Breaking News
Home / ਭਾਰਤ / ਨਿਊਜ਼ਕਲਿੱਕ ਦਾ ਬਾਨੀ ਪੁਰਕਾਇਸਥ ਗ੍ਰਿਫ਼ਤਾਰ; ਦਫ਼ਤਰ ਸੀਲ

ਨਿਊਜ਼ਕਲਿੱਕ ਦਾ ਬਾਨੀ ਪੁਰਕਾਇਸਥ ਗ੍ਰਿਫ਼ਤਾਰ; ਦਫ਼ਤਰ ਸੀਲ

ਦਿੱਲੀ ਪੁਲਿਸ ਵੱਲੋਂ ਉਰਮਿਲੇਸ਼ ਅਤੇ ਅਭਿਸ਼ਾਰ ਸ਼ਰਮਾ ਸਣੇ ਹੋਰ ਪੱਤਰਕਾਰਾਂ ਤੋਂ ਪੁੱਛ-ਪੜਤਾਲ
ਪੱਤਰਕਾਰਾਂ ਦੇ ਡਿਜੀਟਲ ਯੰਤਰ ਤੇ ਦਸਤਾਵੇਜ਼ ਕਬਜ਼ੇ ਵਿੱਚ ਲਏ
ਨਵੀਂ ਦਿੱਲੀ : ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਆਨਲਾਈਨ ਨਿਊਜ਼ ਪੋਰਟਲ ‘ਨਿਊਜ਼ਕਲਿਕ’ ਤੇ ਇਸ ਦੇ ਪੱਤਰਕਾਰਾਂ ਦੇ 30 ਟਿਕਾਣਿਆਂ ‘ਤੇ ਮੰਗਲਵਾਰ ਨੂੰ ਛਾਪੇ ਮਾਰੇ। ਇਹ ਛਾਪੇ ਅਤਿਵਾਦ ਵਿਰੋਧੀ ਕਾਨੂੰਨ ਯੂਏਪੀਏ (ਗ਼ੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ) ਤਹਿਤ ਮਾਰੇ ਗਏ ਹਨ। ਪੁਲਿਸ ਨੇ ਮਗਰੋਂ ਨਿਊਜ਼ਕਲਿੱਕ ਦੇ ਦਫਤਰ ਨੂੰ ਸੀਲ ਕਰ ਦਿੱਤਾ। ਪੁਲਿਸ ਨੇ ਮਗਰੋਂ ਨਿਊਜ਼ਕਲਿੱਕ ਦੇ ਬਾਨੀ ਪ੍ਰਬੀਰ ਪੁਰਕਾਇਸਥ ਤੇ ਮਨੁੱਖੀ ਵਸੀਲਾ ਵਿਭਾਗ ਦੇ ਮੁਖੀ ਅਮਿਤ ਚੱਕਰਵਰਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਛਾਪਿਆਂ ਦੌਰਾਨ ਡਿਜੀਟਲ ਯੰਤਰ, ਦਸਤਾਵੇਜ਼ ਤੇ ਹੋਰ ਆਈਟਮਾਂ ਕਬਜ਼ੇ ਵਿੱਚ ਲੈਣ ਦਾ ਦਾਅਵਾ ਕੀਤਾ ਹੈ। ਨਿਊਜ਼ ਪੋਰਟਲ ਖਿਲਾਫ਼ ਸ਼ਿਕਾਇਤ ਮਿਲੀ ਸੀ ਕਿ ਉਸ ਵੱਲੋਂ ਪੈਸੇ ਲੈ ਕੇ ਚੀਨ ਪੱਖੀ ਪ੍ਰਾਪੇਗੰਡਾ ਕੀਤਾ ਜਾਂਦਾ ਹੈ। ਉਰਮਿਲੇਸ਼ ਤੇ ਅਭਿਸ਼ਾਰ ਸ਼ਰਮਾ ਸਣੇ ਕੁਝ ਪੱਤਰਕਾਰਾਂ ਨੂੰ ਪੁੱਛ-ਪੜਤਾਲ ਲਈ ਲੋਧੀ ਰੋਡ ਸਥਿਤ ਵਿਸ਼ੇਸ਼ ਸੈੱਲ ਦਫ਼ਤਰ ਵੀ ਲਿਜਾਇਆ ਗਿਆ। ਪੱਤਰਕਾਰ ਔਨਨਿਦਿਓ ਚੱਕਰਬਰਤੀ, ਪ੍ਰੰਜਯ ਗੁਹਾ ਠਾਕੁਰਤਾ ਤੇ ਇਤਿਹਾਸਕਾਰ ਸੋਹੇਲ ਹਾਸ਼ਮੀ ਨੂੰ ਵੀ ਸਵਾਲ ਜਵਾਬ ਕੀਤੇ ਗਏ। ਸੂਤਰਾਂ ਮੁਤਾਬਕ ਪੱਤਰਕਾਰਾਂ ਕੋਲੋਂ 25 ਦੇ ਕਰੀਬ ਸੁਆਲ ਪੁੱਛੇ ਗਏ। ਇਕ ਸੂਤਰ ਨੇ ਕਿਹਾ ਕਿ ਇਹ ਸਵਾਲ ਵਿਦੇਸ਼ ਯਾਤਰਾ, ਸ਼ਾਹੀਨ ਬਾਗ਼ ਵਿੱਚ ਨਾਗਰਿਕਤਾ ਸੋਧ ਐਕਟ ਖਿਲਾਫ਼ ਮੁਜ਼ਾਹਰੇ, ਕਿਸਾਨਾਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਕੀਤੇ ਪ੍ਰਦਰਸ਼ਨ ਤੇ ਹੋਰ ਮਸਲਿਆਂ ਨਾਲ ਸਬੰਧਤ ਸਨ। ਸੂਤਰਾਂ ਨੇ ਕਿਹਾ ਕਿ ਪੁੱਛ-ਪੜਤਾਲ ਦੌਰਾਨ ਪੱਤਰਕਾਰਾਂ ਨੂੰ ਏ, ਬੀ ਤੇ ਸੀ- ਤਿੰਨ ਵਰਗਾਂ ਵਿਚ ਵੰਡਿਆ ਗਿਆ ਸੀ।
ਪ੍ਰੈੱਸ ਦੀ ‘ਜ਼ੁਬਾਨਬੰਦੀ’ ਦਾ ਯਤਨ: ਐਡੀਟਰਜ਼ ਗਿਲਡ
ਭਾਰਤੀ ਐਡੀਟਰਜ਼ ਗਿਲਡ (ਈਜੀਆਈ) ਸਣੇ ਵੱਖ ਵੱਖ ਜਥੇਬੰਦੀਆਂ ਨੇ ਵੀ ਨਿਊਜ਼ ਪੋਰਟਲ ਤੇ ਇਸ ਦੇ ਪੱਤਰਕਾਰਾਂ ‘ਤੇ ਛਾਪਿਆਂ ਲਈ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ। ਗਿਲਡ ਨੇ ਦਾਅਵਾ ਕੀਤਾ ਕਿ ਇਹ ਪ੍ਰੈੱਸ ਦੀ ‘ਜ਼ੁਬਾਨਬੰਦੀ’ ਦਾ ਯਤਨ ਹੈ। ਗਿਲਡ ਨੇ ਕਿਹਾ, ”ਅਸੀਂ ਸਰਕਾਰ ਨੂੰ ਜਮਹੂਰੀ ਪ੍ਰਬੰਧ ਵਿੱਚ ਸੁਤੰਤਰ ਮੀਡੀਆ ਦੀ ਅਹਿਮੀਅਤ ਬਾਰੇ ਯਾਦ ਕਰਵਾਉਣਾ ਚਾਹੁੰਦੇ ਹਾਂ, ਅਤੇ ਅਪੀਲ ਕਰਦੇ ਹਾਂ ਕਿ ਉਹ ਚੌਥੇ ਸਤੰਭ ਦਾ ਸਤਿਕਾਰ, ਪਾਲਣ-ਪੋਸ਼ਣ ਤੇ ਸੁਰੱਖਿਆ ਯਕੀਨੀ ਬਣਾਏ।” ਗਿਲਡ ਨੇ ਕਿਹਾ, ”ਜੇਕਰ ਅਪਰਾਧ ਕੀਤਾ ਗਿਆ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਕਾਨੂੰਨ ਮੁਤਾਬਕ ਕਾਰਵਾਈ ਹੋਵੇ, ਪਰ ਇਸ ਲਈ ਬਣਦੇ ਅਮਲ ਦੀ ਪਾਲਣਾ ਯਕੀਨੀ ਬਣਾਈ ਜਾਵੇ। ਸਖ਼ਤ ਕਾਨੂੰਨਾਂ ਦੀ ਆੜ ਹੇਠ ਕੁਝ ਵਿਸ਼ੇਸ਼ ਅਪਰਾਧਾਂ ਦੀ ਜਾਂਚ ਦੌਰਾਨ ਡਰਾਉਣ ਧਮਕਾਉਣ ਵਾਲਾ ਮਾਹੌਲ ਨਾ ਸਿਰਜਿਆ ਜਾਵੇ, ਜੋ ਪ੍ਰਗਟਾਵੇ ਦੀ ਆਜ਼ਾਦੀ ਅਤੇ ਅਸਹਿਮਤੀ ਅਤੇ ਆਲੋਚਨਾਤਮਕ ਆਵਾਜ਼ਾਂ ਦੇ ਉਭਾਰ ਨੂੰ ਰੋਕੇ।” ਉਧਰ ਪ੍ਰੈੱਸ ਕਲੱਬ ਆਫ਼ ਇੰਡੀਆ ਨੇ ਐਕਸ ‘ਤੇ ਕਿਹਾ ਕਿ ਉਹ ਨਿਊਜ਼ ਪੋਰਟਲ ਤੇ ਇਸ ਨਾਲ ਜੁੜੇ ਪੱਤਰਕਾਰਾਂ ਤੇ ਲੇਖਕਾਂ ਦੇ ਘਰਾਂ ‘ਤੇ ਛਾਪਿਆਂ ਤੋਂ ਵੱਡਾ ਫਿਕਰਮੰਦ ਹੈ।
ਜਾਂਚ ਏਜੰਸੀਆਂ ਸੁਤੰਤਰ ਤੇ ਕਾਨੂੰਨ ਮੁਤਾਬਕ ਕੰਮ ਕਰਨ ਲਈ ਪਾਬੰਦ: ਅਨੁਰਾਗ
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਨਿਊਜ਼ ਪੋਰਟਲ ‘ਨਿਊਜ਼ਕਲਿੱਕ’ ਉੱਤੇ ਛਾਪਿਆਂ ਦੇ ਹਵਾਲੇ ਨਾਲ ਕਿਹਾ ਕਿ ਜਾਂਚ ਏਜੰਸੀਆਂ ਪੂਰੀ ਤਰ੍ਹਾਂ ਸੁਤੰਤਰ ਤੇ ਕਾਨੂੰਨ ਮੁਤਾਬਕ ਕੰਮ ਕਰ ਰਹੀਆਂ ਹਨ। ਠਾਕੁਰ ਨੇ ਕਿਹਾ, ”ਜੇਕਰ ਕਿਸੇ ਨੇ ਕੁਝ ਗ਼ਲਤ ਕੀਤਾ ਹੈ ਤਾਂ ਜਾਂਚ ਏਜੰਸੀਆਂ ਇਸ ‘ਤੇ ਕੰਮ ਕਰ ਰਹੀਆਂ ਹਨ। ਇਹ ਗੱਲ ਕਿਤੇ ਨਹੀਂ ਲਿਖੀ ਕਿ ਜੇਕਰ ਤੁਸੀਂ ਗੈਰਕਾਨੂੰਨੀ ਢੰਗ ਨਾਲ ਪੈਸਾ ਹਾਸਲ ਕਰਦੇ ਹੋ ਜਾਂ ਤੁਸੀਂ ਕੁਝ ਇਤਰਾਜ਼ਯੋਗ ਕੀਤਾ ਹੈ, ਤਾਂ ਤਫ਼ਤੀਸ਼ੀ ਏਜੰਸੀਆਂ ਇਸ ਦੀ ਜਾਂਚ ਨਹੀਂ ਕਰ ਸਕਦੀਆਂ।”
ਨਿਊਜ਼ ਕਲਿੱਕ ਦੇ ਪੱਤਰਕਾਰਾਂ ‘ਤੇ ਛਾਪਿਆਂ ਦੀ ਨਿਖੇਧੀ
ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਨੇ ਨਿਊਜ਼ ਕਲਿੱਕ ਚੈਨਲ ਦੇ 30 ਪੱਤਰਕਾਰਾਂ ਦੇ ਘਰੀਂ ਛਾਪੇ ਮਾਰ ਕੇ 10 ਕੋਲੋਂ ਥਾਣਿਆਂ ਵਿੱਚ ਪੁੱਛ-ਪੜਤਾਲ ਨੂੰ ਪ੍ਰੈੱਸ ਦੀ ਆਜ਼ਾਦੀ ‘ਤੇ ਹਮਲਾ ਕਰਾਰ ਦਿੰਦਿਆਂ ਕਾਰਵਾਈ ਦੀ ਨਿਖੇਧੀ ਕੀਤੀ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਚੈਨਲ ਨੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨੀ ਘੋਲ ਦੀ ਨਿਰਪੱਖ ਕਵਰੇਜ ਕੀਤੀ ਸੀ, ਜਿਸ ਕਰਕੇ ਉਸ ਦੇ ਪੱਤਰਕਾਰਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੱਤਰਕਾਰਾਂ ਖਿਲਾਫ ਕਾਰਵਾਈ ਬੰਦ ਕੀਤੀ ਜਾਵੇ।

Check Also

ਮੋਦੀ ਕੈਬਨਿਟ ਨੇ ‘ਵਨ ਨੇਸ਼ਨ ਵਨ ਇਲੈਕਸ਼ਨ’ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ

ਸਰਦ ਰੁੱਤ ਸੈਸ਼ਨ ਦੌਰਾਨ ਸੰਸਦ ’ਚ ਪੇਸ਼ ਕੀਤਾ ਜਾਵੇਗਾ ਬਿਲ ਨਵੀਂ ਦਿੱਲੀ/ਬਿਊਰੋ ਨਿਊਜ਼ : ਮੋਦੀ …