Breaking News
Home / ਭਾਰਤ / ਮੋਦੀ ਚੌਕੀਦਾਰ ਨਹੀਂ, ਹਿੱਸੇਦਾਰ : ਰਾਹੁਲ ਗਾਂਧੀ

ਮੋਦੀ ਚੌਕੀਦਾਰ ਨਹੀਂ, ਹਿੱਸੇਦਾਰ : ਰਾਹੁਲ ਗਾਂਧੀ

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ‘ਤੇ ਚੋਣ ਵਾਅਦਿਆਂ ਨੂੰ ਪੂਰਾ ਨਾ ਕਰਨ ਅਤੇ ਰਾਫੇਲ ਲੜਾਕੂ ਜਹਾਜ਼ ਸੌਦੇ ਵਿਚ ਘਪਲੇ ਦਾ ਦੋਸ਼ ਲਾਉਂਦੇ ਹੋਏ ਨਰਿੰਦਰ ਮੋਦੀ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਚੌਕੀਦਾਰ ਨਹੀਂ ਸਗੋਂ ਹਿੱਸੇਦਾਰ ਹਨ। ਕੇਂਦਰ ਸਰਕਾਰ ਵਿਰੁੱਧ ਬੇਭਰੋਸਗੀ ਮਤੇ ‘ਤੇ ਚਰਚਾ ਵਿਚ ਹਿੱਸਾ ਲੈਂਦੇ ਹੋਏ ਰਾਹੁਲ ਨੇ ਦੋਸ਼ ਲਾਇਆ ਕਿ ਲੜਾਕੂ ਜਹਾਜ਼ ਸੌਦੇ ਬਾਰੇ ਰੱਖਿਆ ਮੰਤਰੀ ਨਿਰਮਲ ਸੀਤਾਰਮਨ ਨੇ ਦੇਸ਼ ਨਾਲ ਝੂਠ ਬੋਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੈਂ ਫਰਾਂਸ ਦੇ ਰਾਸ਼ਟਰਪਤੀ ਨੂੰ ਖੁਦ ਮਿਲਿਆ ਸੀ। ਉਨ੍ਹਾਂ ਮੈਨੂੰ ਦੱਸਿਆ ਕਿ ਰਾਫੇਲ ਜਹਾਜ਼ ਸੌਦੇ ਨੂੰ ਲੈ ਕੇ ਭਾਰਤ ਅਤੇ ਫਰਾਂਸ ਦੀ ਸਰਕਾਰ ਵਿਚਾਲੇ ਸੀਕ੍ਰੇਸੀ ਦਾ ਕੋਈ ਸਮਝੌਤਾ ਨਹੀਂ ਹੋਇਆ ਹੈ।
ਕਾਂਗਰਸ ਪ੍ਰਧਾਨ ਨੇ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨੂੰ ਇਸਦਾ ਜਵਾਬ ਦੇਣਾ ਚਾਹੀਦਾ ਹੈ ਕਿ ਰਾਫੇਲ ਸੌਦੇ ਦੇ ਰੂਪ ਨੂੰ ਅਚਾਨਕ ਕਿਉਂ ਬਦਲਿਆ ਗਿਆ ਅਤੇ ਹਿੰਦੋਸਤਾਨ ਏਅਰੋਨਾਟਿਕਸ ਲਿਮਟਿਡ ਤੋਂ ਠੇਕਾ ਲੈ ਕੇ ਉਸ ਉਦਯੋਗਪਤੀ ਨੂੰ ਕਿਉਂ ਦਿੱਤਾ ਗਿਆ, ਜਿਸ ‘ਤੇ 35 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ। ਉਨ੍ਹਾਂ ਕਿਸਾਨਾਂ, ਰੁਜ਼ਗਾਰ, ਭੀੜ ਵਲੋਂ ਹੱਤਿਆ ਅਤੇ ਮਹਿਲਾ ਸੁਰੱਖਿਆ ਦੇ ਮੁੱਦੇ ਉਠਾਏ ਅਤੇ ਸਰਕਾਰ ‘ਤੇ ਵਾਅਦਿਆਂ ਨੂੰ ਪੂਰਾ ਨਾ ਕਰਨ ‘ਤੇ ਦੋਸ਼ ਲਾਏ। ਰਾਹੁਲ ਗਾਂਧੀ ਨੇ ਕਿਹਾ ਕਿ ਪੂਰਾ ਦੇਸ਼ ਪ੍ਰਧਾਨ ਮੰਤਰੀ ਵੀ ਜੁਮਲਾ ਸਟ੍ਰਾਈਕ ਤੋਂ ਜਾਣੂ ਹੈ। ਛੋਟੇ-ਛੋਟੇ ਦੁਕਾਨਦਾਰਾਂ ਦੇ ਘਰ ਇਨਕਮ ਟੈਕਸ ਵਿਭਾਗ ਨੂੰ ਪਹੁੰਚਾ ਦਿੱਤਾ। ਉਨ੍ਹਾਂ ਕਿਹਾ ਕਿ ਇਕ ਦਿਨ ਰਾਤ 8 ਵਜੇ ਨੋਟਬੰਦੀ ਕਰ ਦਿੱਤੀ ਗਈ। ਸ਼ਾਇਦ ਸਮਝ ਨਹੀਂ ਸੀ ਕਿ ਕਿਸਾਨ, ਮਜ਼ਦੂਰ ਅਤੇ ਗਰੀਬ ਕੈਸ਼ ਨਾਲ ਆਪਣਾ ਧੰਦਾ ਚਲਾਉਂਦੇ ਹਨ। ਸੂਰਤ ਦੇ ਲੋਕਾਂ ਨੇ ਮੈਨੂੰ ਕਿਹਾ ਕਿ ਪ੍ਰਧਾਨ ਮੰਤਰੀ ਨੇ ਜ਼ੋਰਦਾਰ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਜੀਐਸਟੀ ਕਾਂਗਰਸ ਲਿਆਈ ਸੀ ਅਤੇ ਤੁਸੀਂ ਵਿਰੋਧ ਕੀਤਾ ਸੀ। ਗੁਜਰਾਤ ਦੇ ਮੁੱਖ ਮੰਤਰੀ ਨੇ ਵਿਰੋਧ ਕੀਤਾ ਸੀ, ਪਰ ਪ੍ਰਧਾਨ ਮੰਤਰੀ ਨੇ ਛੋਟੇ ਤੋਂ ਛੋਟੇ ਦੁਕਾਨਦਾਰ ਦੇ ਘਰ ਇਨਕਮ ਟੈਕਸ ਨੂੰ ਪਹੁੰਚਾ ਦਿੱਤਾ।
ਪ੍ਰਧਾਨ ਮੰਤਰੀ ਦਾ ਕੁਝ ਕਾਰੋਬਾਰੀਆਂ ਨਾਲ ਕੀ ਰਿਸ਼ਤਾ ਹੈ, ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਮਾਰਕੀਟਿੰਗ ਲਈ ਜੋ ਪੈਸੇ ਲਾਇਆ ਜਾਂਦਾ ਹੈ, ਉਹ ਕਿਥੋਂ ਆਉਂਦਾ ਹੈ। ਪ੍ਰਧਾਨ ਮੰਤਰੀ ਦਾ ਕੁਝ ਕਾਰੋਬਾਰੀਆਂ ਨਾਲ ਕੀ ਰਿਸ਼ਤਾ ਹੈ। ਇਹ ਸਾਰਿਆਂ ਨੂੰ ਪਤਾ ਹੈ ਤੇ ਅਜਿਹੇ ਕਾਰੋਬਾਰੀਆਂ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਫਾਇਦਾ ਮਿਲਦਾ ਹੈ।
ਜੱਫੀ ਤੋਂ ਬਾਅਦ ਰਾਹੁਲ ਨੇ ਪ੍ਰੀਆ ਪ੍ਰਕਾਸ਼ ਸਟਾਈਲ ‘ਚ ਮਾਰੀ ਅੱਖ, ਸਪੀਕਰ ਨੇ ਫਿਟਕਾਇਆ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭਾਸ਼ਣ ਤੋਂ ਬਾਅਦ ਹੈਰਾਨੀਜਨਕ ਢੰਗ ਨਾਲ ਪ੍ਰਧਾਨ ਮੰਤਰੀ ਦੀ ਸੀਟ ‘ਤੇ ਜਾ ਕੇ ਉਨ੍ਹਾਂ ਨੂੰ ਜੱਫੀ ਪਾਈ। ਮੋਦੀ ਨੇ ਬੈਠੇ-ਬੈਠੇ ਹੀ ਉਨ੍ਹਾਂ ਨਾਲ ਹੱਥ ਮਿਲਾਉਣ ਲਈ ਆਪਣਾ ਹੱਥ ਅੱਗੇ ਵਧਾਇਆ ਪਰ ਰਾਹੁਲ ਨੇ ਹੱਥ ਮਿਲਾਉਣ ਦੀ ਬਜਾਏ ਗਲ ਮਿਲਣ ਦਾ ਇਸ਼ਾਰਾ ਕੀਤਾ। ਪ੍ਰਧਾਨ ਮੰਤਰੀ ਜਦ ਤੱਕ ਕੁਝ ਸਮਝ ਪਾਉਂਦੇ ਕਾਂਗਰਸ ਪ੍ਰਧਾਨ ਨੇ ਖੁਦ ਹੀ ਉਨ੍ਹਾਂ ਨੂੰ ਗਲੇ ਲਾ ਲਿਆ ਅਤੇ ਉਥੋਂ ਤੁਰ ਪਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਹੁਲ ਗਾਂਧੀ ਨੂੂੰ ਪਿੱਛੋਂ ਆਵਾਜ਼ ਮਾਰ ਕੇ ਆਪਣੇ ਕੋਲ ਸੱਦਿਆ ਅਤੇ ਉਨ੍ਹਾਂ ਨਾਲ ਹੱਥ ਮਿਲਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਜੇ ਹੱਥ ਨਾਲ ਰਾਹੁਲ ਦੀ ਪਿੱਠ ਥਾਪੜੀ। ਰਾਹੁਲ ਨੇ ਪ੍ਰਧਾਨ ਮੰਤਰੀ ਨੂੰ ਗਲੇ ਲਾਉਣ ਅਤੇ ਫਿਰ ਸੀਟ ‘ਤੇ ਆ ਕੇ ਬੈਠਣ ਮਗਰੋਂ ਆਪਣੇ ਇਕ ਸਹਿਯੋਗੀ ਵਲ ਪ੍ਰੀਆ ਪ੍ਰਕਾਸ਼ ਵਾਰੀਅਰ ਦੇ ਸਟਾਈਲ ਵਿਚ ਅੱਖ ਮਾਰ ਦਿੱਤੀ। ਇਸ ਘਟਨਾ ਨੂੰ ਲੋਕ ਸਭਾ ਦੀ ਸਪੀਕਰ ਸੁਮਿੱਤਰਾ ਮਹਾਜਨ ਨੇ ਹਾਊਸ ਦੇ ਵੱਕਾਰ ਦੇ ਉਲਟ ਦੱਸਿਆ ਅਤੇ ਉਨ੍ਹਾਂ ਨੇ ਮੈਂਬਰਾਂ ਨੂੰ ਫਟਕਾਰਦਿਆਂ ਕਿਹਾ ਕਿ ਮਰਿਯਾਦਾ ਦਾ ਧਿਆਨ ਰੱਖਦਾ ਚਾਹੀਦਾ ਹੈ। ਸਪੀਕਰ ਨੇ ਕਿਹਾ ਕਿ ਇਹ ਮੈਨੂੰ ਚੰਗਾ ਨਹੀਂ ਲੱਗਾ। ਅਜਿਹਾ ਨਹੀਂ ਹੁੰਦਾ ਤੇ ਹੋਣਾ ਵੀ ਨਹੀਂ ਚਾਹੀਦਾ। ਆਖਰ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਮੈਨੂੰ ਗਲੇ ਮਿਲਣ ‘ਤੇ ਕੋਈ ਇਤਰਾਜ਼ ਨਹੀਂ ਹੈ। ਆਖਰ ਮੈਂ ਵੀ ਮਾਂ ਹਾਂ ਪਰ ਇਸ ਤਰ੍ਹਾਂ ਗਲੇ ਮਿਲਣਾ ਅਤੇ ਫਿਰ ਅੱਖ ਮਾਰਨਾ ਇਹ ਸਹੀ ਨਹੀਂ ਹੈ। ਉਹ ਨਰਿੰਦਰ ਮੋਦੀ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਹਾਊਸ ਵਿਚ ਬੈਠੇ ਹਨ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …