Breaking News
Home / ਭਾਰਤ / ‘ਤਾਲਾਬੰਦੀ ਜਾਰੀ ਰਹੀ ਤਾਂ ਅਰਥਚਾਰੇ ਦੀ ਹਾਲਤ ਹੋਰ ਬਦਤਰ ਹੋਵੇਗੀ’

‘ਤਾਲਾਬੰਦੀ ਜਾਰੀ ਰਹੀ ਤਾਂ ਅਰਥਚਾਰੇ ਦੀ ਹਾਲਤ ਹੋਰ ਬਦਤਰ ਹੋਵੇਗੀ’

ਨਵੀਂ ਦਿੱਲੀ : ਉੱਘੇ ਅਰਥ ਸ਼ਾਸਤਰੀ ਜਿਆਂ ਦਰੇਜ਼ ਦਾ ਕਹਿਣਾ ਹੈ ਕਿ ਭਾਰਤੀ ਅਰਥਵਿਵਸਥਾ ਦੀ ਹਾਲਤ ਪਤਲੀ ਹੈ ਤੇ ਜੇ ਸਥਾਨਕ ਪੱਧਰ ਜਾਂ ਕੌਮੀ ਪੱਧਰ ‘ਤੇ ‘ਲੌਕਡਾਊਨ’ ਹੋਰ ਸਮਾਂ ਰੱਖਿਆ ਗਿਆ ਤਾਂ ਇਹ ਬਦਤਰ ਹੋ ਸਕਦੀ ਹੈ। ਦਰੇਜ਼ ਨੇ ਕਿਹਾ ਕਿ ਮੁਲਕ ਭਰ ਵਿਚ ਸਭ ਬੰਦ ਹੋਣ ਕਾਰਨ ਸਮਾਜਿਕ ਗੜਬੜੀ ਤਾਂ ਦੇਸ਼ ਦੇ ਕਈ ਹਿੱਸਿਆਂ ਵਿਚ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇ ਤਾਲਾਬੰਦੀ ਹਟਾ ਵੀ ਲਈ ਜਾਂਦੀ ਹੈ ਤਾਂ ਵੀ ਵਿਸ਼ਵ ਵਿਆਪੀ ਮੰਦੀ ਦਾ ਅਸਰ ਭਾਰਤੀ ਅਰਥਚਾਰੇ ‘ਤੇ ਪੈਣਾ ਸੁਭਾਵਿਕ ਹੈ। ਬੈਲਜੀਅਮ ‘ਚ ਜਨਮੇ ਉੱਘੇ ਅਰਥ ਸ਼ਾਸਤਰੀ ਨੇ ਕਿਹਾ ਕਿ ਕੁਝ ਸੈਕਟਰ ਤਾਲਾਬੰਦੀ ਕਾਰਨ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ, ਪਰ ਕੁਝ ਸੈਕਟਰ ਇਸ ਸੰਕਟ ਦੇ ਸਮੇਂ ਵਿਕਾਸ ਵੀ ਕਰ ਸਕਦੇ ਹਨ, ਜਿਵੇਂ ਕਿ ਮੈਡੀਕਲ ਸੈਕਟਰ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਖੇਤਰ ਉਦੋਂ ਤੱਕ ਵਿਕਾਸ ਨਹੀਂ ਕਰਨਗੇ, ਜਦ ਤੱਕ ਬਾਕੀ ਚੰਗੀ ਸਥਿਤੀ ਵਿਚ ਨਹੀਂ ਹਨ। ਜਿਆਂ ਦਰੇਜ਼ ਨੇ ਕਿਹਾ ਕਿ ਇਹ ਸਾਈਕਲ ਵਰਗਾ ਹੈ, ਜੇ ਇਕ ਪਹੀਆ ਪੈਂਚਰ ਹੈ ਤਾਂ ਸਹਿਜ ਹੋ ਕੇ ਅੱਗੇ ਨਹੀਂ ਵਧਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਥੋੜ੍ਹੇ ਸ਼ਬਦਾਂ ‘ਚ ਕਹੀਏ ਤਾਂ ਜੇ ਇਹ ਸੰਕਟ ਲੰਮਾ ਚੱਲਦਾ ਹੈ ਤਾਂ ਅਰਥਚਾਰੇ ਦੇ ਹਰ ਹਿੱਸੇ ਤੱਕ ਪਹੁੰਚ ਜਾਵੇਗਾ। ਇਹ ਬੈਂਕਿੰਗ ਢਾਂਚੇ ਨੂੰ ਵੀ ਪ੍ਰਭਾਵਿਤ ਕਰੇਗਾ। ਦਰੇਜ਼ ਨੇ ਕਿਹਾ ਕਿ ‘ਲਾਕਡਾਊਨ’ ਖ਼ਤਮ ਹੁੰਦਿਆਂ ਹੀ ਪਰਵਾਸੀ ਮਜ਼ਦੂਰ ਘਰਾਂ ਵੱਲ ਪਰਤਣਗੇ ਤੇ ਸ਼ਾਇਦ ਕੁਝ ਸਮੇਂ ਲਈ ਵਾਪਸ ਕੰਮ ‘ਤੇ ਨਾ ਪਰਤਣ। ਪਰ ਘਰ ਵੀ ਕੋਈ ਕੰਮ ਨਹੀਂ ਹੋਵੇਗਾ, ਸ਼ਾਇਦ ਥੋੜ੍ਹੀ-ਬਹੁਤ ਖੇਤੀ ਕਰ ਲੈਣ, ਉਹ ਵੀ ਜੇ ਹੋਈ। ਇਸ ਨਾਲ ਕਈ ਸੈਕਟਰਾਂ ਵਿਚ ਕਾਮਿਆਂ ਦੀ ਕਮੀ ਹੋ ਜਾਵੇਗੀ।ਉਨ੍ਹਾਂ ਕਿਹਾ ਕਿ ਉੱਤਰੀ ਭਾਰਤ ਵਿਚ ਪਹਿਲਾਂ ਹੀ ਵਾਢੀ ਦੇ ਸੀਜ਼ਨ ‘ਚ ਲੇਬਰ ਦੀ ਕਮੀ ਹੈ। ਆਰਥਿਕ ਮਾਹਿਰ ਨੇ ਕਿਹਾ ਕਿ ਇਹ ਸਮਾਂ ਪਹਿਲਾਂ ਤੋਂ ਮੌਜੂਦ ਸਕੀਮਾਂ ‘ਤੇ ਜ਼ੋਰ ਦੇਣ ਦਾ ਹੈ, ਜਿਨ੍ਹਾਂ ਵਿਚ ਜਨਤਕ ਵੰਡ ਪ੍ਰਣਾਲੀ ਤੇ ਸਮਾਜਿਕ ਸੁਰੱਖਿਆ ਪੈਨਸ਼ਨ ਸ਼ਾਮਲ ਹਨ।

Check Also

ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ

ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …