Breaking News
Home / ਭਾਰਤ / ਇਸ ਵਾਰ 1 ਜੂਨ ਤੋਂ ਸ਼ੁਰੂ ਹੋਵੇਗੀ ਯਾਤਰਾ : ਹਰ ਸਾਲ 25 ਮਈ ਤੋਂ ਸ਼ੁਰੂ ਕੀਤੀ ਜਾਂਦੀ ਸੀ ਯਾਤਰਾ

ਇਸ ਵਾਰ 1 ਜੂਨ ਤੋਂ ਸ਼ੁਰੂ ਹੋਵੇਗੀ ਯਾਤਰਾ : ਹਰ ਸਾਲ 25 ਮਈ ਤੋਂ ਸ਼ੁਰੂ ਕੀਤੀ ਜਾਂਦੀ ਸੀ ਯਾਤਰਾ

1960 ‘ਚ 10 ਫੁੱਟ ਦੇ ਕਮਰੇ ਨੂੰ ਦਿੱਤਾ ਗਿਆ ਸੀ ਗੁਰਦੁਆਰਾ ਸਾਹਿਬ ਸ੍ਰੀ ਹੇਮਕੁੰਟ ਸਾਹਿਬ ਦਾ ਰੂਪ
ਚੰਡੀਗੜ੍ਹ/ਬਿਊਰੋ ਨਿਊਜ਼ : ਉਤਰਾਂਚਲ ਦੇ ਚਮੌਲੀ ਜ਼ਿਲ੍ਹੇ ‘ਚ ਹਿਮਾਚਲ ਦੀਆਂ ਚੋਟੀਆਂ ‘ਚ ਘਿਰੇ 15 ਹਜ਼ਾਰ 200 ਫੁੱਟ ਉਚੇ ਸਥਾਨ ‘ਤੇ ਹਰ ਸਹੂਲਤ ਦੇ ਨਾਲ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸੁਸ਼ੋਭਿਤ ਹੈ। ਇਸ ਸਥਾਨ ‘ਤੇ ਮਜ਼ਬੂਤ ਸ਼ਾਨਦਾਰ ਗੁਰਦੁਆਰਾ ਬਣਾਉਣ ਦੇ ਪਿੱਛੇ ਦੇਸ਼ ਦੇ ਵਧੀਆ ਆਰਕੀਟੈਕਚਰਾਂ ਦੀ ਸਾਲਾਂ ਦੀ ਮਿਹਨਤ ਹੈ। ਇਸ ਪਵਿੱਛਰ ਸਥਾਨ ਦੀ ਖੋਜ ਕਰਨ ਤੋਂ ਬਾਅਦ ਸਾਲ 1937 ‘ਚ ਇਕ ਝੋਂਪੜੀਨੁਮਾ ਕਮਰਾ ਬਣਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਕੀਤਾ ਗਿਆ ਸੀ। ਉਸ ਤੋਂ ਬਾਅਦ 1960 ‘ਚ ਇਸ ਸਥਾਨ ‘ਤੇ 10 ਫੁੱਟ ਦਾ ਇਕ ਕਮਰਾ ਬਣਾ ਕੇ ਉਸ ਨੂੰ ਗੁਰਦੁਆਰਾ ਸਾਹਿਬ ਦਾ ਰੂਪ ਦਿੱਤਾ ਗਿਆ। ਜੋਸ਼ੀਮਠ-ਬਦਰੀਨਾਥ ਮੁੱਖ ਸੜਕ ਤੋਂ ਲਗਭਗ 22 ਕਿਲੋਮੀਟਰ ਪਹਾੜਾਂ ਨੂੰ ਊਬੜ-ਖਾਬੜ ਰਸਤਿਆਂ ਤੋਂ ਹੋ ਕੇ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਮੁੱਖ ਗੁਰਦੁਆਰਾ ਸਾਹਿਬ ਤੱਕ ਪੁਹੰਚਿਆ ਜਾਂਦਾ ਹੈ। ਸਾਲ ‘ਚ ਜ਼ਿਆਦਾਤਰ ਸਮੇਂ ਤੱਕ ਇਸ ਸਥਾਨ ‘ਤੇ ਬਰਫ਼ ਅਤੇ ਬਾਰਿਸ਼ ਨਾਲ ਪੂਰਾ ਇਲਾਕਾ ਠੰਢੀਆਂ ਹਵਾਵਾਂ ਦੇ ਚਲਦੇ ਠੰਢਾ ਰਹਿੰਦਾ ਹੈ। ਇਸੇ ਦੇ ਚਲਦੇ ਆਰਕੀਟੈਕਚਰਾਂ ਅਤੇ ਸਰਵੇਅਰ ਦੀ ਟੀਮ ਨੇ ਇਸ ਸਥਾਨ ਦਾ ਕਈ ਵਾਰ ਦੌਰਾ ਕਰਕੇ ਪਤਾ ਲਗਾਇਆ ਕਿ ਇਥੇ ਕਿਸ ਤਰ੍ਹਾਂ ਦਾ ਮਜ਼ਬੂਤ ਢਾਂਚਾ ਬਣਾਇਆ ਜਾਵੇ।
ਹਰ ਸਾਲ ਦੇਸ਼-ਵਿਦੇਸ਼ ਤੋਂ ਪਹੁੰਚਦੀ ਹੈ ਸੰਗਤ
1981-82 ਵਿਚ ਉਲਟ ਪ੍ਰਸਥਿਤੀਆਂ ‘ਚ ਇੰਸਟਾਲ ਕੀਤਾ ਗਿਆ ਸਟੀਲ ਦਾ ਢਾਂਚਾ
ਆਰਕੀਟੈਕਟ ਮਨਮੋਹਨ ਸਿੰਘ ਸਿਆਲੀ, ਸੀਪੀ ਘੋਸ਼, ਸਾਹਿਬ ਸਿੰਘ, ਗੁਰਸ਼ਰਨ ਸਿੰਘ, ਕੇ.ਏ. ਪਟੇਲ, ਮੇਜਰ ਜਨਰਲ ਹਕੀਕਤ ਸਿੰਘ ਸਮੇਤ ਕਈ ਵਿਅਕਤੀਆਂ ਨੇ ਇਸ ਸਥਾਨ ‘ਤੇ ਸਟੀਲ ਦਾ ਪੱਕਾ ਢਾਂਚਾ ਬਣਾਉਣ ‘ਚ ਆਪਣਾ ਯੋਗਦਾਨ ਦਿੱਤਾ। 1967 ‘ਚ ਆਰਕੀਟੈਕਟ ਮਨਮੋਹਨ ਸਿੰਘ ਸਿਆਲੀ ਨੇ ਸਹਿਯੋਗੀਆਂ ਦੀ ਮਦਦ ਨਾਲ ਗੁਰਦੁਆਰਾ ਸਟੱਰਕਚਰ ਦਾ ਡਿਜ਼ਾਇਨ ਇਸ ਤਰ੍ਹਾਂ ਤਿਆਰ ਕੀਤਾ, ਜਿਸ ਨਾਲ ਇਸ ‘ਤੇ ਬਰਫੀਲੀ ਜਲਵਾਯੂ ਦਾ ਕੋਈ ਅਸਰ ਨਾ ਹੋਵੇ। ਉਸ ਤੋਂ ਬਾਅਦ ਨਿਰਮਾਣ ਦਾ ਕੰਮ ਦਿੱਲੀ ਦੇ ਇਕ ਠੇਕੇਦਾਰ ਨੂੰ ਸੌਂਪਿਆ ਗਿਆ। ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕੋਲ ਪੂਰਾ ਟਰੱਕਚਰ ਅਸੈਂਬਲ ਕੀਤਾ ਗਿਆ। ਹੁਣ ਸਭ ਤੋਂ ਵੱਡਾ ਚੈਲੇਂਜ ਇਸ ਸਟਰੱਕਚਰ ਨੂੰ ਇਸ ਸਥਾਨ ‘ਤੇ ਕਿਸ ਤਰ੍ਹਾਂ ਪਹੁੰਚਾਇਆ ਜਾਵੇ। ਸਟੱਰਕਚਰ ਦੇ ਅਲੱਗ-ਅਲੱਗ ਪਾਰਟ ਬਣਾਏ ਗਏ। ਮਜ਼ਦੂਰਾਂ ਨੇ ਆਪਣੇ ਕੰਧਿਆਂ ‘ਤੇ ਗੁਰਦੁਆਰਾ ਗੋਬਿੰਦਘਾਟ ਦੇ ਪਥਰੀਲੇ ਰਸਤਿਆਂ ਤੋਂ ਹੋ ਕੇ ਉਸ ਪਵਿੱਤਰ ਸਥਾਨ ਤੱਕ ਪਹੁੰਚਾਇਆ। ਅਣਥੱਕ ਮਿਹਨਤ ਅਤੇ ਯਤਨਾਂ ਸਦਕਾ ਸਟਰੱਕਚਰ ਨੂੰ 14 ਸਾਲ ਦੇ ਬਾਅਦ 1981-82 ‘ਚ ਇਥੇ ਉਲਟ ਪਰਸਥਿਤੀਆਂ ‘ਚ ਮੁਸ਼ਕਿਲ ਨਾਲ ਇੰਸਟਾਲ ਕੀਤਾ ਗਿਆ। 45 ਤੋਂ 50 ਫੁੱਟ ਉਚੇ ਢਾਲਨੁਮਾ ਸਟੀਲ ਦੇ ਸਟਰੱਕਚਰ ‘ਤੇ ਸਿਕੇ ਵੀ ਮੌਸਮ ਦਾ ਪ੍ਰਭਾਵ ਬੇਅਸਰ ਹੈ। ਗੁਰਦੁਆਰਾ ਸਾਹਿਬ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਦੇ ਮੈਨੇਜਰ ਦਰਸ਼ਨ ਸਿੰਘ ਨੇ ਦੱਸਿਆ ਕਿ 1 ਜੂਨ ਤੋਂ ਸ਼ੁਰੂ ਹੋਣ ਵਾਲੀ ਯਾਤਰਾ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਥੇ ਆਉਣ ਵਾਲੀ ਸੰਗਤਾਂ ਦੇ ਲਈ ਯਾਤਰਾ ‘ਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਹਰ ਪ੍ਰਬੰਧ ਕੀਤਾ ਗਿਆ ਹੈ।
ਫੌਜ ਦੇ ਜਵਾਨਾਂ ਨੇ ਹੇਮਕੁੰਟ ਸਾਹਿਬ ਮਾਰਗ ਤੋਂ ਹਟਾਈ ਬਰਫ
ਚਮੇਲੀ : ਆਖਰਕਾਰ ਫੌਜ ਨੇ ਹੇਮਕੁੰਟ ਸਾਹਿਬ ਮਾਰਗ ਦੇ ਜ਼ਿਆਦਾਤਰ ਹਿੱਸੇ ਤੋਂ ਬਰਫ ਹਟਾਉਣ ਵਿਚ ਕਾਮਯਾਬੀ ਹਾਸਲ ਕਰ ਲਈ ਹੈ। ਹੁਣ ਸਿਰਫ ਅਕਲਾਕੋਟੀ ਨਾਂ ਦੇ ਸਥਾਨ ਤੋਂ ਹੇਮਕੁੰਟ ਸਾਹਿਬ ਤੱਕ ਦਾ ਹਿੱਸਾ ਬਾਕੀ ਹੈ। ਅੱਠ ਸੌ ਮੀਟਰ ਦੀ ਇਸ ਦੂਰੀ ‘ਤੇ ਕਰੀਬ ਛੇ ਫੁੱਟ ਬਰਫ ਜਮ੍ਹਾਂ ਹੈ।
