ਉਦਵ ਠਾਕਰੇ ਖਿਲਾਫ ਬਿਆਨਬਾਜ਼ੀ ਰਾਣੇ ਨੂੰ ਪਈ ਮਹਿੰਗੀ
ਨਵੀਂ ਦਿੱਲੀ/ਬਿਊਰੋ ਨਿਊਜ਼
ਮਹਾਰਾਸ਼ਟਰ ਦੇ ਮੁੱਖ ਮੰਤਰੀ ਉਦਵ ਠਾਕਰੇ ਖਿਲਾਫ ਬਿਆਨਬਾਜ਼ੀ ਭਾਜਪਾ ਨਾਲ ਸਬੰਧਤ ਕੇਂਦਰੀ ਮੰਤਰੀ ਨਾਰਾਇਣ ਰਾਣੇ ਨੂੰ ਮਹਿੰਗੀ ਪੈਂਦੀ ਦਿਸ ਰਹੀ ਹੈ। ਊਧਵ ਠਾਕਰੇ ਨੂੰ ਕਥਿਤ ਥੱਪੜ ਮਾਰਨ ਸਬੰਧੀ ਦਿੱਤੇ ਬਿਆਨ ਕਾਰਨ ਮਹਾਰਾਸ਼ਟਰ ਪੁਲਿਸ ਨੇ ਰਾਣੇ ਨੂੰ ਗਿ੍ਰਫਤਾਰ ਕਰ ਲਿਆ। ਅਹਿਮ ਗੱਲ ਇਹ ਦੇਖੀ ਗਈ ਕਿ ਜਦੋਂ ਰਾਣੇ ਨੂੰ ਗਿ੍ਰਫਤਾਰ ਕੀਤਾ ਗਿਆ, ਉਸ ਸਮੇਂ ਉਹ ਖਾਣਾ ਖਾ ਰਹੇ ਸਨ ਅਤੇ ਪੁਲਿਸ ਨੇ ਉਸ ਨੂੰ ਖਾਣਾ ਵੀ ਨਹੀਂ ਖਾਣ ਦਿੱਤਾ। ਧਿਆਨ ਰਹੇ ਕਿ ਗਿ੍ਰਫਤਾਰੀ ਤੋਂ ਬਚਣ ਲਈ ਰਾਣੇ ਨੇ ਰਤਨਾਗਿਰੀ ਦੀ ਅਦਾਲਤ ਵਿਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ।
ਧਿਆਨ ਰਹੇ ਕਿ ਨਾਰਾਇਣ ਰਾਣੇ ਨੇ ਦਾਅਵਾ ਕੀਤਾ ਕਿ ਸੁਤੰਤਰਤਾ ਦਿਵਸ ਦੇ ਸੰਬੋਧਨ ਮੌਕੇ ਉਦਵ ਠਾਕਰੇ ਭੁੱਲ ਗਏ ਸਨ ਕਿ ਦੇਸ਼ ਦੀ ਆਜ਼ਾਦੀ ਨੂੰ ਕਿੰਨੇ ਸਾਲ ਹੋਏ ਹਨ। ਰਾਣੇ ਨੇ ਕਿਹਾ ਕਿ ਜੇ ਉਸ ਵੇਲੇ ਉਹ ਉਥੇ ਹੁੰਦੇ ਤਾਂ ਠਾਕਰੇ ਦੇ ਥੱਪੜ ਮਾਰ ਦਿੰਦੇ। ਇਸ ਦੌਰਾਨ ਮੁੰਬਈ ’ਚ ਰਾਣੇ ਦੇ ਘਰ ਨੇੜੇ ਪ੍ਰਦਰਸ਼ਨ ਕਰਨ ਪੁੱਜੇ ਸ਼ਿਵ ਸੈਨਿਕਾਂ ਤੇ ਭਾਜਪਾ ਵਰਕਰਾਂ ਵਿਚਾਲੇ ਝੜਪ ਹੋ ਗਈ। ਦੋਵਾਂ ਧਿਰਾਂ ਵਿਚਾਲੇ ਪਥਰਾਅ ਵੀ ਹੋਇਆ। ਹਿੰਸਕ ਭੀੜ ਨੂੰ ਖਿੰਡਾਉਣ ਲਈ ਪੁਲਿਸ ਨੂੰ ਲਾਠੀਚਾਰਜ ਵੀ ਕਰਨਾ ਪਿਆ।
ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਸ਼ਿਵ ਸੈਨਿਕਾਂ ਨੇ ਮਹਾਰਾਸ਼ਟਰ ਦੇ 17 ਸ਼ਹਿਰਾਂ ਵਿਚ ਨਾਰਾਇਣ ਰਾਣੇ ਖਿਲਾਫ ਪ੍ਰਦਰਸ਼ਨ ਕੀਤਾ। ਨਾਸਿਕ ਵਿਚ ਭਾਜਪਾ ਦਫਤਰ ’ਤੇ ਪੱਥਰਬਾਜ਼ੀ ਵੀ ਕੀਤੀ ਗਈ। ਧਿਆਨ ਰਹੇ ਕਿ ਰਾਣੇ ਖਿਲਾਫ 3 ਐਫ ਆਈ ਆਰ ਦਰਜ ਹੋਣ ਦੇ ਬਾਵਜੂਦ ਵੀ ਉਸਨੇ ਸ਼ਿਵ ਸੈਨਾ ਦੇ ਬਹੁਗਿਣਤੀ ਇਲਾਕੇ ਵਿਚ ਜਨ ਅਸ਼ੀਰਵਾਦ ਯਾਤਰਾ ਜਾਰੀ ਰੱਖੀ ਸੀ।