰਦਗੀ ਦੇ ਮਾੜੇ ਪਲ ਅਤੇ ਦੁਖਦਾਈ ਘਟਨਾਵਾਂ ਯਾਦ ਕਰਵਾਈਆਂ ਜਾਂਦੀਆਂ ਹਨ। ਨਾਲ ਹੀ ਉਹਨਾਂ ਨੂੰ ਉਸ ਗੱਲ ਨੂੰ ਯਾਦ ਕਰਨ ਵੀ ਕਿਹਾ ਜਾਂਦਾ ਹੈ, ਜਿਸ ਨੂੰ ਯਾਦ ਕਰਕੇ ਸਭ ਤੋਂ ਜ਼ਿਆਦਾ ਭਾਵੁਕ ਹੋ ਜਾਂਦੇ ਹੋ। ਇਸ ਨੂੰ ਦੇਸ਼ ਦਾ ਪਹਿਲਾ ਕ੍ਰਾਈਂਗ ਕਲੱਬ ਦੱਸਿਆ ਜਾ ਰਿਹਾ ਹੈ।
ਇਸ ਕਲੱਬ ਦੀ ਸਥਾਪਨਾ ਲਾਫਟਰ ਥੈਰੇਪਿਸਟ ਅਤੇ ਸਾਈਕਲੋਜਿਸਟ ਕਮਲੇਸ਼ ਮਸਾਲਾਵਾਲਾ ਨੇ ਕੀਤੀ ਹੈ। ਪਹਿਲੇ ਦਿਨ 80 ਵਿਅਕਤੀਆਂ ਨੇ ਕ੍ਰਾਈਂਗ ਥੈਰੇਪੀ ਲਈ। ਕਮਲੇਸ਼ ਨੇ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਨੂੰ ਰੁਆਉਣ ਦੀ ਕੋਸ਼ਿਸ਼ ਕੀਤੀ। ਸਾਈਲੈਂਟ ਕ੍ਰਾਈਂਗ ਦਾ ਵੀ ਇਕ ਪੱਧਰ ਰੱਖਿਆ ਗਿਆ। ਅੱਖਾਂ ਬੰਦ ਕਰਕੇ ਰੋਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਕ੍ਰਾਈਂਗ ਕਲੱਬ ਵਿਚ ਹਰ ਕਿਸੇ ਨੇ ਜ਼ਿੰਦਗੀ ਦੀ ਇਕ ਮਾੜੀ ਘਟਨਾ ਨੂੰ ਆਪਸ ਵਿਚ ਸਾਂਝਾ ਕੀਤਾ। ਹਾਲਾਂਕਿ ਇਸਦੀ ਕੋਈ ਫੀਸ ਨਹੀਂ ਰੱਖੀ ਗਈ ਹੈ। ਡਾ. ਮੁਕੁਲ ਚੌਕਸੀ ਕਹਿੰਦੇ ਹਨ, ‘ਗੱਲ 42 ਸਾਲ ਪਹਿਲਾਂ ਦੀ ਹੈ। ਸਾਡੀ ਗਲੀ ਵਿਚ ਇਕ ਕੁੱਤਾ ਸੀ। ਮੈਨੂੰ ਉਸ ਨਾਲ ਬਹੁਤ ਪਿਆਰ ਸੀ। ਇਕ ਦਿਨ ਕਿਸੇ ਦੀ ਸ਼ਿਕਾਇਤ ‘ਤੇ ਸਥਾਨਕ ਨਿਆਂ ਪ੍ਰਸ਼ਾਸਨ ਦੀ ਟੀਮ ਨੇ ਕੁੱਤੇ ਨੂੰ ਜ਼ਹਿਰੀਲਾ ਬਿਸਕੁਟ ਖੁਆ ਦਿੱਤਾ।
ਇਸ ਘਟਨਾ ਨਾਲ ਮੈਨੂੰ ਬਹੁਤ ਦੁੱਖ ਹੋਇਆ। ਇਹ ਮੇਰੀ ਜ਼ਿੰਦਗੀ ਦਾ ਪਹਿਲਾ ਸਭ ਤੋਂ ਮਾੜਾ ਅਹਿਸਾਸ ਸੀ।’ ਥੈਰੇਪੀ ਕਲਾਸ ਵਿਚ ਡਾ. ਤ੍ਰਪਿਤ ਨੇ ਪਿਤਾ ਦੀ ਮੌਤ ਨੂੰ ਯਾਦ ਕੀਤਾ ਤਾਂ ਉਹਨਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਕਿਹਾ, ਮੈਂ ਜਦ ਪਿਤਾ ਨਾਲ ਜੁੜੀਆਂ ਯਾਦਾਂ ਨੂੰ ਲੋਕਾਂ ਨਾਲ ਸਾਂਝਾ ਕੀਤਾ ਤਾਂ ਬਾਕੀ ਲੋਕ ਵੀ ਆਪਣੇ ਸਬੰਧੀਆਂ ਨੂੰ ਯਾਦ ਕਰਕੇ ਰੋਣ ਲੱਗੇ। ਅਮਿਤ ਚੌਕਸੀ ਕਹਿੰਦੇ ਹਨ, ਲੜਕੇ ਛੋਟੇ ਹੁੰਦੇ ਹਨ ਤਾਂ ਉਹਨਾਂ ਨੂੰ  ਰੋਣ ‘ਤੇ ਚੁੱਪ ਕਰਾ ਦਿੱਤਾ ਜਾਂਦਾ ਹੈ, ਪਰ ਲੜਕੀ ਨੂੰ ਰੋਣ ਦਿੱਤਾ ਜਾਂਦਾ ਹੈ। ਇੱਥੇ ਆ ਕੇ ਲੱਗਿਆ ਕਿ ਕ੍ਰਾਈਂਗ ਕਲੱਬ ਅਜਿਹੀ ਥਾਂ ਹੈ, ਜਿੱਥੇ ਔਰਤ-ਮਰਦ ਦੋਵੇਂ ਆਪਣੇ ਦਿਲ ਦੇ ਗਮ ਨੂੰ ਰੋ ਕੇ ਭੁਲਾ ਸਕਦੇ ਹਨ।
ਕੀ ਹੈ ਕ੍ਰਾਈਂਗ ਥੈਰੇਪੀ
ਕ੍ਰਾਈਂਗ ਥੈਰੇਪੀ ਇਕ ਵੈਂਟੀਲੇਟਰ ਥੈਰੇਪੀ ਹੈ, ਇਸ ਵਿਚ ਵਿਅਕਤੀ ਨੂੰ ਰੁਆ ਕੇ ਉਸਦੇ ਸਰੀਰ ਵਿਚੋਂ ਹਾਨੀਕਾਰਕ ਟਾਕਿਸਨ ਨੂੰ ਬਾਹਰ ਕੱਢਿਆ ਜਾਂਦਾ ਹੈ। ਇਨਸਾਨ ਦੀਆਂ ਅੱਖਾਂ ਵਿਚ ਹੰਝੂ ਉਸ ਵਕਤ ਆਉਂਦੇ ਹਨ, ਜਦ ਉਹ ਕਿਸੇ ਗੱਲ ਨੂੰ ਲੈ ਕੇ ਜ਼ਿਆਦਾ ਭਾਵੁਕ ਹੁੰਦਾ ਹੈ, ਜਿਵੇਂ ਦੁੱਖ, ਖੁਸ਼ੀ ਜਾਂ ਫਿਰ ਜ਼ਿਆਦਾ ਹੱਸਣ ‘ਤੇ। ਹੰਝੂਆਂ ਨਾਲ ਅੱਖ ਨੂੰ ਤਕਲੀਫ ਦੇਣ ਵਾਲਾ ਪਦਾਰਥ ਨਿਕਲ ਜਾਂਦਾ ਹੈ। ਡਾਕਟਰਾਂ ਮੁਤਾਬਕ ਰੋਣ ਨਾਲ ਤਣਾਅ ਦੂਰ ਹੁੰਦਾ ਹੈ, ਬਲੱਡ ਪ੍ਰੈਸ਼ਰ ਨਾਰਮਲ ਅਤੇ ਬਲੱਡ ਸਰਕੂਲੇਸ਼ਨ ਬਰਾਬਰ ਰਹਿੰਦਾ ਹੈ। ਇਨਸਾਨ ਦਾ ਭਾਵੁਕ ਹੋਣਾ ਜ਼ਰੂਰੀ ਹੁੰਦਾ ਹੈ।

Check Also

ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧੀ

ਸ਼ੂਗਰ ਲੈਵਲ ਵਧਣ ਕਾਰਨ ਜੇਲ੍ਹ ’ਚ ਕੇਜਰੀਵਾਲ ਨੂੰ ਪਹਿਲੀ ਵਾਰ ਦਿੱਤੀ ਗਈ ਇੰਸੁਲਿਨ ਨਵੀਂ ਦਿੱਲੀ/ਬਿਊਰੋ …