ਪਹਿਲੀ ਜੂਨ ਨੂੰ ਹੇਮੁਕੰਟ ਸਾਹਿਬ ਤੇ ਲੋਕਪਾਲ ਲਕਸ਼ਮਣ ਮੰਦਰ ਦੇ ਕਿਵਾੜ ਖੋਲ੍ਹੇ ਜਾਣੇ ਹਨ। ਫੌਜ ਦੇ ਜਵਾਨ ਜੰਗੀ ਪੱਧਰ ‘ਤੇ ਬਰਫ ਨਾਲ ਢੱਕੇ ਮਾਰਗ ਨੂੰ ਸਾਫ ਕਰਨ ਵਿਚ ਲੱਗੇ ਹੋਏ ਹਨ। ਮੌਸਮ ਦੀਆਂ ਚੁਣੌਤੀਆਂ ਦਰਮਿਆਨ ਬਰਫ ਕੱਟ ਕੇ ਰਾਹ ਬਣਾਇਆ ਜਾ ਰਿਹਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਪ੍ਰਬੰਧਕ ਸੇਵਾ ਸਿੰਘ ਨੇ ਦੱਸਿਆ ਕਿ 40 ਜਵਾਨਾਂ ਦੇ ਨਾਲ 10 ਸਵੈ ਸੇਵਕ ਤੇ 13 ਮਜ਼ਦੂਰ ਵੀ ਕੰਮ ਵਿਚ ਲੱਗੇ ਹੋਏ ਹਨ। ਪਵਿੱਤਰ ਸਰੋਵਰ ਤੇ ਲਕਸ਼ਮਣ ਮੰਦਰ ਬਰਫ ਨਾਲ ਢੱਕਿਆ ਹੋਇਆ ਹੈ। ਲਕਸ਼ਮਣ ਮੰਦਰ ਤੱਕ ਜਾਣ ਦਾ ਰਾਹ ਹੁਣ ਵੀ ਬਰਫ ਨਾਲ ਲੱਦਿਆ ਪਿਆ ਹੈ। ਹੇਮਕੁੰਟ ਸਾਹਿਬ ਦੇ ਬੇਸ ਕੈਂਪ ਘਾਂਘਰੀਆ ਨੂੰ ਸੰਚਾਰ ਸੇਵਾ ਨਾਲ ਜੋੜਿਆ ਜਾ ਚੁੱਕਾ ਹੈ। ਬੀਐਸਐਨਐਲ ਨੇ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਟੂ ਜੀ ਇੰਟਰਨੈਟ ਸੇਵਾ ਵੀ ਬੀਐਸਐਨਐਲ ਵਲੋਂ ਦਿੱਤੀ ਜਾ ਰਹੀ ਹੈ। ਜੋਸ਼ੀ ਮੱਠ ਦੇ ਐਸਡੀਐਮ ਵੈਭਵ ਗੁਪਤਾ ਨੇ ਦੱਸਿਆ ਕਿ ਕੰਮ ਚੱਲ ਰਿਹਾ ਹੈ। ਚੋਣ ਪ੍ਰਕਿਰਿਆ ਖਤਮ ਹੋ ਗਈ ਹੈ ਹੁਣ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਦੇ ਨਾਲ ਨਾਲ ਪਖਾਨਿਆਂ ਨੂੰ ਵੀ ਦਰੁਸਤ ਕੀਤਾ ਜਾਵੇਗਾ।

Check Also

ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ 2 ਦਸੰਬਰ ਤੱਕ ਕੀਤੀ ਗਈ ਮੁਲਤਵੀ

ਕਾਂਗਰਸ ਸਣੇ ਸਮੂਹ ਵਿਰੋਧੀ ਧਿਰ ਨੇ ਗੌਤਮ ਅਡਾਨੀ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਘੇਰਿਆ ਨਵੀਂ …