ਗੋਡਸੇ ਨੂੰ ‘ਦੇਸ਼ਭਗਤ’ ਆਖਣ ਲਈ ਪ੍ਰੱਗਿਆ ਨੂੰ ਮੁਆਫ਼ ਨਹੀਂ ਕਰਾਂਗਾ : ਨਰਿੰਦਰ ਮੋਦੀ
ਨਵੀਂ ਦਿੱਲੀ : ਭਾਜਪਾ ਉਮੀਦਵਾਰ ਪ੍ਰੱਗਿਆ ਸਿੰਘ ਠਾਕੁਰ ਵੱਲੋਂ ਮਹਾਤਮਾ ਗਾਂਧੀ ਦੇ ਹਤਿਆਰੇ ਨੱਥੂਰਾਮ ਗੋਡਸੇ ਨੂੰ ਸੱਚਾ ਦੇਸ਼ਭਗਤ ਆਖੇ ਜਾਣ ‘ਤੇ ਸਿਆਸਤ ਭਖਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪ੍ਰੱਗਿਆ ਦੀ ਆਲੋਚਨਾ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਮਹਾਤਮਾ ਗਾਂਧੀ ਦਾ ਅਪਮਾਨ ਕਰਨ ਲਈ ਪ੍ਰੱਗਿਆ ਠਾਕੁਰ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ। ਮੋਦੀ ਨੇ ਕਿਹਾ, ”ਗਾਂਧੀ ਜਾਂ ਗੋਡਸੇ ਬਾਰੇ ਜਿਹੜੇ ਬਿਆਨ ਆ ਰਹੇ ਹਨ, ਉਹ ਮਾੜੇ ਹਨ ਅਤੇ ਨਫ਼ਰਤ ਕਰਨ ਦੇ ਬਰਾਬਰ ਹਨ। ਸੱਭਿਅਕ ਸਮਾਜ ਵਿਚ ਅਜਿਹੀ ਭਾਸ਼ਾ ਜਾਇਜ਼ ਨਹੀਂ ਹੈ। ਅਜਿਹੀ ਸੋਚ ਕੰਮ ਨਹੀਂ ਕਰੇਗੀ। ਇਸ ਲਈ ਜਿਹੜੇ ਅਜਿਹਾ ਕੁਝ ਮਾੜਾ ਬੋਲ ਰਹੇ ਹਨ, ਉਨ੍ਹਾਂ ਨੂੰ ਸੌ ਵਾਰ ਸੋਚਣਾ ਪਏਗਾ। ਉਂਜ ਉਸ ਨੇ ਮੁਆਫ਼ੀ ਮੰਗ ਲਈ ਹੈ ਪਰ ਮੈਂ ਉਸ ਨੂੰ ਦਿਲੋਂ ਮੁਆਫ਼ ਨਹੀਂ ਕਰ ਸਕਾਂਗਾ।” ਇਸ ਦੌਰਾਨ ਭਾਜਪਾ ਨੇ ਸਾਧਵੀ ਪ੍ਰੱਗਿਆ, ਅਨੰਤ ਹੇਗੜੇ ਅਤੇ ਨਲਿਨ ਕਤੀਲ ਵੱਲੋਂ ਦਿੱਤੇ ਵਿਵਾਦਤ ਬਿਆਨਾਂ ਦਾ ਮਾਮਲਾ ਅਨੁਸ਼ਾਸਨੀ ਕਮੇਟੀ ਦੇ ਹਵਾਲੇ ਕਰ ਦਿੱਤਾ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਪ੍ਰੱਗਿਆ, ਹੇਗੜੇ ਅਤੇ ਕਤੀਲ ਦੇ ਬਿਆਨਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਅਨੁਸ਼ਾਸਨੀ ਕਮੇਟੀ ਤੋਂ 10 ਦਿਨਾਂ ਵਿੱਚ ਰਿਪੋਰਟ ਮੰਗੀ ਹੈ ਜਿਸ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਉਧਰ ਕਾਂਗਰਸ ਨੇ ਗੋਡਸੇ ਨੂੰ ਦੇਸ਼ਭਗਤ ਦੱਸੇ ਜਾਣ ‘ਤੇ ਮੋਦੀ ਅਤੇ ਸ਼ਾਹ ਨੂੰ ਘੇਰਦਿਆਂ ਕਿਹਾ ਕਿ ਦੋਵੇਂ ਆਗੂ ਮਹਾਤਮਾ ਗਾਂਧੀ ਦਾ ਨਾਮ ਪ੍ਰਚਾਰ ਲਈ ਵਰਤਦੇ ਹਨ ਪਰ ਵਿਚਾਰਧਾਰਾ ਪੱਖੋਂ ਉਹ ‘ਗੋਡਸੇਵਾਦੀ’ ਹਨ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ, ”ਮੋਦੀ ਜੀ ਗੋਡਸੇ ਦੇ ਹਿੰਸਕ ਨਕਾਬ ਨੂੰ ਗਾਂਧੀ ਜੀ ਦੇ ਚਸ਼ਮੇ ਨਾਲ ਜਿਨ੍ਹਾਂ ਮਰਜ਼ੀ ਛੁਪਾਉਣ ਦੀ ਕੋਸ਼ਿਸ਼ ਕਰਨ, ਪਰ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਮਨੁੱਖ ਆਪਣੇ ਆਪ ਨੂੰ ਜਿੰਨਾ ਵੀ ਯੋਗ ਦੱਸੇ ਪਰ ਉਸ ਦੀਆਂ ਛੁਪੀਆਂ ਬੁਰਾਈਆਂ ਸਾਹਮਣੇ ਆ ਜਾਂਦੀਆਂ ਹਨ।”
ਪ੍ਰੱਗਿਆ ਨੇ ਮੁਆਫ਼ੀ ਮੰਗ ਕੇ ਮੌਨ ਧਾਰਿਆ
ਭੋਪਾਲ: ਭੋਪਾਲ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਪ੍ਰੱਗਿਆ ਸਿੰਘ ਠਾਕੁਰ ਨੇ ਨੱਥੂ ਰਾਮ ਗੋਡਸੇ ਨੂੰ ਦੇਸ਼ ਭਗਤ ਦੱਸਣ ਵਾਲੇ ਆਪਣੇ ਬਿਆਨ ਲਈ ਮੁਆਫ਼ੀ ਮੰਗੀ ਤੇ ਕਿਹਾ ਕਿ ਆਪਣੀ ਗਲਤੀ ਬਦਲੇ ਉਹ 63 ਘੰਟੇ ਲਈ ਮੌਨ ਧਾਰ ਰਹੀ ਹੈ। ਉਸ ਨੇ ਟਵੀਟ ਕੀਤਾ, ‘ਚੋਣ ਪ੍ਰਚਾਰ ਦੌਰਾਨ ਮੇਰੇ ਬੋਲਾਂ ਨਾਲ ਕਿਸੇ ਨੂੰ ਤਕਲੀਫ ਹੋਈ ਹੋਵੇ ਤਾਂ ਮੈਂ ਉਸ ਲਈ ਮੁਆਫ਼ੀ ਮੰਗਦੀ ਹਾਂ।’
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …