ਕਾਂਗਰਸੀ ਆਗੂ ਨੇ ਜੂਠੇ ਭਾਂਡੇ ਸਾਫ ਕਰਨ ਦੀ ਸੇਵਾ ਨਿਭਾਈ; ਗੁਰੂਘਰ ਅੰਦਰ ਬੈਠ ਕੇ ਗੁਰਬਾਣੀ-ਕੀਰਤਨ ਸਰਵਣ ਕੀਤਾ
ਅੰਮ੍ਰਿਤਸਰ : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੋ ਦਿਨਾਂ ਦੌਰਾਨ ਸੋਮਵਾਰ ਅਤੇ ਮੰਗਲਵਾਰ ਨੂੰ ਚਾਰ ਵਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਸਨ। ਇਸ ਮੌਕੇ ਰਾਹੁਲ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰਬਾਣੀ ਦਾ ਕੀਰਤਨ ਵੀ ਸਰਵਣ ਕੀਤਾ। ਦੋਵੇਂ ਦਿਨ ਰਾਹੁਲ ਨੇ ਸ੍ਰੀ ਦਰਬਾਰ ਸਾਹਿਬ ਵਿਚ ਸੇਵਾ ਕੀਤੀ ਹੈ ਤੇ ਇਸ ਤੋਂ ਬਾਅਦ ਉਹ ਵਾਪਸ ਨਵੀਂ ਦਿੱਲੀ ਨੂੰ ਚਲੇ ਗਏ।
ਰਾਹੁਲ ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਨਤਮਸਤਕ ਹੋਏ। ਇਸ ਤੋਂ ਬਾਅਦ ਪਰਿਕਰਮਾ ਵਿੱਚ ਪਾਣੀ ਦੀ ਛਬੀਲ ਕੋਲ ਬੈਠ ਕੇ ਰਾਹੁਲ ਗਾਂਧੀ ਨੇ ਕਰੀਬ 45 ਮਿੰਟ ਸੰਗਤ ਦੇ ਜੂਠੇ ਭਾਂਡੇ ਸਾਫ ਕਰਨ ਦੀ ਸੇਵਾ ਵੀ ਕੀਤੀ। ਇਸ ਦੌਰਾਨ ਕਈ ਸ਼ਰਧਾਲੂਆਂ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ ਜਿਸ ਨੂੰ ਉਨ੍ਹਾਂ ਹੱਸ ਕੇ ਕਬੂਲ ਕੀਤਾ। ਇਸ ਦੌਰਾਨ ਰਾਹੁਲ ਗਾਂਧੀ ਨੇ ਮੀਡੀਆ ਤੋਂ ਵੀ ਦੂਰੀ ਬਣਾ ਕੇ ਰੱਖੀ ਅਤੇ ਕੋਈ ਵੀ ਗੱਲ ਕਰਨ ਤੋਂ ਗੁਰੇਜ਼ ਕੀਤਾ। ਜ਼ਿਕਰਯੋਗ ਹੈ ਕਿ ਇਸ ਸਾਲ ਦੌਰਾਨ ਰਾਹੁਲ ਗਾਂਧੀ ਦੂਜੀ ਵਾਰ ਸ੍ਰੀ ਦਰਬਾਰ ਸਾਹਿਬ ਪਹੁੰਚੇ ਹਨ। ਇਸ ਤੋਂ ਪਹਿਲਾਂ ਉਹ ਕਾਂਗਰਸ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਜਨਵਰੀ ਵਿੱਚ ਇੱਥੇ ਆਏ ਸਨ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਕਾਂਗਰਸ ਇਸ ਵੇਲੇ ਆਪਣਾ ਅਧਾਰ ਮਜ਼ਬੂਤ ਕਰਨ ਲਈ ਯਤਨ ਕਰ ਰਹੀ ਹੈ।
ਕਾਂਗਰਸੀ ਆਗੂ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਆਮ ਸ਼ਰਧਾਲੂਆਂ ਵਾਂਗ ਲੰਗਰ ਘਰ ਅਤੇ ਜੋੜਾ ਘਰ ਵਿੱਚ ਸੇਵਾ ਨਿਭਾਈ। ਸ਼ਰਧਾਲੂਆਂ ਨਾਲ ਬੈਠ ਕੇ ਉਨ੍ਹਾਂ ਸਬਜ਼ੀ ਕੱਟੀ ਅਤੇ ਬਾਅਦ ਵਿੱਚ ਸੰਗਤ ਦੇ ਜੂਠੇ ਬਰਤਨ ਸਾਫ ਕੀਤੇ। ਇਸ ਦੌਰਾਨ ਉਹ ਸ਼ਰਧਾਲੂਆਂ ਨਾਲ ਗੱਲਾਂ ਵੀ ਕਰਦੇ ਰਹੇ। ਬਾਅਦ ਵਿੱਚ ਲੰਗਰ ਘਰ ਵਿਚ ਪ੍ਰਸ਼ਾਦੇ ਵਰਤਾਉਣ ਦੀ ਸੇਵਾ ਕੀਤੀ ਅਤੇ ਪੰਗਤ ਵਿੱਚ ਬੈਠ ਕੇ ਸੰਗਤ ਦੇ ਨਾਲ ਲੰਗਰ ਵੀ ਛਕਿਆ।
ਗੁਰੂਘਰ ਨੀਵਾਂ ਹੋ ਕੇ ਆਉਣ ਵਾਲੇ ਨੂੰ ਦੇਗ ਮਿਲਦੀ ਹੈ: ਗਰੇਵਾਲ
ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਸ੍ਰੀ ਦਰਬਾਰ ਸਾਹਿਬ ਵਿੱਚ ਆ ਕੇ ਕੀਤੀ ਜਾ ਰਹੀ ਸੇਵਾ ਬਾਰੇ ਟਿੱਪਣੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਗੁਰੂ ਘਰ ਨੀਵਾਂ ਹੋ ਕੇ ਆਉਣ ਵਾਲੇ ਨੂੰ ਦੇਗ ਅਤੇ ਚੜ੍ਹ ਕੇ ਆਉਣ ਵਾਲੇ ਨੂੰ ਤੇਗ ਮਿਲਦੀ ਹੈ। ਇਹੀ ਸਿੱਖੀ ਦਾ ਫ਼ਲਸਫਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਗੁਰੂ ਘਰ ਵਿੱਚ ਨਤਮਸਤਕ ਹੋਣ ਆਏ ਹਨ ਅਤੇ ਸੇਵਾ ਕਰਨ ਆਏ ਹਨ ਤਾਂ ਉਨ੍ਹਾਂ ਨੂੰ ਗੁਰੂ ਘਰ ਵੱਲੋਂ ਦੇਗ ਮਿਲੀ ਹੈ। ਉਨ੍ਹਾਂ ਰਾਹੁਲ ਗਾਂਧੀ ਦੀ ਇਸ ਸੇਵਾ ਨੂੰ ਪਸ਼ਚਾਤਾਪ ਮੰਨਣ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਇਹ ਸਪੱਸ਼ਟ ਕਰ ਦੇਣਾ ਚਾਹੀਦਾ ਹੈ ਕਿ ਉਸ ਦੀ ਦਾਦੀ ਅਤੇ ਪਿਤਾ ਵੱਲੋਂ ਸਿੱਖਾਂ ਖਿਲਾਫ ਕੀਤੀ ਕਾਰਵਾਈ ਜਾਇਜ਼ ਸੀ ਜਾਂ ਗ਼ਲਤ ਸੀ। ਜੇ ਉਹ ਪਸ਼ਚਾਤਾਪ ਕਰ ਰਹੇ ਹਨ ਤਾਂ ਉਨ੍ਹਾਂ ਉਸ ਵੇਲੇ ਕੀਤੇ ਗਏ ਫ਼ੈਸਲਿਆਂ ਨੂੰ ਗਲਤ ਕਹਿਣਾ ਚਾਹੀਦਾ ਹੈ।