Breaking News
Home / ਭਾਰਤ / ਪਹਿਲੀ ਸਰਜੀਕਲ ਸਟਰਾਈਕ 2016 ‘ਚ ਹੋਈ

ਪਹਿਲੀ ਸਰਜੀਕਲ ਸਟਰਾਈਕ 2016 ‘ਚ ਹੋਈ

ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਕਿਹਾ – ਬਾਲਾਕੋਟ ਏਅਰ ਸਟ੍ਰਾਈਕ ਭਾਰਤੀ ਹਵਾਈ ਫੌਜ ਦੀ ਵੱਡੀ ਉਪਲਬਧੀ
ਊਧਮਪੁਰ/ਬਿਊਰੋ ਨਿਊਜ਼ : ਉੱਤਰੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਵਿਚਲੇ ਅੱਤਵਾਦੀ ਕੈਂਪ ‘ਤੇ ਕੀਤੇ ਹਮਲੇ ਨੂੰ ‘ਅਹਿਮ ਪ੍ਰਾਪਤੀ’ ਦੱਸਦਿਆਂ ਪੁਸ਼ਟੀ ਕੀਤੀ ਕਿ 2016 ਵਿੱਚ ਪਹਿਲੀ ਸਰਜੀਕਲ ਸਟ੍ਰਾਈਕ ਕੀਤੀ ਗਈ ਸੀ। ਉਨ੍ਹਾਂ ਇਹ ਦਾਅਵਾ ਡਾਇਰੈਕਟਰ ਜਨਰਲ ਆਫ ਮਿਲਟਰੀ ਅਪਰੇਸ਼ਨਜ਼ ਦੇ ਡਾਇਰੈਕਟਰ ਅਤੇ ਭਾਰਤੀ ਫੌਜ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਦਿੱਤੀ ਗਈ ਜਾਣਕਾਰੀ ਦਾ ਹਵਾਲਾ ਦਿੰਦਿਆਂ ਕੀਤਾ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ, ”ਭਾਰਤੀ ਏਅਰ ਫੋਰਸ ਵੱਲੋਂ 26 ਫਰਵਰੀ ਨੂੰ ਬਾਲਾਕੋਟ ਦੇ ਅੱਤਵਾਦੀ ਢਾਂਚੇ ‘ਤੇ ਕੀਤਾ ਗਿਆ ਹਵਾਈ ਹਮਲਾ ਬਿਨਾ ਸ਼ੱਕ ਸ਼ਲਾਘਾਯੋਗ ਸੀ।” ਉਨ੍ਹਾਂ ਕਿਹਾ ਕਿ ਇਹ ਅਹਿਮ ਪ੍ਰਾਪਤੀ ਸੀ ਕਿਉਂਕਿ ਭਾਰਤੀ ਹਵਾਈ ਜਹਾਜ਼ ਦੁਸ਼ਮਣ ਦੀ ਸੀਮਾ ਵਿੱਚ ਕਾਫੀ ਅੰਦਰ ਤਕ ਗਏ ਅਤੇ ਦਹਿਸ਼ਤਗਰਦਾਂ ਦੇ ਲਾਂਚ ਪੈਡ ਅਤੇ ਕੈਂਪਾਂ ਨੂੰ ਨਿਸ਼ਾਨਾ ਬਣਾਇਆ। ਲੈਫਟੀਨੈਂਟ ਜਨਰਲ ਨੇ ਕਿਹਾ ਕਿ ਪਾਕਿਸਤਾਨ ਨੇ ਕੰਟਰੋਲ ਰੇਖਾ ਦੇ ਨਜ਼ਦੀਕ ਹੀ ਆਪਣੀ ਕਾਰਵਾਈ ਕੀਤੀ, ਜਿਸ ਦਾ ਭਾਰਤ ਵੱਲੋਂ ‘ਮੂੰਹਤੋੜ ਜਵਾਬ’ ਦਿੱਤਾ ਗਿਆ। ਉਨ੍ਹਾਂ ਕਿਹਾ, ”ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਭਾਰਤੀ ਫੌਜ ਕੋਲ ਪਾਕਿਸਤਾਨ ਦੀ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਦੀ ਸਮਰੱਥਾ ਹੈ।” ਇਹ ਪੁੱਛੇ ਜਾਣ ਕਿ ਭਾਰਤੀ ਫੌਜ ਨੇ ਸਤੰਬਰ 2016 ਤੋਂ ਪਹਿਲਾਂ ਵੀ ਕਦੇ ਸਰਜੀਕਲ ਸਟ੍ਰਾਈਕ ਕੀਤੀ ਹੈ ਤਾਂ ਉਨ੍ਹਾਂ ਨਾਂਹ ਵਿੱਚ ਜਵਾਬ ਦਿੱਤਾ। ਜ਼ਿਕਰਯੋਗ ਹੈ ਕਿ ਕਾਂਗਰਸੀ ਆਗੂ ਰਾਜੀਵ ਸ਼ੁਕਲਾ ਨੇ ਪਿਛਲੇ ਦਿਨੀਂ ਹਫ਼ਤੇ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਮਨਮੋਹਨ ਸਿੰਘ ਸਰਕਾਰ ਸਮੇਂ ਛੇ ਸਰਜੀਕਲ ਸਟ੍ਰਾਈਕ ਕੀਤੇ ਗਏ ਸਨ। ਕੇਂਦਰੀ ਮੰਤਰੀ ਤੇ ਸਾਬਕਾ ਫੌਜ ਮੁਖੀ ਵੀ ਕੇ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਸਰਜੀਕਲ ਸਟ੍ਰਾਈਕ ਕੀਤੇ ਜਾਣ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਾਂਗਰਸ ‘ਤੇ ਝੂਠ ਬੋਲਣ ਦਾ ਦੋਸ਼ ਲਾਇਆ ਸੀ।

Check Also

‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕੇਜਰੀਵਾਲ ਦੀ ਰਿਹਾਇਸ਼ ’ਤੇ ਹੋਈ ਕੁੱਟਮਾਰ

ਮਾਲੀਵਾਲ ਨੇ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ’ਤੇ ਕੁੱਟਮਾਰ ਕਰਨ ਦਾ ਲਗਾਇਆ ਆਰੋਪ ਨਵੀਂ ਦਿੱਲੀ/ਬਿਊਰੋ …